ਵੈਟਨਰੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਰਾਸ਼ਟਰਮੰਡਲ ਮੁਲਕਾਂ ਦੇ ਮੁਕਾਬਲੇ ਵਿਚ ਮਿਲਿਆ ਅੰਤਰਰਾਸ਼ਟਰੀ ਸਨਮਾਨ

Ludhiana Punjabi

DMT : ਲੁਧਿਆਣਾ : (11 ਅਕਤੂਬਰ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੀ ਵਿਦਿਆਰਥਣ ਡਾ. ਪ੍ਰੀਤੀ ਨੇ ਰਾਸ਼ਟਰਮੰਡਲ ਵੈਟਨਰੀ ਜੱਥੇਬੰਦੀ ਲੇਖ ਮੁਕਾਬਲੇ ਵਿਚ ਪਹਿਲਾ ਇਨਾਮ ਹਾਸਿਲ ਕੀਤਾ ਹੈ। ਇਸ ਮੁਕਾਬਲੇ ਵਿਚ ਰਾਸ਼ਟਰਮੰਡਲ ਮੁਲਕਾਂ ਦੇ ਵਿਦਿਆਰਥੀ ਸਾਰੇ ਵਿਸ਼ਵ ਤੋਂ ਭਾਗ ਲੈਂਦੇ ਹਨ। ਡਾ. ਪ੍ਰੀਤੀ ਨੂੰ ਸਨਮਾਨ ਪੱਤਰੀ ਅਤੇ 500 ਅਸਟ੍ਰੇਲੀਅਨ ਡਾਲਰ ਦਾ ਨਕਦ ਇਨਾਮ ਪ੍ਰਾਪਤ ਹੋਇਆ ਹੈ। ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਨੇ ਦੱਸਿਆ ਕਿ ਇਸ ਲੇਖ ਮੁਕਾਬਲੇ ਦਾ ਵਿਸ਼ਾ ਸੀ ‘ਤੁਹਾਡੇ ਮੁਲਕ ਵਿਚ ਵੈਟਨਰੀ ਵਿਗਿਆਨ ਦੇ ਟਿਕਾਊਪਨ ਦਾ ਦ੍ਰਿਸ਼’। ਇਸ ਜੱਥੇਬੰਦੀ ਦਾ ਉਦੇਸ਼ ਰਾਸ਼ਟਰਮੰਡਲ ਮੁਲਕਾਂ ਵਿਚ ਵੈਟਨਰੀ ਪੇਸ਼ੇ ਨੂੰ ਉਤਸਾਹਿਤ ਕਰਨਾ ਹੈ ਤਾਂ ਜੋ ਇਸ ਨਾਲ ਸਿੱਖਿਆ ਦੇ ਪੇਸ਼ੇਵਰ ਮਾਪਦੰਡ, ਨੇਮ ਅਤੇ ਸੇਵਾਵਾਂ ਨੂੰ ਬਿਹਤਰ ਕੀਤਾ ਜਾ ਸਕੇ। ਇਹ ਸੇਵਾਵਾਂ ਪਸ਼ੂ ਸਿਹਤ, ਉਤਪਾਦਨ ਬਿਹਤਰੀ ਅਤੇ ਭਲਾਈ ਦੇ ਨਾਲ ਨਾਲ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਧੁਨਿਕ ਕਰਨ ਸੰਬੰਧੀ ਦਿੱਤੀਆਂ ਜਾ ਰਹੀਆਂ ਹਨ। ਡਾ. ਬੇਦੀ ਨੇ ਡਾ. ਪ੍ਰੀਤੀ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਵਿਗਿਆਨਕ ਗਤੀਵਿਧੀਆਂ ਵਿਚ ਹਿੱਸਾ ਲੈਣ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵੀ ਇਸ ਵਿਦਿਆਰਥਣ ਦੇ ਯਤਨਾਂ ਨੂੰ ਸਰਾਹੁੰਦਿਆਂ ਹੋਇਆਂ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸੈਂਟਰ ਫਾਰ ਵਨ ਹੈਲਥ ਦੀ ਪੂਰੀ ਟੀਮ ਦੇ ਉਪਰਾਲੇ ਤਾਰੀਫ਼ ਦੇ ਕਾਬਲ ਹਨ।

Leave a Reply

Your email address will not be published. Required fields are marked *