DMT : ਲੁਧਿਆਣਾ : (25 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦੇ 50 ਤੋਂ ਵੱਧ ਸਵੈ-ਸੇਵਕਾਂ ਨੇ ਇਕ ਹਫ਼ਤੇ ਦੇ ਵਿਸ਼ੇਸ਼ ਕੈਂਪ ਵਿੱਚ ਭਾਗ ਲਿਆ।
ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਹਰਿਆਵਲ ਪਹਿਲਕਦਮੀ ਵਿੱਚ ਸਿਖਲਾਈ ਦੇਣਾ ਅਤੇ ਬਾਅਦ ਵਿੱਚ ਸਮਾਜ ਨੂੰ ਆਪਸ ਵਿੱਚ ਸਮਾਜਿਕ ਅਤੇ ਨਾਗਰਿਕ ਜਿ਼ੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕਰਨਾ ਸੀ।
ਕਾਲਜ ਆਫ ਫਿਸ਼ਰੀਜ਼, ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨਾਲੋਜੀ ਅਤੇ ਕਾਲਜ ਆਫ ਐਨੀਮਲ ਬਾਇਓਟੈਕਨਾਲੋਜੀ ਦੇ ਵਲੰਟੀਅਰਾਂ ਨੇ ਕੌਸ਼ਲ ਵਿਕਾਸ ਅਤੇ ਵਾਤਾਵਰਣ ਨੂੰ ਬਚਾਉਣ ਬਾਰੇ ਸਿਖਲਾਈ ਅਤੇ ਗਿਆਨ ਪ੍ਰਾਪਤ ਕੀਤਾ। ਇਸ ਕੈਂਪ ਦਾ ਵਿਸ਼ਾ ਸੀ ‘ਪੰਜਾਬ ਵਿਚ ਹਰਿਆਵਲ ਪਹਿਲਕਦਮੀ ਅਤੇ ਕੌਸ਼ਲ ਵਿਕਾਸ ਲਈ ਨੌਜਵਾਨ’।
ਵਲੰਟੀਅਰਾਂ ਨੇ ਰੁੱਖਾਂ ਦੇ ਤਣਿਆਂ ਨੂੰ ਕਲੀ ਚੂਨੇ ਦਾ ਲੇਪ ਕੀਤਾ, ਬੂਟਿਆਂ ਵਿੱਚੋਂ ਨਦੀਨਾਂ ਨੂੰ ਬਾਹਰ ਕੱਢਿਆ ਅਤੇ ਭਵਿੱਖ ਵਿੱਚ ਵੈਟਨਰੀ ਯੂਨੀਵਰਸਿਟੀ ਦੀ ਨਰਸਰੀ ਦੀ ਸਾਂਭ-ਸੰਭਾਲ ਕਰਨ ਦੀ ਸਹੁੰ ਵੀ ਚੁੱਕੀ। ਪ੍ਰੋਗਰਾਮ ਸੰਯੋਜਕ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਕੈਂਪ ਦੇ ਵਿਸ਼ੇ `ਤੇ ਪੋਸਟਰ ਬਨਾਉਣ ਸੰਬੰਧੀ ਮੁਕਾਬਲਾ ਕਰਵਾਇਆ ਗਿਆ ਅਤੇ ਨੌਜਵਾਨਾਂ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਵਾਤਾਵਰਣ ਬਨਾਉਣ ਦਾ ਸੰਦੇਸ਼ ਦੇਣ ਲਈ ਕੈਂਪਸ ਵਿਚ ਰੈਲੀ ਵੀ ਕੱਢੀ ਗਈ।
ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਅਤੇ ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ ਸਮਾਗਮ ਦੇ ਪਤਵੰਤੇ ਮਹਿਮਾਨ ਸਨ। ਉਨ੍ਹਾਂ ਨੇ ਵਲੰਟੀਅਰਾਂ ਨੂੰ ਹਰਿਆ ਭਰਿਆ ਸਮਾਜ ਬਨਾਉਣ ਲਈ ਪ੍ਰੇਰਿਤ ਕੀਤਾ।
ਸੀ ਐਲ ਆਈ ਓ ਹਸਪਤਾਲ ਤੋਂ ਡਾ. ਵੀਨਸ ਬਾਂਸਲ ਨੇ ਸਮਰੱਥਾ ਵਿਕਾਸ `ਤੇ ਲੈਕਚਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਕੋਈ ਵੀ ਆਮ ਨਾਗਰਿਕ ਐਮਰਜੈਂਸੀ ਦੌਰਾਨ ਸਮਝਦਾਰੀ ਨਾਲ ਕੰਮ ਕਰ ਸਕਦਾ ਹੈ। ਡਾ. ਵਿਕਾਸ ਬਾਂਸਲ ਅਤੇ ਉਨ੍ਹਾਂ ਦੀ ਟੀਮ ਨੇ ਦਿਲ ਦੇ ਦੌਰੇ ਦੌਰਾਨ ਲੋਕਾਂ ਨੂੰ ਬਚਾਉਣ ਦੇ ਨਾਲ-ਨਾਲ ਪ੍ਰਭਾਵਿਤਾਂ ਦੀ ਮਦਦ ਕਰਨ ਦੀ ਤਕਨੀਕ ਦੀ ਵਰਤੋਂ ਕਰਦੇ ਹੋਏ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੇ ਬੁਨਿਆਦੀ ਸੰਕਲਪ ਬਾਰੇ ਦੱਸਿਆ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਅਜਿਹੇ ਕੈਂਪ ਨਾ ਸਿਰਫ਼ ਵਾਤਾਵਰਣ ਨੂੰ ਬਚਾਉਣ ਲਈ ਜ਼ਰੂਰੀ ਹਨ, ਸਗੋਂ ਲੋਕਾਂ ਨੂੰ ਇਸ ਉਦੇਸ਼ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।
ਡਾ. ਸਿਵਾ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਭੋਜਨ ਅਤੇ ਡੇਅਰੀ ਪ੍ਰਾਸੈਸਿੰਗ ਉਦਯੋਗ ਵਿੱਚ ਕੀਤੀ ਜਾ ਸਕਦੀ ਹਰਿਆਵਲ ਪਹਿਲਕਦਮੀ ਬਾਰੇ ਵੀ ਸਿੱਖਿਅਤ ਕੀਤਾ ਗਿਆ। ਡਾ. ਚੰਦਰ ਸ਼ੇਖਰ ਮੁਖੋਪਾਧਿਆਏ ਅਤੇ ਡਾ. ਸਚਿਨ ਖੈਰਨਾਰ ਨੇ ਕੈਂਪ ਦੇ ਸੁਚਾਰੂ ਸੰਚਾਲਨ ਲਈ ਅਹਿਮ ਯੋਗਦਾਨ ਦਿੱਤਾ।