ਲੱਦਾਖ਼ ਦਾ ਕਸ਼ਮੀਰ ਨਾਲੋਂ ਟੁਟਿਆ ਸੰਪਰਕ, ਕਾਰਗਿਲ ਅਤੇ ਜੰਮੂ ਕਸ਼ਮੀਰ ਵਿਚਾਲੇ ਚਲਾਈਆਂ 4 ਉਡਾਣਾਂ

J & K Punjabi

DMT : ਸ਼੍ਰੀਨਗਰ : (11 ਅਪ੍ਰੈਲ 2021): – ਕੇਂਦਰ ਸ਼ਾਸ਼ਤ ਸੂਬੇ ਲੱਦਾਖ਼ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਇਕੋ-ਇਕ ਰਾਸ਼ਟਰੀ ਰਾਜਮਾਰਗ ਦੇ ਪਿਛਲੀ 1 ਜਨਵਰੀ ਤੋਂ ਬਰਫ਼ਬਾਰੀ ਅਤੇ ਬਰਫ਼ ਖਿਸਕਣ ਦੀਆਂ ਘਟਨਾਵਾਂ ਕਾਰਨ ਬੰਦ ਰਹਿਣ ਕਾਰਨ ਪ੍ਰਸ਼ਾਸਨ ਨੇ ਕਾਰਗਿਲ, ਸ਼੍ਰੀਨਗਰ ਤੇ ਜੰਮੂ ਵਿਚਾਲੇ ਸਨਿਚਰਵਾਰ ਨੂੰ ਫਸੇ ਹੋਏ ਯਾਤਰੀਆਂ ਨੂੰ ਕੱਢਣ ਲਈ ਏ. ਐਨ. 32 ਦੀਆਂ ਚਾਰ ਉਡਾਣਾਂ ਚਲਾਉਣ ਦਾ ਫ਼ੈਸਲਾ ਕੀਤਾ।

ਅਧਿਕਾਰੀਆਂ ਨੇ ਦਸਿਆ ਕਿ ਰੁਕ-ਰੁਕ ਕੇ ਬਰਫ਼ਬਾਰੀ ਹੋਣ ਦੇ ਨਾਲ-ਨਾਲ ਬਰਫ਼ ਖਿਸਕਣ ਕਾਰਣ 434 ਕਿਲੋਮੀਟਰ ਲੰਮੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਨੂੰ ਫਿਰ ਤੋਂ ਖੋਲਣ ’ਚ ਦੇਰੀ ਹੋ ਰਹੀ ਹੈ, ਜੋ ਇਸ ਸਾਲ 1 ਜਨਵਰੀ ਤੋਂ ਬੰਦ ਪਿਆ ਹੈ। ਉਨ੍ਹਾਂ ਦਸਿਆ ਕਿ ਹਾਲਾਂਕਿ ਤਾਜ਼ਾ ਬਰਫ਼ਬਾਰੀ ਹੋਣ ਨਾਲ ਪਹਿਲਾਂ ਸੜਕ ਨੂੰ ਕੁੱਝ ਘੰਟਿਆਂ ਲਈ ਖੋਲਿਆ ਗਿਆ ਸੀ ਪਰ ਮਾਰਚ ਦੇ ਪਹਿਲੇ ਹਫ਼ਤੇ ’ਚ ਸੜਕ ਨੂੰ ਫਿਰ ਬੰਦ ਕਰ ਦਿਤਾ ਗਿਆ। ਹਾਲ ਹੀ ’ਚ ਜੋਜਿਲਾ ਦੱਰੇ ’ਚ ਬਰਫ਼ ਹਟਾਉਣ ਦੌਰਾਨ ਪਹਾੜਾਂ ਦੀ ਲਪੇਟ ’ਚ ਆਉਣ ਨਾਲ ਬੀਕੋਨ ਪ੍ਰਾਜੈਕਟ ਦੇ ਇਕ ਚਾਲਕ ਦੀ ਮੌਤ ਹੋ ਗਈ ਸੀ। 

ਵਸ਼ੇਸ਼ ਤੌਰ ’ਤੇ ਸੋਨਮਰਗ-ਜੋਜਿਲਾ-ਜੀਰੋ ਪੁਆਇੰਟ ਅਤੇ ਮੀਨਮਰਗ ਵਿਚਾਲੇ ਖ਼ਰਾਬ ਮੌਸਮ ਤੇ ਪਹਾੜ ਡਿਗਣ ਦੀ ਚੇਤਾਵਨੀ ਦੇ ਬਾਵਜੂਦ ਬੀਕੋਨ ਪ੍ਰਾਜੈਕਟ ਦੇ ਕਰਮਚਾਰੀ ਸੜਕ ਤੋਂ ਬਰਫ਼ ਹਟਾਉਣ ਦੇ ਕੰਮ ’ਚ ਲੱਗੇ ਹੋਏ ਹਨ। ਸ਼੍ਰੀਨਗਰ-ਲੇਹ ਰਾਜਮਾਰਗ ਦੇ ਆਲਵੈਦਰ ਰੋਡ ਬਣਾਉਣ ਲਈ ਜੋਜਿਲਾ ’ਚ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਨਿਚਰਵਾਰ ਤੋਂ ਹਾਲਾਂਕਿ ਏ. ਐਨ. 32 ਦੀਆਂ ਦੋ-ਦੋ ਉਡਾਣਾਂ ਕਾਰਗਿਲ-ਸ਼੍ਰੀਨਗਰ ਤੇ ਕਾਰਗਿਲ-ਜੰਮੂ ਵਿਚਾਲੇ ਚਲਾਈਆਂ ਗਈਆਂ। ਇਸ ਸਾਲ ਦੀਆਂ ਸਰਦੀਆਂ ’ਚ ਰਾਜਮਾਰਗ ਬੰਦ ਹੋਣ ਤੋਂ ਬਾਅਦ ਲੇਹ, ਕਾਰਗਿਲ ਤੋਂ ਜੰਮੂ, ਸ਼੍ਰੀਨਗਰ ਅਤੇ ਚੰਡੀਗੜ੍ਹ ਵਿਚਾਲੇ ਕਈ ਹਜ਼ਾਰ ਯਾਤਰੀਆਂ ਨੂੰ ਉਨ੍ਹਾਂ ਦੀ ਮੰਜਿਲ ਤਕ ਪਹੁੰਚਾਇਆ ਗਿਆ ਹੈ।

Leave a Reply

Your email address will not be published. Required fields are marked *