ਵੈਟਨਰੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਬੱਕਰੀ ਪਾਲਣ ਸੰਬੰਧੀ ਕਾਰਜਸ਼ਾਲਾ ਸੰਪੂਰਨ

Ludhiana Punjabi

DMT : ਲੁਧਿਆਣਾ : (09 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ‘ਪੰਜਾਬ ਵਿਚ ਬੱਕਰੀ ਪਾਲਣ ਸੰੰਬੰਧੀ ਸੰਭਾਵਨਾਵਾਂ’ ਵਿਸ਼ੇ ’ਤੇ ਇਕ ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਸ ਕਾਰਜਸ਼ਾਲਾ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਵੈਟਨਰੀ ਅਧਿਕਾਰੀਆਂ, ਅਗਾਂਹਵਧੂ ਬੱਕਰੀ ਪਾਲਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਕੁੱਲ 45 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਬਤੌਰ ਮੁੱਖ ਮਹਿਮਾਨ ਕਾਰਜਸ਼ਾਲਾ ਵਿਚ ਸ਼ਿਕਰਤ ਕੀਤੀ। ਸ਼੍ਰੀ ਐਡ ਮਰਕਸ, ਪਮ ਨੀਦਰਲੈਂਡ ਦੇ ਸੀਨੀਅਰ ਮਾਹਿਰ ਬਤੌਰ ਪਤਵੰਤੇ ਮਹਿਮਾਨ ਸ਼ਾਮਿਲ ਹੋਏ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

          ਡਾ. ਇੰਦਰਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਬੱਕਰੀ ਪਾਲਣ ਹਾਸ਼ੀਆਗਤ ਕਿਸਾਨਾਂ ਦੀ ਆਰਥਿਕਤਾ ਵਿਚ ਭਰਪੂਰ ਯੋਗਦਾਨ ਪਾਉਂਦਾ ਹੈ ਅਤੇ ਇਸ ਕਿੱਤੇ ਵਿਚ ਪੇਂਡੂ ਖੇਤਰਾਂ ਲਈ ਰੁਜ਼ਗਾਰ ਦੀਆਂ ਵੱਡੀਆਂ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਿਹਤਰ ਪ੍ਰਜਣਨ ਅਤੇ ਪ੍ਰਬੰਧਨ ਨੀਤੀਆਂ ਨਾਲ ਬੱਕਰੀ ਪਾਲਣ ਦੇ ਉਤਪਾਦਨ ਨੂੰ ਉੱਚ ਪੱਧਰ ’ਤੇ ਲਿਜਾਇਆ ਜਾ ਸਕਦਾ ਹੈ।

          ਸ਼੍ਰੀ ਐਡ ਮਰਕਸ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਨੀਦਰਲੈਂਡ ਵਿਖੇ ਬੱਕਰੀ ਪਾਲਣ ਸੰਬੰਧੀ ਅਪਣਾਏ ਜਾਂਦੇ ਪ੍ਰਬੰਧਨ ਢਾਂਚੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਈ ਜਾਂਦੀ ਬੀਟਲ ਨਸਲ ਦੀ ਬੱਕਰੀ ਇਕ ਡੇਅਰੀ ਪਸ਼ੂ ਦੇ ਤੌਰ ’ਤੇ ਵਿਕਸਤ ਕੀਤੀ ਜਾ ਸਕਦੀ ਹੈ ਪਰ ਉਸ ਲਈ ਕੁਝ ਨੀਤੀਆਂ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਬੱਕਰੀ ਪਾਲਣ ਖੇਤਰ ਵਿੱਚ ਨਵੇਂ ਉਪਰਾਲਿਆਂ ਸੰਬੰਧੀ ਉਨ੍ਹਾਂ ਕਈ ਨੁਕਤੇ ਸਾਂਝੇ ਕੀਤੇ।

          ਡਾ. ਵਿਸ਼ਾਲ ਮਹਾਜਨ ਅਤੇ ਡਾ. ਮਨਦੀਪ ਸਿੰਗਲਾ ਨੇ ਬੱਕਰੀਆਂ ਦੀਆਂ ਬਿਮਾਰੀਆਂ ਅਤੇ ਪ੍ਰਬੰਧਨ ਸੰਬੰਧੀ ਭਾਸ਼ਣ ਦਿੱਤੇ। ਇਸ ਤੋਂ ਬਾਅਦ ਕਿਸਾਨਾਂ- ਸਾਇੰਸਦਾਨਾਂ ਦਾ ਵਿਚਾਰ ਵਟਾਂਦਰਾ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਮੱਦਿਆਂ ’ਤੇ ਚਰਚਾ ਹੋਈ। ਕਾਰਜਸ਼ਾਲਾ ਦਾ ਸੰਯੋਜਨ ਡਾ. ਅਰੁਣਬੀਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਡਾ. ਪਰਕਾਸ਼ ਸਿੰਘ ਬਰਾੜ ਦੀ ਨਿਰੇਦਸ਼ਨਾ ਅਧੀਨ ਕੀਤਾ।

Leave a Reply

Your email address will not be published. Required fields are marked *