DMT : ਲੁਧਿਆਣਾ : (21 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਨੁੱਖੀ ਸਾਧਨ ਪ੍ਰਬੰਧਨ ਨਿਰਦੇਸ਼ਾਲੇ ਵੱਲੋਂ ਖੇਤੀ ਗ੍ਰੈਜੂਏਟਾਂ ਲਈ ਉਦਮੀਪਨ ਵਿਕਾਸ ਵਾਸਤੇ ਕੋਮਲ ਕੌਸ਼ਲਤਾ ਲਈ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਹ ਕਾਰਜਸ਼ਾਲਾ ਖੇਤੀਬਾੜੀ ਖੋਜ ਪ੍ਰਬੰਧਨ ਰਾਸ਼ਟਰੀ ਅਕਾਦਮੀ, ਹੈਦਰਾਬਾਦ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਇਸ ਕਾਰਜਸ਼ਾਲਾ ਵਿਚ ਵੈਟਨਰੀ, ਡੇਅਰੀ, ਮੱਛੀ ਪਾਲਣ ਵਿਗਿਆਨ ਅਤੇ ਐਨੀਮਲ ਬਾਇਓਤਕਨਾਲੋਜੀ ਦੀ ਪਿੱਠ-ਭੂਮੀ ਵਾਲੇ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।
ਸਭ ਤੋਂ ਪਹਿਲਾਂ ਡਾ. ਸੁਮੇਧਾ ਭੰਡਾਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ‘ਸੰਚਾਰ ਕੌਸ਼ਲਤਾ’ ਸੰਬੰਧੀ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਚਾਰ ਪੱਧਰ ’ਤੇ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਸੰਬੰਧੀ ਚਰਚਾ ਕੀਤੀ। ਡਾ. ਭਾਰਤੀ ਮਦਾਨ, ਉਪ-ਨਿਰਦੇਸ਼ਕ, ਪਾਮੇਟੀ ਨੇ ‘ਟੀਮ ਕਾਰਜ ਅਤੇ ਟੀਮ ਉਸਾਰੀ’ ਸੰਬੰਧੀ ਗਿਆਨ ਚਰਚਾ ਕੀਤੀ। ਉਨ੍ਹਾਂ ਨੇ ਵੱਖੋ-ਵੱਖਰੀਆਂ ਗਤੀਵਿਧੀਆਂ ਰਾਹੀਂ ਪ੍ਰਤੀਭਾਗੀਆਂ ਵਿਚ ਟੀਮ ਭਾਵਨਾ ਬਨਾਉਣ ਬਾਰੇ ਜਾਣਕਾਰੀ ਦਿੱਤੀ। ਡਾ. ਐਲ ਐਮ ਕਥੂਰੀਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ‘ਸਟਾਰਟਅਪ ਅਤੇ ਨਿਵੇਕਲਾਪਨ’ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ। ਡਾ. ਪ੍ਰੇਮ ਪ੍ਰਕਾਸ਼ ਦੂਬੇ ਨੇ ਭਾਰਤ ਸਰਕਾਰ ਵੱਲੋਂ ਸਟਾਰਟਅਪ ਵਾਸਤੇ ਚਲਾਈਆਂ ਜਾ ਰਹੀਆਂ ਵਿਭਿੰਨ ਸਕੀਮਾਂ ਅਤੇ ਮਿਲਦੀ ਵਿਤੀ ਸਹਾਇਤਾ ਬਾਰੇ ਚਰਚਾ ਕੀਤੀ। ਡਾ. ਨਿਤਿਨ ਦੇਵ ਸਿੰਘ, ਕਾਰਜਸ਼ਾਲਾ ਦੇ ਪ੍ਰੋਗਰਾਮ ਨਿਰਦੇਸ਼ਕ ਨੇ ਵਿਭਿੰਨ ਉਦਮੀਆਂ ਦੀਆਂ ਪ੍ਰੇਰਨਾਦਾਇਕ ਵੀਡੀਓ ਫ਼ਿਲਮਾਂ ਦਾ ਮੰਚਨ ਕੀਤਾ।
ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਨਿਰਦੇਸ਼ਾਲਾ ਨੇ ਬੁਲਾਰਿਆਂ ਅਤੇ ਰਾਸ਼ਟਰੀ ਅਕਾਦਮੀ, ਹੈਦਰਾਬਾਦ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਪ-ਕੁਲਪਤੀ ਅਤੇ ਰਜਿਸਟਰਾਰ ਦਾ ਵੀ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਦੀ ਪ੍ਰੇਰਨਾ ਨਾਲ ਇਹ ਕਾਰਜਸ਼ਾਲਾ ਹੋ ਸਕੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵੀ ਰਾਸ਼ਟਰੀ ਅਕਾਦਮੀ, ਹੈਦਰਾਬਾਦ ਵੱਲੋਂ ਅਜਿਹੇ ਸਿੱਖਿਆਦਾਇਕ ਉਪਰਾਲੇ ਕਰਵਾਉਣ ਲਈ ਆਪਣਾ ਆਭਾਰ ਜਤਾਇਆ।