- ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਦਾਨ ਕੀਤੀ 50 ਲੱਖ ਰੁਪਏ ਦੀ ਰਾਸ਼ੀ
DMT : ਲੁਧਿਆਣਾ : (12 ਅਪ੍ਰੈਲ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਲਈ 24 ਘੰਟੇ ਖੁੱਲ੍ਹੇ ਰਹਿਣ ਵਾਲੇ ਅਧਿਐਨ ਹਾਲ ਦਾ ਉਦਘਾਟਨ ਕੀਤਾ। ਇਸ ਹਾਲ ਦਾ ਨਾਮ ਡਾ. ਜਸਮੇਰ ਸਿੰਘ, ਸਾਬਕਾ ਵਿਦਿਆਰਥੀ ਦੇ ਨਾਮ ’ਤੇ ਰੱਖਿਆ ਗਿਆ। ਡਾ. ਜਸਮੇਰ ਸਿੰਘ ਵੈਟਨਰੀ ਸਾਇੰਸ ਕਾਲਜ, ਲੁਧਿਆਣਾ ਦੇ ਸੰਸਥਾਪਕ ਦੇ ਤੌਰ ’ਤੇ ਜਾਣੇ ਜਾਂਦੇ ਹਨ ਜੋ ਕਿ 2004 ਵਿਚ ਬਤੌਰ ਮੁਖੀ ਵੈਟਨਰੀ ਪੈਰਾਸਟਾਲੋਜੀ ਵਿਭਾਗ ਵਜੋਂ ਸੇਵਾ ਮੁਕਤ ਹੋਏ ਸਨ। ਇਸ ਹਾਲ ਦਾ ਉਦਘਾਟਨ ਉਨ੍ਹਾਂ ਦੇ ਸਪੁੱਤਰ ਡਾ. ਰਾਜਦੀਪ ਸਿੰਘ ਜੋ ਕਿ ਆਪ ਵੀ ਇਸ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ ਨੇ ਕੀਤਾ। ਇਸ ਸਮੇਂ ਉਹ ਅਮਰੀਕਾ ਵਿਚ ਪ੍ਰਮੁੱਖ ਨਿੱਜੀ ਵੈਟਨਰੀ ਡਾਕਟਰ ਵਜੋਂ ਸੇਵਾ ਦੇ ਰਹੇ ਹਨ ਅਤੇ ਇਸ ਹਾਲ ਲਈ ਉਨ੍ਹਾਂ ਨੇ 50 ਲੱਖ ਰੁਪਏ ਦਾਨ ਕੀਤੇ ਹਨ।
ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ. ਤੇਜਿੰਦਰ ਸਿੰਘ ਰਾਏ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਇਸ ਹਾਲ ਦਾ ਨਾਮਕਰਨ ਡਾ. ਜਸਮੇਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੂੰ ਰੋਜ਼ਾਨਾ ਲਾਇਬ੍ਰੇਰੀ ਆਉਣ ਅਤੇ ਵਿਗਿਆਨਕ ਰਸਾਲੇ ਪੜ੍ਹਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦਾ ਵਿਦਿਆਰਥੀਆਂ ਨੂੰ ਇਹ ਸਹੂਲਤ ਦਿਵਾਉਣ ਵਿਚ ਅਹਿਮ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਧਿਐਨ ਹਾਲ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਸੰਪੂਰਨ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਰਾਜਦੀਪ ਸਿੰਘ ਨੂੰ ਪ੍ਰਸੰਸਾ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਾਜਦੀਪ ਸਿੰਘ ਨੇ ਬਹੁਤ ਹੀ ਖੁੱਲ੍ਹਦਿਲੀ ਨਾਲ ਏਨੀ ਵੱਡੀ ਰਾਸ਼ੀ ਯੂਨੀਵਰਸਿਟੀ ਨੂੰ ਦਿੱਤੀ ਹੈ। ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਦੇ ਕਿਸੇ ਵਿਦਿਆਰਥੀ ਨੇ ਇਨ੍ਹਾਂ ਵੱਡਾ ਯੋਗਦਾਨ ਪਾ ਕੇ ਆਪਣੀ ਸੰਸਥਾ ਲਈ ਵਿਲੱਖਣ ਕਿਸਮ ਦਾ ਅਜਿਹਾ ਪਰਉਪਕਾਰ ਕੀਤਾ ਹੋਵੇ।
ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ ਆਪਣੇ ਮਾਤਾ-ਪਿਤਾ ਦੀ ਮਿਹਨਤ ਸਦਕਾ ਹਨ। ਉਹ ਅਤੇ ਉਨ੍ਹਾਂ ਦੀ ਭੈਣ ਪੇਸ਼ੇਵਰ ਤੌਰ ’ਤੇ ਅਮਰੀਕਾ ਵਿਚ ਬਹੁਤ ਵਧੀਆ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵਿਦਿਆ ਅਤੇ ਖੇਡਾਂ ਦੇ ਸੁਮੇਲ ਸਨ।
ਡਾ. ਕੁਲਬੀਰ ਸਿੰਘ ਸੰਧੂ ਅਤੇ ਡਾ. ਦੇਵ ਰਾਜ ਸ਼ਰਮਾ, ਸੇਵਾ ਮੁਕਤ ਅਧਿਆਪਕਾਂ ਨੇ ਡਾ. ਜਸਮੇਰ ਸਿੰਘ ਦੀ ਸ਼ਖ਼ਸੀਅਤ ਦੇ ਸੰਬੰਧ ਵਿਚ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਡਾ. ਦੇਵ ਰਾਜ ਸ਼ਰਮਾ ਨੇ ਯੂਨੀਵਰਸਿਟੀ ਲਾਇਬ੍ਰੇਰੀ ਲਈ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਉਪ-ਕੁਲਪਤੀ, ਸਮੂਹ ਅਧਿਕਾਰੀਆਂ, ਵਿਭਾਗ ਮੁਖੀਆਂ, ਸੀਨੀਅਰ ਅਤੇ ਸੇਵਾ ਮੁਕਤ ਅਧਿਆਪਕਾਂ ਅਤੇ ਲਾਇਬ੍ਰੇਰੀ ਸਟਾਫ ਦਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।