DMT : ਲੁਧਿਆਣਾ : (24 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਇੰਡੀਅਨ ਈਕੋਲੋਜੀਕਲ ਸੋਸਾਇਟੀ ਦੇ ਸਹਿਯੋਗ ਨਾਲ ‘ਮੱਛੀ ਅਤੇ ਜਲਜੀਵ ਪਾਲਣ – ਵਾਤਾਵਰਣਿਕ ਪਰਿਪੇਖ’ ਵਿਸ਼ੇ ’ਤੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਅੱਜ ਵਾਤਾਵਰਣ ਪਹਿਲੂਆਂ ਸੰਬੰਧੀ ਮਹੱਤਵਪੂਰਨ ਵਿਗਿਆਨਕ ਨੁਕਤਿਆਂ ਨੂੰ ਉਜਾਗਰ ਕਰਦੀ ਹੋਈ ਸੰਪੂਰਨ ਹੋ ਗਈ। ਇਸ ਕਾਨਫਰੰਸ ਵਿਚ ਮਾਹਿਰਾਂ, ਵਿਗਿਆਨੀਆਂ, ਨੌਜਵਾਨ ਪੇਸ਼ੇਵਰਾਂ, ਵਿਦਿਆਰਥੀਆਂ, ਕਿਸਾਨਾਂ ਅਤੇ ਉਦਯੋਗ ਨੁਮਾਇੰਦਿਆਂ ਨੇ ਹਿੱਸਾ ਲਿਆ। ਡਾ. ਮੀਰਾ ਡੀ ਆਂਸਲ, ਡੀਨ ਫ਼ਿਸ਼ਰੀਜ਼ ਕਾਲਜ ਅਤੇ ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੱਛੀ ਪਾਲਣ ਖੇਤਰ ਵਿਚ ਟਿਕਾਊ ਵਿਕਾਸ ਅਤੇ ਵਾਤਾਵਰਣ ਪਹਿਲੂਆਂ ਦੀ ਸੰਭਾਲ ਸੰਬੰਧੀ ਗੱਲ ਕੀਤੀ ਗਈ ਅਤੇ ਵਿਭਿੰਨ ਮਾਹਿਰਾਂ ਨੇ ਇਨ੍ਹਾਂ ਪੱਖਾਂ ’ਤੇ ਮਹੱਤਵਪੂਰਨ ਚਰਚਾ ਕੀਤੀ। ਉਨ੍ਹਾਂ ਨੇ ਉਤਪਾਦਾਂ ਦੀ ਕਵਾਲਿਟੀ, ਮੌਸਮ ਅਨੁਕੂਲ ਤਕਨਾਲੋਜੀਆਂ, ਵਿਭਿੰਨਤਾ, ਜਲ ਸਰੋਤਾਂ ਦੀ ਸੰਭਾਲ, ਸਿਹਤ ਪ੍ਰਬੰਧਨ, ਸਾਂਝੀ ਸਿਹਤ ਅਤੇ ਭੋਜਨ ਸੁਰੱਖਿਆ ਵਰਗੇ ਵਿਸ਼ਿਆਂ ’ਤੇ ਗੱਲ ਕਰਦਿਆਂ ਹੋਇਆਂ ਜਨਤਕ ਜਾਗਰੂਕਤਾ ਬਾਰੇ ਵੀ ਗੱਲ ਕੀਤੀ। ਭਾਈਵਾਲ ਧਿਰਾਂ ਵਿਚ ਸਮਰੱਥਾ ਉਸਾਰੀ ਅਤੇ ਮਜ਼ਬੂਤ ਅੰਤਰ-ਸੰਸਥਾ ਸਾਂਝ ਨੂੰ ਉਸਾਰਨ ’ਤੇ ਜ਼ੋਰ ਦਿੱਤਾ ਗਿਆ।
ਸਿੱਖਿਆ ਸ਼ਾਸਤਰੀਆਂ-ਕਿਸਾਨਾਂ ਅਤੇ ਉਦਯੋਗਿਕ ਨੁਮਾਇੰਦਿਆਂ ਦਾ ਵੀ ਇਕ ਸੈਸ਼ਨ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਦੀ ਪ੍ਰਧਾਨਗੀ ਵਿਚ ਕਰਵਾਇਆ ਗਿਆ।ਇਸ ਸੈਸ਼ਨ ਵਿਚ ਝੀਂਗਾ ਪਾਲਣ ਸੰਬੰਧੀ ਮੁੱਖ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਗੱਲ ਕੀਤੀ ਗਈ।ਗ਼ੈਰ-ਸਮੁੰਦਰੀ ਰਾਜਾਂ ਵਿਚ ਝੀਂਗਾ ਖੇਤਰ ਦੀ ਮੰਡੀਕਾਰੀ ਵਿਚ ਆ ਰਹੀਆਂ ਲੋੜਾਂ ਬਾਰੇ ਗਹਿਰੀ ਵਿਚਾਰ ਚਰਚਾ ਹੋਈ।
ਡਾ. ਮੀਰਾ, ਪ੍ਰਬੰਧਕੀ ਸਕੱਤਰ ਨੇ ਕਾਨਫਰੰਸ ਦੀਆਂ ਸਿਫਾਰਸ਼ਾਂ ਵੀ ਸਾਂਝੀਆਂ ਕੀਤੀਆਂ। ਸਮਾਪਨ ਸਮਾਰੋਹ ਵਿਚ ਉਤਮ ਮੌਖਿਕ ਪੇਸ਼ਕਾਰੀ, ਪੋਸਟਰ ਪੇਸ਼ਕਾਰੀ ਅਤੇ ਕਾਨਫਰੰਸ ਵਿਚ ਉੱਘਾ ਸਹਿਯੋਗ ਦੇਣ ਵਾਲੇ ਭਾਈਵਾਲਾਂ ਨੂੰ ਸਨਮਾਨਿਆ ਗਿਆ। ਇਸ ਸਨਮਾਨ ਸਮਾਰੋਹ ਵਿਚ ਡਾ. ਅਸ਼ੋਕ ਧਵਨ, ਸੋਸਾਇਟੀ ਦੇ ਪ੍ਰਧਾਨ, ਡਾ. ਆਸ਼ਾ ਧਵਨ, ਸੇਵਾ ਮੁਕਤ ਡੀਨ, ਫ਼ਿਸ਼ਰੀਜ਼ ਕਾਲਜ, ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਸ਼੍ਰੀ ਦਵਿੰਦਰ, ਡੀ ਡੀ ਐਮ, ਨਾਬਾਰਡ ਬੈਂਕ ਨੇ ਸਨਮਾਨ ਨਿਸ਼ਾਨੀਆਂ ਭੇਟ ਕੀਤੀਆਂ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਕਾਨਫਰੰਸ ਚੇਅਰਮੈਨ ਨੇ ਕਿਹਾ ਕਿ ਕਾਨਫਰੰਸ ਦੀਆਂ ਸਿਫਾਰਸ਼ਾਂ ਮੱਛੀ ਪਾਲਣ ਖੇਤਰ ਨੂੰ ਨਵੀਂ ਨੁਹਾਰ ਦੇਣ ਵਿਚ ਅਹਿਮ ਹਿੱਸਾ ਪਾਉਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਣ ਪਹਿਲੂਆਂ ਅਤੇ ਸਮਾਜਿਕ ਭਲਾਈ ਵਾਲੇ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਲਜੀਵ ਸਾਧਨਾਂ ਤੋਂ ਵੱਧ ਤੋਂ ਵੱਧ ਆਰਥਿਕ ਲਾਭ ਲੈਣਾ ਚਾਹੀਦਾ ਹੈ।