DMT : ਲੁਧਿਆਣਾ : (23 ਮਾਰਚ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਪਸ਼ੂ ਪਾਲਣ ਮੇਲਾ ਹਰ ਉਮਰ ਦੇ ਮਰਦਾਂ, ਔਰਤਾਂ ਤੇ ਬੱਚਿਆਂ ਲਈ ਇਕ ਵਧੀਆ ਪ੍ਰਦਰਸ਼ਨੀ ਹੋਵੇਗੀ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਮੇਲੇ ਸਬੰਧੀ ਜਾਣਕਾਰੀ ਦੇਂਦਿਆਂ ਕਿਹਾ ਕਿ ਸਿਰਫ ਕਿਸਾਨ ਹੀ ਨਹੀਂ ਬਲਕਿ ਹਰ ਨਾਗਰਿਕ ਲਈ ਮੇਲੇ ਵਿੱਚ ਕੁਝ ਨਾ ਕੁਝ ਖਿੱਚ ਦਾ ਵਿਸ਼ਾ ਜ਼ਰੂਰ ਹੋਵੇਗਾ।24 ਮਾਰਚ ਨੂੰ ਸ਼ੁਰੂ ਹੋ ਕੇ 25 ਮਾਰਚ ਤੱਕ ਚੱਲਣ ਵਾਲੇ ਪਸ਼ੂ ਪਾਲਣ ਮੇਲੇ ਸਬੰਧੀ ਉਨਾਂ ਦੱਸਿਆ ਕਿ ਮੇਲੇ ਵਿੱਚ ਹਰ ਵਰਗ ਉਮਰ ਤੇ ਸੁਭਾਅ ਵਾਸਤੇ ਵੱਖ-ਵੱਖ ਵਸਤੂਆਂ ਅਤੇ ਨੁਮਾਇਸ਼ਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਸ ਵਾਰ ਦਾ ਮੇਲਾ ਅਸੀਂ ਚੌਗਿਰਦੇ ਨੂੰ ਸਮਰਪਿਤ ਕਰ ਰਹੇ ਹਾਂ ਤਾਂ ਜੋ ਪਸ਼ੂ ਪਾਲਣ ਕਰਦਿਆਂ ਹੋਇਆਂ ਸਾਰੇ ਕਾਰਜ ਚੌਗਿਰਦੇ ਅਨੁਕੂਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਪਸ਼ੂ ਪਾਲਣ ਕਿੱਤਿਆਂ ਨੂੰ ਸੁੱਚਜੇ ਢੰਗ ਨਾਲ ਪ੍ਰਫੁਲਿਤ ਕਰਕੇ ਤੰਦਰੁਸਤ ਪਰਿਵਾਰ ਤੇ ਖੁਸ਼ਹਾਲ ਕਿਸਾਨ ਬਨਾਉਣ ਦੇ ਸੰਕਲਪ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ।
ਡਾ. ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਰੂਚੀ ਵਾਸਤੇ ਜਿਥੇ ਗਾਂਵਾਂ, ਮੱਝਾਂ, ਭੇਡਾਂ, ਬੱਕਰੀਆਂ, ਖਰਗੋਸ਼, ਅਤੇ ਮੱਛੀਆਂ ਆਦਿ ਵਰਗੇ ਜੀਵ ਹੋਣਗੇ, ਉਥੇ ਸ਼ਹਿਰੀ ਬੱਚੇ ਇਕ ਖੁੱਲਾ ਖੁਲਾਸਾ ਪੇਂਡੂ ਦਿੱਖ ਵਾਲਾ ਮਾਹੌਲ ਵੇਖ ਕੇ ਹੋਰ ਖੁਸ਼ ਹੋਣਗੇ।ਉਨਾਂ ਕਿਹਾ ਕਿ ਜਿਨਾਂ ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸਾਂ ਰਾਹੀਂ ਜੀਵ ਵਿਗਿਆਨ ਜਾਂ ਪੇਂਡੂ ਸਭਿਆਚਾਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ, ਉਨਾਂ ਵਿਦਿਆਰਥੀਆਂ ਨੂੰ ਮੇਲੇ ਵਿੱਚ ਕਈ ਨਵੀਆਂ ਜਾਣਕਾਰੀਆਂ ਤੇ ਵੇਖਣਯੋਗ ਚੀਜ਼ਾਂ ਮਿਲਣਗੀਆਂ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਘਰਾਂ ਵਿੱਚ ਪਾਲਤੂ ਜਾਨਵਰ ਜਿਵੇਂ ਕੁੱਤਾ, ਬਿੱਲੀ ਆਦਿ ਰੱਖਣ ਵਾਲੇ ਮਾਲਕ ਵੀ ਇਸ ਮੇੇਲੇ ਵਿੱਚ ਵਿਸ਼ੇਸ਼ ਆਨੰਦ ਲੈਣਗੇ, ਕਿਉਂਕਿ ਇਨਾਂ ਜਾਨਵਰਾਂ ਨੂੰ ਬਿਹਤਰ ਢੰਗ ਨਾਲ ਪਾਲਣ, ਖੁਰਾਕ ਦੇਣ ਤੇ ਟੀਕਾਕਰਨ ਲਈ ਮਾਹਿਰ ਮੌਕੇ ’ਤੇ ਹੀ ਉਨਾਂ ਨੂੰ ਜਾਣਕਾਰੀ ਦੇਣਗੇ।ਉਨ੍ਹਾਂ ਕਿਹਾ ਕਿ ਕਿਸਾਨ ਵੀਰ ਆਪਣੇ ਪਸ਼ੂਆਂ ਦਾ ਖੂਨ, ਗੋਹਾ, ਪਿਸ਼ਾਬ ਅਤੇ ਦੁੱਧ ਜਾਂਚ ਵਾਸਤੇ ਲਿਆ ਸਕਦੇ ਹਨ।ਮੇਲੇ ਵਿਚ ਜਾਂਚ ਦੀ ਕੋਈ ਫੀਸ ਨਹੀਂ ਲਈ ਜਾਏਗੀ।ਯੂਨੀਵਰਸਿਟੀ ਨੇ ਸਜਾਵਟੀ ਮੱਛੀਆਂ ਨੂੰ ਰੱਖਣ ਤੇ ਪਾਲਣ ਵਾਸਤੇ ਵਿਸ਼ੇਸ਼ ਕੰਮ ਕੀਤਾ ਹੈ ਉਸ ਸਬੰਧੀ ਮੱਛੀਆਂ ਦੇ ਸ਼ੌਕੀਨ ਹੋਰ ਸੂਚਨਾਵਾਂ ਪ੍ਰਾਪਤ ਕਰ ਸਕਣਗੇ।ਮੱਛੀ ਪਾਲਣ ਦਾ ਕਿੱਤਾ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਦਾ ਗਿਆਨ ਫ਼ਿਸ਼ਰੀਜ਼ ਕਾਲਜ ਦੇ ਮਾਹਿਰਾਂ ਵੱਲੋਂ ਦਿੱਤਾ ਜਾਏਗਾ।
ਡਾ. ਬਰਾੜ ਨੇ ਜਾਣਕਾਰੀ ਦਿੱਤੀ ਕਿ ਘਰੇਲੂ ਸੁਆਣੀਆਂ ਜੋ ਕਿ ਪਸ਼ੂਧਨ ਕਿੱਤਿਆਂ ਵਿੱਚ ਮਦਦ ਕਰਦੀਆਂ ਹਨ ਜਾਂ ਪੂਰਨ ਤੌਰ ’ਤੇ ਕੰਮ ਕਰ ਰਹੀਆਂ ਹਨ ਉਹ ਮੇਲੇ ਵਿੱਚ ਆ ਕੇ ਪਸ਼ੂ ਉਤਪਾਦਾਂ ਦੇ ਨਵੇਂ ਤੇ ਬਿਹਤਰ ਉਪਯੋਗ ਜਾਨਣ ਲਈ ਵਿਚਾਰ ਵਟਾਂਦਰਾ ਕਰ ਸਕਦੀਆਂ ਹਨ।ਯੂਨੀਵਰਸਿਟੀ ਦੇ ਡੇਅਰੀ ਸਾਇੰਸ ਤਕਨਾਲੋਜੀ ਕਾਲਜ ਅਤੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਅਤੇ ਫ਼ਿਸ਼ਰੀਜ ਕਾਲਜ ਦੀਆਂ ਬਣਾਈਆਂ ਵਸਤਾਂ ਨੂੰ ਬਨਾਉਣ ਦੇ ਤਰੀਕੇ ਤੇ ਉਨਾਂ੍ਹ ਦਾ ਸੁਆਦ ਪਰਖਣ ਦਾ ਇਹ ਇਕ ਲਾਹੇਵੰਦ ਮੌਕਾ ਹੈ।ਸੁਆਦ ਦੇ ਸ਼ੌਕੀਨ ਸ਼ਾਕਾਹਾਰੀ ਤੇ ਮਾਸਾਹਾਰੀ ਦੋਵਾਂ ਕਿਸਮ ਦੇ ਲੋਕਾਂ ਵਾਸਤੇ ਕਈ ਤਰਾਂ ਦੇ ਭੋਜਨ ਪਦਾਰਥ ਜਿਵੇਂ ਮਿੱਠਾ ਦੁੱਧ, ਲੱਸੀ, ਮਿੱਠਾ ਦਹੀ, ਮੀਟ ਪੈਟੀਆਂ, ਮੀਟ ਕੋਫਤੇ, ਮੀਟ ਦੇ ਆਚਾਰ ਅਤੇ ਘੱਟ ਚਿਕਨਾਈ ਵਾਲਾ ਪਨੀਰ ਵਿਸ਼ੇਸ਼ ਖਿੱਚ ਵਾਲੀਆਂ ਹੋਣਗੀਆਂ।ਮੀਟ ਕਟਲੇਟ ਅਤੇ ਕਈ ਤਰ੍ਹਾਂ ਦੇ ਹੋਰ ਉਤਪਾਦ ਵੀ ਖਿੱਚ ਦਾ ਕੇਂਦਰ ਹੋਣਗੇ।
ਡਾ. ਬਰਾੜ ਨੇ ਅੱਗੇ ਦੱਸਿਆ ਕਿ ਮਿਲਾਵਟੀ ਦੁੱਧ ਦੀ ਪਹਿਚਾਣ ਤੇ ਜਾਂਚ ਵਾਸਤੇ ਵੀ ਮੇਲੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਵਰਤੋਂ ਵਾਲਾ ਦੁੱਧ ਸਾਰਿਆਂ ਦੀ ਸਿਹਤ ਲਈ ਮੁਫ਼ੀਦ ਰਹੇ। ਇਸ ਨਾਲ ਇਕ ਆਮ ਆਦਮੀ ਜ਼ਿੰਦਗੀ ਨੂੰ ਹੋਰ ਸਿਹਤਮੰਦ ਤੇ ਬਿਹਤਰ ਢੰਗ ਨਾਲ ਜੀਣ ਸਬੰਧੀ ਜਾਗਰੂਕ ਹੋ ਸਕੇਗਾ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਦੁੱਧ ਦੀ ਜਾਂਚ ਕਿਟ ਵੀ ਮੇਲੇ ਵਿੱਚ ਖਰੀਦ ਵਾਸਤੇ ਉਪਲਬਧ ਹੋਵੇਗੀ।
ਡਾ. ਬਰਾੜ ਨੇ ਕਿਹਾ ਕਿ ਬੇਰੁਜ਼ਗਾਰ ਯੁਵਕਾਂ ਅਤੇ ਛੋਟੇ ਕਿਸਾਨਾਂ ਲਈ ਮੇਲੇ ਵਿੱਚ ਕਈ ਖਿੱਚ ਦੇ ਵਿਸ਼ੇ ਹੋਣਗੇ। ਜਿਹੜੇ ਵੀ ਕਿਸਾਨ ਥੋੜੇ ਸਰਮਾਏ ਨਾਲ ਆਪਣਾ ਧੰਦਾ ਕਰਨਾ ਚਾਹੁੰਦੇ ਹਨ ਉਸ ਸਬੰਧੀ ਜਾਣਕਾਰੀ ਅਤੇ ਮਾਲੀ ਸਹਾਇਤਾ ਬਾਰੇ ਮੇਲੇ ਵਿੱਚ ਮਾਹਿਰ ਵਿਗਿਆਨੀ ਤੇ ਬੈਂਕਾਂ ਦੇ ਅਧਿਕਾਰੀ ਹਰ ਕਿਸਮ ਦੀ ਜਾਣਕਾਰੀ ਦੇਣਗੇ। ਉਨਾਂ ਕਿਹਾ ਕਿ ਖਾਣ ਵਾਲੇ ਪਦਾਰਥਾਂ ਨੂੰ ਸ਼ੁੱਧ, ਵਧੀਆ ਤੇ ਤੇਜ਼ੀ ਨਾਲ ਤਿਆਰ ਕਰਨ ਵਾਲੀ ਮਸ਼ੀਨਰੀ ਵੀ ਮੇਲੇ ਵਿੱਚ ਰੱਖੀ ਜਾਵੇਗੀ ਤਾਂ ਕਿ ਸਾਨੂੰ ਮਿਲਣ ਵਾਲੇ ਉਤਪਾਦ ਜਿਸ ਸਾਫ ਸੁਥਰੇ ਮਾਹੌਲ ਵਿੱਚ ਤਿਆਰ ਹੁੰਦੇ ਹਨ ਉਸ ਬਾਰੇ ਆਮ ਨਾਗਰਿਕ ਜਾਣ ਸਕਣ ਜਾਂ ਉੱਦਮੀ ਆਪਣੇ ਉਦਯੋਗ ਨੂੰ ਹੋਰ ਬਿਹਤਰ ਬਣਾ ਸਕਣ।
ਯੂਨੀਵਰਸਿਟੀ ਵੱਲੋਂ ਪਸੂਆਂ ਸਬੰਧੀ ਹਰ ਕਿਸਮ ਦੀ ਸਮੱਸਿਆ, ਪਸ਼ੂ ਬਿਮਾਰੀਆਂ ਅਤੇ ਨਵੇਂ ਰੁਜ਼ਗਾਰ ਸਥਾਪਿਤ ਕਰਨ ਲਈ ਸਿਖਲਾਈ ਲੈਣ ਸਬੰਧੀ ਸਾਹਿਤ ਵੀ ਮੇਲੇ ਦਾ ਸ਼ਿੰਗਾਰ ਹੋਵੇਗਾ।ਮਹੀਨਾਵਾਰ ਰਸਾਲੇ ‘ਵਿਗਿਆਨਕ ਪਸ਼ੂ ਪਾਲਣ’ ਨੂੰ ਘਰ ਬੈਠੇ ਪ੍ਰਾਪਤ ਕਰਨ ਲਈ ਪਸ਼ੂ ਪਾਲਕ ਆਪਣੇ ਨਾਂ ਵੀ ਦਰਜ ਕਰਵਾ ਸਕਣਗੇ।।ਮੇਲੇ ਵਿਚ ਕਈ ਨਵੇਂ ਕਿਤਾਬਚੇ ਵੀ ਜਾਰੀ ਕੀਤੇ ਜਾਣਗੇ।