ਵੈਟਨਰੀ ਯੂਨੀਵਰਸਿਟੀ ਨੇ ਕੋਰੋਨਾ ਦੌਰਾਨ ਪਏ ਵਿਦਿਅਕ ਘਾਟੇ ਨੂੰ ਪੂਰਿਆਂ ਕਰਨ ਲਈ ਆਰੰਭ ਕੀਤੀਆਂ ਵਿਸ਼ੇਸ਼ ਕਲਾਸਾਂ

Ludhiana Punjabi
  • ਕਲਾਸਾਂ ਦੀ ਕੋਈ ਫੀਸ ਨਹੀਂ ਹੋਵੇਗੀ ਅਤੇ ਛੁੱਟੀ ਤੋਂ ਬਾਅਦ ਦੇ ਸਮੇਂ ਅਤੇ ਸ਼ਨੀਵਾਰ ਨੂੰ ਲਗਾਈਆਂ ਜਾਣਗੀਆਂ

DMT : ਲੁਧਿਆਣਾ : (22 ਅਕਤੂਬਰ 2021): – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਸੰਸਥਾ ਵਿਕਾਸ ਯੋਜਨਾ ਅਧੀਨ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵਿਖੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਵਿਸ਼ੇਸ਼ ਵਿਦਿਅਕ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ।ਇਹ ਵਿਸ਼ੇਸ਼ ਕਲਾਸਾਂ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁਖੀ ਦੀ ਅਗਵਾਈ ਅਧੀਨ ਆਰੰਭੀਆਂ ਗਈਆਂ ਹਨ।ਡਾ. ਸਿੰਘ ਅਨੁਸਾਰ ਕਲਾਸਾਂ ਵਿਦਿਆਰਥੀਆਂ ਵਿਚ ਬੁਨਿਆਦੀ ਵਿਸ਼ਿਆਂ ਦੀ ਸੂਝ ਵਧਾਉਣ ਅਤੇ ਗਿਆਨ, ਕੌਸ਼ਲਤਾ ਅਤੇ ਵਿਸ਼ੇ ਪ੍ਰਤੀ ਪਕੜ ਨੂੰ ਮਜ਼ਬੂਤ ਕਰਨ ਹਿਤ ਸ਼ੁਰੂ ਕੀਤੀਆਂ ਗਈਆਂ ਹਨ।ਸੰਸਥਾ ਵਿਕਾਸ ਯੋਜਨਾ ਦੇ ਮੁਖ ਨਿਰੀਖਕ ਅਤੇ ਵੈਟਨਰੀ ਸਾਇੰਸ ਕਾਲਜ ਦੇ ਡੀਨ, ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਨ੍ਹਾਂ ਕਲਾਸਾਂ ਨੂੰ ਆਰੰਭਣ ਹਿਤ ਪੂਰਣ ਸਹਿਯੋਗ ਅਤੇ ਪ੍ਰੇਰਣਾ ਦਿੱਤੀ।ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਵਿਦਿਆਰਥੀਆਂ ਦੇ ਪੁਸਤਕ ਅਤੇੇ ਪ੍ਰਯੋਗੀ ਗਿਆਨ ਵਿਚ ਰਹਿ ਗਈਆਂ ਖਾਮੀਆਂ ਅਤੇ ਤਰੁਟੀਆਂ ਨੂੰ ਪੂਰਿਆਂ ਕਰਨ ਲਈ ਇਹ ਕਾਰਜ ਆਰੰਭਿਆ ਗਿਆ ਹੈ।

          ਡਾ. ਰਮਨੀਕ, ਡੀਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਵਿਸ਼ੇਸ਼ ਕਲਾਸਾਂ ਦੀ ਆਰੰਭਤਾ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾਸਾਂ ਦਾ ਕੋਰਸ ਵੀ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਰੁਚੀ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਢੰਗ ਨਾਲ ਤਿਆਰ ਕੀਤਾ ਗਿਆ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਲਾਸਾਂ ਵਿਚ ਆਉਣ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਵਿਦਿਆਰਥੀ ਅਧਿਆਪਕਾਂ ਨਾਲ ਵਧੇਰੇ ਵਿਚਾਰ ਵਟਾਂਦਰਾ ਕਰਨ ਅਤੇ ਆਪਣੀਆਂ ਪ੍ਰਯੋਗਿਕ ਸਮੱਸਿਆਵਾਂ ਦਾ ਹੱਲ ਲੱਭਣ ਲਈ ਅਧਿਆਪਕਾਂ ਦੀ ਪੂਰਨ ਸਹਾਇਤਾ ਪ੍ਰਾਪਤ ਕਰਨ।

          ਇਨ੍ਹਾਂ ਕਲਾਸਾਂ ਦੇ ਸੰਯੋਜਕ, ਡਾ. ਤੇਜਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਕਲਾਸਾਂ ਦੀ ਵਿਦਿਆਰਥੀਆਂ ਕੋਲੋਂ ਕੋਈ ਫੀਸ ਜਾਂ ਖਰਚ ਨਹੀਂ ਲਿਆ ਜਾਵੇਗਾ ਅਤੇ ਇਹ ਉਨ੍ਹਾਂ ਦੀ ਛੁੱਟੀ ਤੋਂ ਬਾਅਦ ਦੇ ਵਿਹਲੇ ਸਮੇਂ ਅਤੇ ਸ਼ਨੀਵਾਰ ਨੂੰ ਲਗਾਈਆਂ ਜਾਣਗੀਆਂ।ਡਾ. ਵਰਿੰਦਰ ਪਾਲ ਸਿੰਘ, ਸੰਸਥਾ ਵਿਕਾਸ ਯੋਜਨਾ ਦੇ ਡੇਅਰੀ ਸਾਇੰਸ ਕਾਲਜ ਵਲੋਂ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਚੁਣੇ ਗਏ ਛੇ ਵੱਖੋ-ਵੱਖਰੇ ਕੋਰਸਾਂ ਵਿਚ ਵਿਦਿਆਰਥੀਆਂ ਨੂੰ 25 ਘੰਟੇ ਦੀ ਕਿਤਾਬੀ ਅਤੇ ਪ੍ਰਯੋਗਿਕ ਸਿੱਖਿਆ ਦਿੱਤੀ ਜਾਵੇਗੀ।ਹਰ ਪੰਜ ਘੰਟੇ ਦੀ ਸਿੱਖਿਆ ਤੋਂ ਬਾਅਦ ਉਨ੍ਹਾਂ ਦੇ ਵਿਦਿਅਕ ਵਿਕਾਸ ਦੇ ਪੱਧਰ ਨੂੰ ਜਾਨਣ ਵਾਸਤੇ ਇਕ ਟੈਸਟ ਵੀ ਲਿਆ ਜਾਵੇਗਾ।ਇਸ ਟੈਸਟ ਰਾਹੀਂ ਉਨ੍ਹਾਂ ਦੇ ਗਿਆਨ ਪੱਧਰ ਨੂੰ ਉਨਾਂ ਨਾਲ ਵਿਚਾਰਿਆ ਜਾਵੇਗਾ।ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕੀਤੀਆਂ ਜਾਣਗੀਆਂ।ਇਨ੍ਹਾਂ ਕਲਾਸਾਂ ਦੀ ਆਰੰਭਤਾ ਮੌਕੇ ਕਾਲਜ ਦੇ ਹੋਰ ਅਧਿਆਪਕਾਂ ਨੇ ਵੀ ਸ਼ਮੂਲੀਅਤ ਕਰਕੇ ਆਪਣਾ ਯੋਗਦਾਨ ਪਾਇਆ।

Leave a Reply

Your email address will not be published. Required fields are marked *