- ਮਹਾਰਾਜਾ ਦਲੀਪ ਸਿੰਘ ਦੀ ਬਾਦ਼ਾਹ ਵਜੋਂ ਆਖ਼ਰੀ ਰਾਤ ਬੱਸੀਆਂ ਕੋਠੀ ਨੂੰ ਚੇਤੇ ਹੈ ਅਜੇ
- ਪ੍ਰੋਃ ਗੁਰਭਜਨ ਸਿੰਘ ਗਿੱਲ – ਚੇਅਰਮੈਨ – ਮਹਾਰਾਜਾ ਦਲੀਪ ਸਿੰਘ ਮੈਮੋਰੀਅਲ (ਚ)ਟਰਸਟ ਰਾਏਕੋਟ ਬੱਸੀਆਂ (ਲੁਧਿਆਣਾ)
DMT : ਲੁਧਿਆਣਾ : (17 ਅਪ੍ਰੈਲ 2023) : – ਵਿਸ਼ਵ ਵਿਰਾਸਤ ਦਿਵਸ ਮੌਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਰਾਏਕੋਟ ਬਸੀਆਂ(ਲੁਧਿਆਣਾ) ਵੱਲੋਂ ਬੱਸੀਆਂ ਕੋਠੀ (ਨੇੜੇ ਰਾਏਕੋਟ) ਜ਼ਿਲ੍ਹਾ ਲੁਧਿਆਣਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ, ਸਭਿਆਚਾਰਕ ਮਾਮਲੇ ਵਿਭਾਗ ਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਵਿਸ਼ਾਲ ਲੋਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਕੋਠੀ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਵੀ ਮਿਲਦਾ ਹੈ ਕਿਉਂਕਿ ਇਹ ਉਹ ਥਾਂ ਹੈ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਨਿੱਕੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਆਖ਼ਰੀ ਰਾਤ (31 ਦਸੰਬਰ, 1849 ਨੂੰ) ਪੰਜਾਬ ਵਿਚ ਇਕ ਬਾਦਸ਼ਾਹ ਵਜੋਂ ਬਿਤਾਈ।
ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ 12 ਸਾਲ ਤੋਂ ਘੱਟ ਸੀ।
ਬਸੀਆਂ ਕੋਠੀ ਮੂਲ ਰੂਪ ਵਿੱਚ ਫਿਰੋਜ਼ਪੁਰ ਸਥਿਤ ਬ੍ਰਿਟਿਸ਼ ਮਿਲਟਰੀ ਡਿਵੀਜ਼ਨ ਦਾ ਇੱਕ ਅਗਾਊਂ ਅਸਲਾ ਸਪਲਾਈ ਡਿਪੂ ਸੀ। ਮਾਰਚ 1849 ਵਿੱਚ, ਜਦੋਂ ਅੰਗਰੇਜ਼ਾਂ ਨੇ ਪੰਜਾਬ ਰਾਜ ਉੱਤੇ ਕਬਜ਼ਾ ਕਰ ਲਿਆ, ਤਾਂ ਉਨ੍ਹਾਂ ਨੇ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਵੀ ਕਾਬੂ ਕਰ ਲਿਆ ਅਤੇ ਉੱਤਰ ਪ੍ਰਦੇਸ਼ ਵਿੱਚ ਜਲਾਵਤਨ ਕਰ ਦਿੱਤਾ ਗਿਆ। ਹਾਲਾਂਕਿ, ਕਿਉਂਕਿ ਰਾਜ ਦੇ ਲੋਕਾਂ ਦੁਆਰਾ ਆਪਣੇ ਸ਼ਾਸਕ ਦੇ ਸੰਭਾਵੀ ਦੁਰਵਿਵਹਾਰ ਕਾਰਨ ਵਿਦਰੋਹ ਦੀਆਂ ਸੰਭਾਵਨਾਵਾਂ ਸਨ।
ਅੰਗਰੇਜ਼ਾਂ ਨੇ ਬਗਾਵਤ ਤੋਂ ਬਚਣ ਲਈ ਉਸਨੂੰ ਹੌਲੀ ਹੌਲੀ ਰਾਜ ਤੋਂ ਬਾਹਰ ਕੱਢਣਾ ਬਿਹਤਰ ਸਮਝਿਆ। ਉਸ ਨੂੰ ਕੁਝ ਸਮੇਂ ਲਈ ਰਾਜ ਵਿਚ ਰੱਖਣ ਲਈ, ਅਗਾਊਂ ਸਪਲਾਈ ਡਿਪੂ ਨੂੰ ਰੈਸਟ ਹਾਊਸ ਵਿਚ ਬਦਲ ਦਿੱਤਾ ਗਿਆ ਅਤੇ ਮਹਾਰਾਜਾ, ਆਪਣੇ ਸਿਪਾਹੀਆਂ ਅਤੇ ਦਲਾਂ ਸਮੇਤ ਇੱਥੇ ਲਿਆਂਦਾ ਗਿਆ।
ਮਹਾਰਾਜਾ ਦਲੀਪ ਸਿੰਘ ਨੂੰ 21 ਦਸੰਬਰ 1849 ਨੂੰ ਲਾਹੌਰ (ਹੁਣ ਪਾਕਿਸਤਾਨ) ਤੋਂ ਕਾਬੂ ਕੀਤੇ ਜਾਣ ਤੋਂ ਬਾਅਦ, ਜੋ ਉਸ ਸਮੇਂ ਅਣਵੰਡੇ ਪੰਜਾਬ ਦੀ ਰਾਜਧਾਨੀ ਸੀ, ਨੂੰ ਕਾਹਨਾ-ਕਾਛਾ,ਲਲਿਆਣੀ, ਫਿਰੋਜ਼ਪੁਰ, ਮੁੱਦਕੀ, ਬਾਘਾ ਪੁਰਾਣਾ, ਬੱਧਨੀ , ਲੋਪੋਂ ,ਮੱਲ੍ਹਾ, ਮਾਣੂੰਕੇ ਸੰਧੂਆ ਅਤੇ ਜੱਟਪੁਰਾ ਰਾਹੀਂ ਬੱਸੀਆਂ ਕੋਠੀ ਲਿਆਂਦਾ ਗਿਆ।
ਉਸ ਸਮੇਂ ਅੰਗਰੇਜ਼ਾਂ ਦਾ ਗਵਰਨਰ ਜਨਰਲ ਹੈਨਰੀ ਲਾਰੈਂਸ ਵੀ 31ਦਸੰਬਰ 1949 ਨੂੰ ਬੱਸੀਆਂ ਕੋਠੀ ਵਿਖੇ ਹਾਜ਼ਰ ਸੀ ਜਿੱਥੇ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੇ ਸਾਹਮਣੇ ਪੇਸ਼ ਕਰਨਾ ਸੀ ਕਿਉਂਕਿ ਹੈਨਰੀ ਲਾਰੈਂਸ ਸਿੱਖ ਬਾਦਸ਼ਾਹ ਨੂੰ ਵੇਖਣਾ ਚਾਹੁੰਦਾ ਸੀ। ਪਰ ਹੈਨਰੀ ਲਾਰੈਂਸ ਨੂੰ ਜਦ ਇਹ ਪਤਾ ਲੱਗਾ ਕਿ ਸਿੱਖ ਛਾਉਣੀ ਨੌਰੰਗਾਬਾਦ ਤੋਂ ਭਾਈ ਮਹਾਰਾਜ ਸਿੰਘ ਦੀ ਅਗਵਾਈ ਵਿਚ ਆਖ਼ਰੀ ਮਹਾਰਾਜੇ ਨੂੰ ਛੁਡਵਾਉਣ ਲਈ ਉਸ ‘ਤੇ ਹਮਲੇ ਦੀ ਯੋਜਨਾ ਬਣਾਈ ਹੈ, ਉਹ ਰਾਤੋ ਰਾਤ ਬੱਸੀਆਂ ਕੋਠੀ ਛੱਡ ਗਿਆ। ਉਸ ਰਾਤ, ਅੰਗਰੇਜ਼ਾਂ ਨੇ ਉਥੇ ਨਵੇਂ ਸਾਲ ਦੀ ਸ਼ਾਮ ਦਾ ਜਸ਼ਨ ਮਨਾਇਆ ਸੀ, ਪਰ ਮਹਾਰਾਜਾ ਦਲੀਪ ਸਿੰਘ ਲਈ, ਇਹ ਹਨੇਰੇ ਨਾਲ ਭਰੀ ਰਾਤ ਸੀ ਕਿਉਂਕਿ ਉਸ ਨੂੰ ਉਸ ਦੇ ਆਪਣੇ ਰਾਜ ਵਿਚ ਹੀ ਗ੍ਰਿਫਤਾਰ ਕੀਤਾ ਗਿਆ ਸੀ।
ਅਗਲੀ ਸਵੇਰ 1 ਜਨਵਰੀ 1850 ਨੂੰ ਅੰਗਰੇਜ਼ ਹਕੂਮਤ ਮਹਾਰਾਜਾ ਦਲੀਪ ਸਿੰਘ ਨੂੰ ਲੋਹਟਬੱਦੀ, ਮਲੇਰਕੋਟਲਾ, ਅਮਰਗੜ੍ਹ, ਪਟਿਆਲਾ, ਅੰਬਾਲਾ, ਮੁਲਾਣਾ, ਮੁਸਤਫਾਬਾਦ, ਚਿਲਕਾਣਾ ਅਤੇ ਮੇਰਠ ਤੋਂ ਹੁੰਦੇ ਹੋਏ ਫਤਿਹਗੜ੍ਹ (ਉੱਤਰ ਪ੍ਰਦੇਸ਼) ਲੈ ਗਏ।
ਉਹ 20 ਜਨਵਰੀ ਨੂੰ ਫਤਿਹਗੜ੍ਹ ਪਹੁੰਚੇ, ਜਿੱਥੇ ਸਿੱਖ ਬਾਦਸ਼ਾਹ ਨੂੰ ਬੰਦੀ ਬਣਾ ਕੇ ਰੱਖਿਆ ਗਿਆ।
ਮਹਾਰਾਜਾ ਦਲੀਪ ਸਿੰਘ ਨੂੰ ਪਹਿਲਾਂ ਮਹਾਰਾਜਾ ਦਲੀਪ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਪਰ ਬਾਅਦ ਵਿੱਚ ਇੰਗਲੈਂਡ ਪੁੱਜਣ ਤੇ ਉਸ ਨੂੰ ਪਰਥਸ਼ਾਇਰ ਦੇ ਬਲੈਕ ਪ੍ਰਿੰਸ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ, ਮਹਾਰਾਣੀ ਜਿੰਦ ਕੌਰ ਦਾ ਇਕਲੌਤਾ ਪੁੱਤਰ ਸੀ।
ਪੰਜਾਬ ਸਰਕਾਰ ਨੇ ਇਨਟੈਕ ਰਾਹੀਂ ਪੁਨਰ ਸੁਰਜੀਤ ਕਰਕੇ 2014 ਵਿੱਚ ਪੰਜਾਬੀਆਂ ਹਵਾਲੇ ਕੀਤਾ। ਇਸ ਸ਼ਾਨਾਂ ਮੱਤੇ ਸਮਾਰਕ ਨੂੰ ਸਃ ਜਗਦੇਵ ਸਿੰਘ ਜੱਸੋਵਾਲ ਦੀ ਪ੍ਰੇਰਨਾ ਨਾਲ ਸਃ ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ ਤੇ ਪ੍ਰਧਾਨ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਰਾਏਕੋਟ-ਬੱਸੀਆਂ , ਪਰਮਿੰਦਰ ਸਿੰਘ ਜੱਟਪੁਰੀ, ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰਪਾਲਿਕਾ ਰਾਏਕੋਟ, ਸਃ ਮਹਿੰਦਰ ਸਿੰਘ ਬੱਸੀਆਂ ਸੰਚਾਲਕ ਗੁਰੂ ਨਾਨਕ ਪਬਲਿਕ ਸਕੂਲ,ਗੁਰਮੁਖ ਸਿੰਘ ਸੰਧੂ ਸਰਪੰਚ ਪਿੰਡ ਮਾਣੂੰਕੇ ਤੇ ਸੰਚਾਲਕ ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂੰਕੇ,ਸਃ ਸੰਤੋਖ ਸਿੰਘ ਗਰੇਵਾਲ, ਪਿਰਥੀਪਾਲ ਸਿੰਘ ਐੱਸ ਪੀ, ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਦੇਖ ਰੇਖ ਹੇਠ ਇਨਟੈਕ ਸੰਸਥਾ ਰਾਹੀਂ ਨਵਿਆਇਆ ਗਿਆ। ਹੁਣ ਇਸ ਦੀ ਸਾਂਭ ਸੰਭਾਲ ਜ਼ਿਲ੍ਹਾ ਪ੍ਰਸਾਸਨ ਵੱਲੋਂ ਐੱਸ ਡੀ ਐੱਮ ਰਾਏਕੋਟ ਦੀ ਦੇਖ ਰੇਖ ਹੇਠ ਸਥਾਪਿਤ ਕਮੇਟੀ ਕਰਦੀ ਹੈ।
ਇਸ ਸਥਾਨ 18ਅਪ੍ਰੈਲ ਨੂੰ ਵਿਰਾਸਤੀ ਲੋਕ ਮੇਲੇ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਐੱਮ ਪੀ ਸ਼੍ਰੀ ਸੰਜੀਵ ਅਰੋੜਾ ਪੁੱਜ ਰਹੇ ਹਨ ਜਿਸ ਲਈ ਤਿਆਰੀਆਂ ਸਥਾਨਕ ਵਿਧਾਇਕ ਹਾਕਮ ਸਿੰਘ ਠੇਕੇਦਾਰ, ਐੱਸ ਡੀ ਐੱਮ ਗੁਰਬੀਰ ਸਿੰਘ ਕੋਹਲੀ ਤੇ ਟਰਸਟ ਵੱਲੋਂ ਸਃ ਪਰਮਿੰਦਰ ਸਿੰਘ ਜੱਟਪੁਰੀ ਦੀ ਅਗਵਾਈ ਹੇਠ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਅੰਤਰਰਾਸ਼ਟਰੀ ਵਿਰਾਸਤ ਦਿਵਸ ਦੇ ਮੌਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿਃ)ਦੇ ਉਪਰਾਲੇ ਨਾਲ ਵਿਸ਼ਾਲ ਪੰਜਾਬੀ ਲੋਕ ਕਲਾ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਸਵੇਰੇ 11 ਵਜੇ ਕਰਨਗੇ। ਰਾਏਕੋਟ ਹਲਕੇ ਦੇ ਵਿਧਾਇਕ ਸਃ ਹਾਕਮ ਸਿੰਘ ਠੇਕੇਦਾਰ ਐੱਸ ਡੀ ਐੱਮ ਸਃ ਗੁਰਬੀਰ ਸਿੰਘ ਕੋਹਲੀ ਤੇ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਨੇ ਸਮਾਗਮ ਦੀ ਰੂਪ ਰੇਖਾ ਜਾਰੀ ਕਰਦਿਆਂ ਦੱਸਿਆ ਕਿ ਸਃ ਨਵਜੋਤ ਸਿੰਘ ਮੰਡੇਰ( ਜਰਗ)ਚੇਅਰਮੈਨ ਜੈਨਕੋ ਦੀ ਅਗਵਾਈ ਹੇਠ ਲੋਕ ਸੰਗੀਤ ਪੇਸ਼ਕਾਰੀਆਂ ਹੋਣਗੀਆਂ। ਅਹਿਮਦਗੜ੍ਹ ਮੰਡੀ ਦੇ ਵਾਸੀ ਤੇ ਉੱਘੇ ਕਵੀ ਤੇ ਲੋਕ ਫਨਕਾਰ ਅੰਮ੍ਰਿਤਪਾਲ ਸਿੰਘ ਪਾਲੀ ਖ਼ਾਦਿਮ ਦੀ ਅਗਵਾਈ ਹੇਠ ਲੋਕ ਸਾਜ਼ ਵਾਦਨ ਅਤੇ ਮਲਵਈ ਗਿੱਧਾ ਪੇਸ਼ ਕੀਤਾ ਜਾਵੇਗਾ।
ਸਃ ਹਰਜੀਤ ਸਿੰਘ ਗਰੇਵਾਲ ਚੇਅਰਮੈਨ,ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਮਾਰਸ਼ਲ ਆਰਟ ਗਤਕਾ ਦੇ ਜੌਹਰ ਦਿਖਾਏ ਜਾਣਗੇ ।
ਟਰਸਟ ਦੇ ਅਹੁਦੇਦਾਰ ਸਃ ਪਿਰਥੀਪਾਲ ਸਿੰਘ ਬਟਾਲਾ ,ਪ੍ਰਧਾਨ ਸੁਰਜੀਤ ਮੇਮੋਰੀਅਲ ਫਾਊਂਡੇਸ਼ਨ ਬਟਾਲਾ ਵੱਲੋਂ ਪ੍ਰੋ. ਬਲਵੀਰ ਸਿੰਘ ਕੋਲ੍ਹਾ ਦੀ ਅਗਵਾਈ ਵਿਚ ਲੋਕ ਨਾਚ ਭੰਗੜਾ ਰਵਾਇਤੀ ਸਿਆਲਕੋਟੀ ਪੇਸ਼ਕਾਰੀ ਹੋਵੇਗੀ।
ਟੋਰੰਟੋ ਵੱਸਦੇ ਦਾਨਵੀਰ ਤੇ ਵਿਸ਼ਵ ਪੰਜਾਬੀ ਸਭਾ ਟਰਾਂਟੋ ਦੇ ਚੇਅਰਮੈਨ ਸਃ ਦਲਬੀਰ ਸਿੰਘ ਕਥੂਰੀਆ ਵੱਲੋਂ ਭੇਂਟ ਮਦਦ ਨਾਲ ਦਸਤਾਰਾਂ ਭੇਂਟ ਕੀਤੀਆਂ ਜਾਣਗੀਆਂ। ਇਸ ਮੌਕੇ ਵਿਰਸਾ ਸੰਭਾਲ ਸਿਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਸਦਕਾ ਦਸਤਾਰ ਮੁਕਾਬਲੇ ਚ ਜੇਤੂ ਸੀਨੀਅਰ ਤੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਨੂੰ ਸਾਹਿਲ ਅਮਰੀਕਾ ਵੱਲੋਂ ਸਪਾਂਸਰ ਨਗਦ ਇਨਾਮ ਦਿੱਤੇ ਜਾਣਗੇ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਦੱਸਿਆ ਕਿ ਸ਼ਾਮ 5 ਤੋਂ 7 ਵਜੇ ਤਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਸਿਰਕੱਢ ਉਦਯੋਗਪਤੀਆਂ ਨਾਲ ਕਲਾ ਦੀ ਸਰਪ੍ਰਸਤੀ ਸਬੰਧੀ ਮਿਲਣੀ ਹੋਵੇਗੀ ।ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਹੋਣਗੇ। ਸਮਾਗਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਸ਼੍ਰੀ ਸੰਜੀਵ ਅਰੋੜਾ ਕਰਨਗੇ।
ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਪ੍ਰਸਿੱਧ ਸੂਫ਼ੀ ਗਾਇਕ ਮੁਹੰਮਦ ਇਰਸ਼ਾਦ ਇਸ ਮੌਕੇ ਸੁਰਮਈ ਸ਼ਾਮ ਪੇਸ਼ ਕਰਨਗੇ।
ਉੱਘੇ ਫੋਟੋ ਆਰਟਿਸਟ ਸਃ ਹਰਪ੍ਰੀਤ ਸਿੰਘ ਸੰਧੂ ਵੱਲੋਂ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬਾਰੇ ਬਣਾਈ ਦਸਤਾਵੇਜ਼ੀ ਫ਼ਿਲਮ ਨੂੰ ਅੰਤਰ ਰਾਸ਼ਟਰੀ ਸਰਕਟ ਵਿੱਚ ਲੋਕ ਅਰਪਨ ਕੀਤਾ ਜਾਵੇਗਾ। ਇਸ ਸਥਾਨ ਤੇ ਸੈਲਾਨੀਆਂ ਦੇ ਫੋਟੋ ਖਿਚਵਾਉਣ ਲਈ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਵੀ ਕੀਤਾ ਜਾਵੇਗਾ।