DMT : ਲੁਧਿਆਣਾ : (06 ਮਾਰਚ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਖਿਡਾਰੀਆਂ ਨੇ 21ਵੀਂ ਕੁਲ ਭਾਰਤੀ ਅੰਤਰ-ਖੇਤੀਬਾੜੀ ਯੂਨੀਵਰਸਿਟੀ ਖੇਡ ਮੀਟ 2022-23 ਦੇ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ। ਇਹ ਖੇਡ ਮੁਕਾਬਲੇ ਚੌਧਰੀ ਚਰਨ ਸਿੰਘ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਖੇ ਹੋਏ। ਇਸ ਵਿਚ ਮੁਲਕ ਦੀਆਂ ਖੇਤੀਬਾੜੀ, ਵੈਟਨਰੀ ਯੂਨੀਵਰਸਿਟੀਆਂ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੀਆਂ ਰਾਸ਼ਟਰੀ ਸੰਸਥਾਵਾਂ ਦੇ 2500 ਖਿਡਾਰੀਆਂ ਨੇ 65 ਟੀਮਾਂ ਦੇ ਰੂਪ ਵਿਚ ਹਿੱਸਾ ਲਿਆ। ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਖਿਡਾਰੀਆਂ ਨੇ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ ਅਤੇ ਟੇਬਲ ਟੈਨਿਸ ਦੀ ਖੇਡ ਵਿਚ ਸ਼ਮੂਲੀਅਤ ਕੀਤੀ। ਲੜਕੀਆਂ ਬੈਡਮਿੰਟਨ ਵਿਚ ਚੈਂਪੀਅਨ ਬਣੀਆਂ ਜਦਕਿ ਲੜਕਿਆਂ ਦੀ ਬੈਡਮਿੰਟਨ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬਾਸਕਟਬਾਲ ਲੜਕਿਆਂ ਦੀ ਟੀਮ ਨੇ ਚਾਂਦੀ ਤਗਮਾ ਜਿੱਤਿਆ ਅਤੇ ਗੋਲਾ ਸੁੱਟਣ ਵਿਚ ਸੌਰਵ ਉੱਪਲ ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਡਾ. ਅਪਮਿੰਦਰ ਪਾਲ ਸਿੰਘ ਬਰਾੜ, ਟੀਮ ਮੈਨੇਜਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਟਰਾਫੀ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਈ ਜਦਕਿ ਦੂਜਾ ਨੰਬਰ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਨੇ ਪ੍ਰਾਪਤ ਕੀਤਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੇ ਖਿਡਾਰੀਆਂ ਅਤੇ ਯੂਨੀਵਰਸਿਟੀ ਦੇ ਸੰਬੰਧਿਤ ਖੇਡ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਬੜੀ ੳੇੁੱਘੀ ਪ੍ਰਾਪਤੀ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਛੋਟੀ ਯੂਨੀਵਰਸਿਟੀ ਅਤੇ ਘੱਟ ਵਿਦਿਆਰਥੀਆਂ ਦੇ ਹੋਣ ਦੇ ਬਾਵਜੂਦ ਵੀ ਵੈਟਨਰੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਸ਼ਾਨਦਾਰ ਅਤੇ ਜ਼ਿਕਰਯੋਗ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਇਸੇ ਤਰੀਕੇ ਨਾਲ ਹੀ ਜ਼ਿੰਦਗੀ ਦੇ ਹਰ ਖੇਤਰ ਵਿਚ ਮੋਹਰੀ ਬਣ ਕੇ ਰਹਿਣ।
ਡਾ. ਸਤਿਆਵਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਅਸੀਂ ਪੂਰੇ ਯਤਨਸ਼ੀਲ ਹਾਂ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਈਏ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਉਹ ਵਧੀਆ ਪ੍ਰਦਰਸ਼ਨ ਕਰ ਸਕਣ।