ਵੈਟਨਰੀ ਯੂਨੀਵਰਸਿਟੀ ਨੇ ਅਧਿਆਪਕ ਦਿਵਸ ਦੇ ਮੌਕੇ ਵੈਟਨਰੀ ਸਾਇੰਸ ਕਾਲਜ ਦੀ ਇਮਾਰਤ ਦਾ ਇਕ ਬਲਾਕ ਭੂਤਪੂਰਵ ਡੀਨ ਦੇ ਨਾਂ ਨੂੰ ਕੀਤਾ ਸਮਰਪਿਤ

Ludhiana Punjabi

DMT : ਲੁਧਿਆਣਾ : (05 ਸਤੰਬਰ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਅਧਿਆਪਕ ਦਿਵਸ ਦੇ ਮੌਕੇ ’ਤੇ ਵੈਟਨਰੀ ਸਾਇੰਸ ਕਾਲਜ ਦੀ ਇਮਾਰਤ ਦਾ ਇਕ ਬਲਾਕ ਭੂਤਪੂਰਵ ਡੀਨ ਡਾ. ਬਖਸ਼ੀਸ਼ ਸਿੰਘ ਗਿੱਲ ਦੇ ਨਾਂ ’ਤੇ ਸਮਰਪਿਤ ਕੀਤਾ। ਵੈਟਨਰੀ ਸਿੱਖਿਆ ਅਤੇ ਵਿਗਿਆਨ ਵਿਚ ਉਨ੍ਹਾਂ ਦੇ ਯੋਗਦਾਨ ਪ੍ਰਤੀ ਆਦਰ ਦਾ ਭਾਵ ਪ੍ਰਗਟਾਉਂਦਿਆਂ ਇਸ ਬਲਾਕ ਦਾ ਨਾਂ ‘ਡਾ. ਬੀ ਐਸ ਗਿੱਲ ਬਲਾਕ’ ਰੱਖਿਆ ਗਿਆ ਹੈ। ਡਾ. ਗਿੱਲ ਨੇ ਵੈਟਨਰੀ ਸਾਇੰਸ ਕਾਲਜ ਲੁਧਿਆਣਾ ਵਿਖੇ 14 ਸਾਲ ਤੋਂ ਵਧੇਰੇ ਸੇਵਾ ਕੀਤੀ।

          ਇਸ ਬਲਾਕ ਦਾ ਉਦਘਾਟਨ ਉਨ੍ਹਾਂ ਦੇ ਪਰਿਵਾਰ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਵਿਭਾਗ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਕੀਤਾ। ਡਾ. ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਡਾ. ਗਿੱਲ ਇਕ ਦੂਰਅੰਦੇਸ਼ ਸਿੱਖਿਆ ਸ਼ਾਸਤਰੀ ਸਨ। ਜਿਨ੍ਹਾਂ ਨੇ ਵਿਦਿਆਰਥੀਆਂ ਅਤੇ ਸੰਸਥਾ ਦੀ ਬਿਹਤਰੀ ਲਈ ਪੂਰਨ ਤਨਦੇਹੀ ਨਾਲ ਕੰਮ ਕੀਤਾ। ਉਨ੍ਹਾਂ ਦੇ ਯਤਨਾਂ ਸਦਕਾ ਯੂਨੀਵਰਸਿਟੀ ਸਿੱਖਿਆ ਵਿਚ ਕਈ ਤਬਦੀਲੀਆਂ ਆਈਆਂ। ਡਾ. ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਜਿਥੇ ਸਮਾਜ ਵਿਚ ਬਿਹਤਰੀਨ ਮਨੁੱਖ ਸਿਰਜਦੀ ਹੈ ਉਥੇ ਰਾਸ਼ਟਰ ਦੀ ਸਵੈ-ਨਿਰਭਰਤਾ ਅਤੇ ਖੁਸ਼ਹਾਲੀ ਲਈ ਵੀ ਅਹਿਮ ਯੋਗਦਾਨ ਦਿੰਦੀ ਹੈ।

          ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਭਾਰਤ ਦੇ ਦੂਸਰੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਜਿਨ੍ਹਾਂ ਦੇ ਜਨਮ ਦਿਵਸ ’ਤੇ 05 ਸਤੰਬਰ ਨੂੰ ਅਧਿਆਪਕ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਸਮਾਰੋਹ ਦੀ ਸੰਪੂਰਨਤਾ ਡਾ. ਰਾਧਾ ਕ੍ਰਿਸ਼ਨਨ ਦੇ ਇਸ ਕਥਨ ਨਾਲ ਕੀਤੀ ਗਈ ‘ਮੁਲਕ ਵਿਚ ਅਧਿਆਪਕ ਸਰਵਉੱਤਮ ਦਿਮਾਗ ਅਤੇ ਬੁੱਧੀਮਤਾ ਵਾਲੇ ਹੋਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਨੇ ਨੌਜਵਾਨ ਦਿਮਾਗਾਂ ਨੂੰ ਸਿੱਖਿਅਤ ਕਰਨਾ ਹੁੰਦਾ ਹੈ ਜੋ ਕਿ ਰਾਸ਼ਟਰ ਦਾ ਨਿਰਮਾਣ ਕਰਦੇ ਹਨ’।

Leave a Reply

Your email address will not be published. Required fields are marked *