ਵੈਟਨਰੀ ਯੂਨੀਵਰਸਿਟੀ ਨੇ ਪੰਗਾਸ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਕਰਵਾਈ ਹੁਨਰ ਵਿਕਾਸ ਸਿਖਲਾਈ

Ludhiana Punjabi

DMT : ਲੁਧਿਆਣਾ : (06 ਸਤੰਬਰ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਪੰਗਾਸ ਮੱਛੀ ਪਾਲਣ ਅਤੇ ਇਸ ਦੀ ਪ੍ਰਾਸੈਸਿੰਗ ਕਰਨ ਸੰਬੰਧੀ ਮੱਛੀ ਪਾਲਣ ਵਿਭਾਗ, ਪੰਜਾਬ ਨਾਲ ਮਿਲ ਕੇ ਇਕ ਹੁਨਰ ਵਿਕਾਸ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਹ ਸਿਖਲਾਈ ਸਰਕਾਰੀ ਫ਼ਿਸ਼ ਸੀਡ ਫਾਰਮ, ਮੋਹੀ (ਲੁਧਿਆਣਾ) ਵਿਖੇ ਕਰਵਾਈ ਗਈ। ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਦੱਸਿਆ ਕਿ ਇਥੇ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਪੰਗਾਸ ਮੱਛੀ ਪਾਲਣ ਸੰਬੰਧੀ ਇਕ ਪ੍ਰਦਰਸ਼ਨੀ ਇਕਾਈ ਸਥਾਪਿਤ ਕੀਤੀ ਗਈ ਹੈ।

          ਸੂਬੇ ਦੇ 12 ਮੱਛੀ ਪਾਲਣ ਅਧਿਕਾਰੀਆਂ ਅਤੇ 36 ਕਿਸਾਨਾਂ ਅਤੇ ਉਦਮੀਆਂ ਨੇ ਇਹ ਸਿਖਲਾਈ ਗ੍ਰਹਿਣ ਕੀਤੀ। ਸਿਖਲਾਈ ਵਿਚ ਉਨ੍ਹਾਂ ਨੂੰ ਗਰਮੀਆਂ ਦੇ ਮਹੀਨਿਆਂ ਵਿਚ ਅਪ੍ਰੈਲ ਤੋਂ ਨਵੰਬਰ ਤਕ ਮੱਛੀ ਪਾਲਣ ਅਤੇ ਉਸ ਦੀ ਪ੍ਰਾਸੈਸਿੰਗ ਕਰਕੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਸਿੱਖਿਅਤ ਕੀਤਾ ਗਿਆ।

          ਸਿਖਲਾਈ ਦੇ ਸੰਯੋਜਕ, ਡਾ. ਐਸ ਐਨ ਦੱਤਾ ਨੇ 6-7 ਮਹੀਨੇ ਦੇ ਸਮੇਂ ਦੌਰਾਨ ਮੱਛੀ ਪਾਲਣ ਸੰਬੰਧੀ ਉਤਮ ਪ੍ਰਬੰਧਨ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਅਜੀਤ ਸਿੰਘ ਨੇ ਮੱਛੀ ਦੇ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਰੱਖਣ ਸੰਬੰਧੀ ਸਿੱਖਿਅਤ ਕੀਤਾ।

          ਡਾ. ਜਸਵੀਰ ਸਿੰਘ, ਨਿਰਦੇਸ਼ਕ ਅਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਸਾਨੂੰ ਉਤਪਾਦਨ ਟੀਚੇ ਪੂਰੇ ਕਰਨ ਲਈ ਕਿੱਤੇ ਵਿਚ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਤਕਨਾਲੋਜੀਆਂ ਅਪਣਾਅ ਕੇ ਅਸੀਂ ਕਿਸਾਨਾਂ ਦੀ ਆਮਦਨ ਬਿਹਤਰ ਕਰ ਸਕਦੇ ਹਾਂ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਸੂਬੇ ਵਿਚ ਸੰਬੰਧਿਤ ਵਿਭਾਗਾਂ ਨੂੰ ਇਕ ਦੂਸਰੇ ਨਾਲ ਮਿਲ ਕੇ ਕੰਮ ਕਰਨਾ ਬਣਦਾ ਹੈ। ਇਸ ਨਾਲ ਭਾਈਵਾਲ ਧਿਰਾਂ ਨੂੰ ਵਧੇਰੇ ਫਾਇਦਾ ਹੁੰਦਾ ਹੈ ਅਤੇ ਸਾਰੇ ਪ੍ਰਤੀਭਾਗੀਆਂ, ਅਧਿਕਾਰੀਆਂ ਅਤੇ ਪਸਾਰ ਕਾਮਿਆਂ ਦੀ ਸਮਰੱਥਾ ਉਸਾਰੀ ਵਿਚ ਲਾਭ ਮਿਲਦਾ ਹੈ।

Leave a Reply

Your email address will not be published. Required fields are marked *