- ਵਿਧਾਇਕ ਨੇ ਏ.ਟੀ.ਆਈ. ਚੌਕ ਤੋਂ ਧੂਰੀ ਰੇਲਵੇ ਕਰਾਸਿੰਗ ਤੱਕ ਸੜਕ ਦੇ ਪੁਨਰ ਨਿਰਮਾਣ ਦੇ ਪ੍ਰਾਜੈਕਟ ਦਾ vI ਕੀਤਾ ਉਦਘਾਟਨ
DMT : ਲੁਧਿਆਣਾ : (05 ਅਪ੍ਰੈਲ 2023) : – ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਬੁੱਧਵਾਰ ਨੂੰ ਸਿੱਧਵਾਂ ਨਹਿਰ ਦੇ ਨਾਲ-ਨਾਲ ਲਈਅਰ ਵੈਲੀ ਅਤੇ ਵਾਟਰਫਰੰਟ ਪ੍ਰੋਜੈਕਟ (ਫੇਜ਼ 2) ਦੀ ਸਥਾਪਨਾ ਲਈ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ।
ਸਿੱਧਵਾਂ ਕੈਨਾਲ ਵਾਟਰਫਰੰਟ ਫੇਜ਼-2 ਨੂੰ ਨਹਿਰ ਦੇ ਨਾਲ-ਨਾਲ ਜਵੱਦੀ ਨਹਿਰ ਦੇ ਪੁਲ ਤੋਂ ਲੈ ਕੇ ਦੁੱਗਰੀ ਨਹਿਰ ਦੇ ਪੁਲ ਤੱਕ ਕਰੀਬ 5.07 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੁੱਗਰੀ ਨਹਿਰ ਦੇ ਪੁਲ ਤੋਂ ਲੈ ਕੇ ਨਹਿਰ ਦੇ ਨਾਲ-ਨਾਲ ਧੂਰੀ ਰੇਲਵੇ ਕਰਾਸਿੰਗ ਤੱਕ ਕਰੀਬ 3.14 ਕਰੋੜ ਰੁਪਏ ਦੀ ਲਾਗਤ ਨਾਲ ਲਈਅਰ ਵੈਲੀ ਸਥਾਪਤ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਦੋਵੇਂ ਪ੍ਰਾਜੈਕਟ ਵਿਸਾਖੀ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਲਈਅਰ ਵੈਲੀ ਵਿੱਚ ਓਪਨ ਜਿੰਮ, ਝੂਲੇ ਆਦਿ ਵੀ ਲਗਾਏ ਗਏ ਹਨ। ਆਤਮ ਨਗਰ ਹਲਕੇ ਵਿੱਚ ਕਈ ਵਿਕਾਸ ਪ੍ਰੋਜੈਕਟ ਲਏ ਜਾ ਰਹੇ ਹਨ ਅਤੇ ਹਰਿਆਵਲ ਫੈਲਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵਿਧਾਇਕ ਸਿੱਧੂ ਅਤੇ ਨਗਰ ਨਿਗਮ ਕਮਿਸ਼ਨਰ ਡਾ. ਅਗਰਵਾਲ ਨੇ 99 ਲੱਖ ਰੁਪਏ ਦੀ ਲਾਗਤ ਨਾਲ ਏ.ਟੀ.ਆਈ. ਚੌਕ ਤੋਂ ਧੂਰੀ ਰੇਲਵੇ ਕਰਾਸਿੰਗ ਤੱਕ ਸੜਕ ਦੇ ਪੁਨਰ ਨਿਰਮਾਣ ਦੇ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਇਹ ਸੜਕ ਕਾਫੀ ਸਮੇਂ ਤੋਂ ਖ਼ਰਾਬ ਹੈ ਅਤੇ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਅੱਗੇ ਇਹ ਮਸਲਾ ਉਠਾਇਆ ਸੀ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ।