DMT : ਲੁਧਿਆਣਾ : (23 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂ ਸਿਹਤ ਦੇ ਖੇਤਰ ਵਿਚ ਕੰਮ ਕਰ ਰਹੀ ਕਰਨਾਲ ਦੀ ਕੈਰਸ ਲੈਬਾਰਟਰੀਜ਼ ਨਾਲ ਇਕ ਇਕਰਾਰਨਾਮਾ ਦਸਤਖ਼ਤ ਕੀਤਾ ਹੈ ਜਿਸ ਦੇ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ ਇਹ ਸੰਸਥਾ ਵਿਤੀ ਸਹਾਇਤਾ ਪ੍ਰਦਾਨ ਕਰੇਗੀ। ਇਹ ਇਕਰਾਰ ਡਾ. ਜੇ ਪੀ ਐਸ ਗਿੱਲ, ਨਿਰਦੇਸ਼ਕ ਖੋਜ, ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਕਲੀਨਿਕਸ ਅਤੇ ਕੈਰਸ ਲੈਬਾਰਟਰੀਜ਼ ਦੇ ਡਾ. ਰਾਜਨ ਸ਼ਰਮਾ ਅਤੇ ਸ਼੍ਰੀ ਅਮਿਤ ਸ਼ਰਮਾ ਦੀ ਮੌਜੂਦਗੀ ਵਿਚ ਹੋਇਆ।
ਇਸ ਅਹਿਦਨਾਮੇ ਦੇ ਤਹਿਤ ਬੀ ਵੀ ਐਸ ਸੀ ਦੇ ਵਿਦਿਆਰਥੀਆਂ ਦੀ ਕੁੱਲ ਮੈਰਿਟ ਯੋਗਤਾ ਦੇ ਆਧਾਰ ’ਤੇ ਪ੍ਰਾਪਤ ਕੀਤੇ ਅੰਕਾਂ ਮੁਤਾਬਿਕ ਤਿੰਨ ਮੋਹਰੀ ਵਿਦਿਆਰਥੀਆਂ ਨੂੰ ਇਹ ਵਜ਼ੀਫ਼ਾ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਵਜ਼ੀਫ਼ਾ ਉਨ੍ਹਾਂ ਦੇ ਪਾਸ ਹੋਣ ਸਮੇਂ ਕਰਵਾਈ ਜਾਂਦੀ ਸਹੁੰ ਚੁੱਕ ਰਸਮ ਮੌਕੇ ਪ੍ਰਦਾਨ ਕੀਤਾ ਜਾਵੇਗਾ। ਇਸ ਨਾਲ ਉਹ ਵੈਟਨਰੀ ਵਿਗਿਆਨ ਵਿਚ ਆਪਣੀ ਉੱਚ ਵਿਦਿਆ ਨੂੰ ਗ੍ਰਹਿਣ ਕਰ ਸਕਣਗੇ। ਇਸ ਸਾਲ ਵੀ ਇਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀਆਂ ਦੀ ਇਜ਼ਰਾਈਲ ਦੀ ਹੈਬਰਿਊ ਯੂਨੀਵਰਸਿਟੀ ਵਿਖੇ ਸਿਖਲਾਈ ਵਾਸਤੇ ਵਿਤੀ ਸਹਾਇਤਾ ਪ੍ਰਦਾਨ ਕੀਤੀ ਹੈ।
ਦੋਵਾਂ ਅਦਾਰਿਆਂ ਵੱਲੋਂ ਕੀਤੇ ਇਸ ਇਕਰਾਰਨਾਮੇ ਨਾਲ ਜਿਥੇ ਵਿਦਿਆਰਥੀਆਂ ਨੂੰ ਵਿਤੀ ਸਹਾਇਤਾ ਮਿਲੇਗੀ ਉਥੇ ਵੈਟਨਰੀ ਸਿੱਖਿਆ ਅਤੇ ਖੋਜ ਦੇ ਖੇਤਰ ਨੂੰ ਵੀ ਉਤਸਾਹਿਤ ਕੀਤਾ ਜਾ ਸਕੇਗਾ।