DMT : ਲੁਧਿਆਣਾ : (28 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਨੇ ਮੀਟ ਖੇਤਰ ਵਿਚ ਕੰਮ ਕਰਨ ਵਾਲੇ ਪੇਸ਼ੇਵਰਾਂ, ਕਿਸਾਨਾਂ ਅਤੇ ਮੀਟ ਉਦਯੋਗ ਦੇ ਕਰਮਚਾਰੀਆਂ ਤੇ ਉੱਦਮੀਆਂ ਲਈ ‘ਮੀਟ ਦੀ ਪ੍ਰਾਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ’ ਵਿਸ਼ੇ `ਤੇ ਤਿੰਨ ਦਿਨਾਂ ਦਾ ਉੱਦਮੀ ਵਿਕਾਸ ਪ੍ਰੋਗਰਾਮ ਕਰਵਾਇਆ। ਇਸ ਦਾ ਉਦੇਸ਼, ਉਨ੍ਹਾਂ ਨੂੰ ਉੱਦਮੀ ਵਿਕਾਸ ਲਈ ਵੱਖ-ਵੱਖ ਕਿਸਮਾਂ ਦੇ ਮੀਟ ਉਤਪਾਦਾਂ ਦੀ ਸੰਭਾਲ, ਸਾਫ਼ ਮੀਟ ਉਤਪਾਦਨ ਪ੍ਰਕਿਰਿਆ, ਪ੍ਰਾਸੈਸਿੰਗ ਅਤੇ ਮੀਟ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਬਾਰੇ ਸਿੱਖਿਅਤ ਕਰਨਾ ਸੀ। ਇਹ ਸਿਖਲਾਈ ਪ੍ਰੋਗਰਾਮ ਭਾਰਤੀ ਖੇਤੀ ਖੋਜ ਪਰਿਸ਼਼ਦ ਦੇ ਵਿਤੀ ਸਹਿਯੋਗ ਨਾਲ ਕਰਾਇਆ ਗਿਆ ਅਤੇ ਇਸ ਵਿੱਚ 15 ਪ੍ਰਤੀਭਾਗੀਆਂ ਨੇ ਭਾਗ ਲਿਆ। ਡਾ. ਯਸ਼ਪਾਲ ਸਿੰਘ, ਵਿਭਾਗ ਮੁਖੀ ਅਤੇ ਕੋਰਸ ਨਿਰਦੇਸ਼ਕ ਤੇ ਡਾ. ਨਿਤਿਨ ਮਹਿਤਾ, ਓ.ਪੀ. ਮਾਲਵ ਅਤੇ ਆਰ.ਵੀ. ਵਾਘ ਨੇ ਕੋਰਸ ਸੰਯੋਜਕ ਵਜੋਂ ਕਾਰਜ ਕੀਤਾ ਅਤੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ।
ਡਾ. ਯਸ਼ਪਾਲ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੇ ਕੋਰਸ ਦੇ ਵਿਸ਼ਾ-ਵਸਤੂ ਵਿੱਚ ਸਾਫ਼-ਸੁਥਰਾ ਮੀਟ ਉਤਪਾਦਨ, ਜਾਨਵਰਾਂ ਦੀ ਖੁਰਾਕ, ਮੀਟ ਦੇ ਵੱਖਰੇ-ਵੱਖਰੇ ਭਾਗ ਕਰਨ ਦੀਆਂ ਤਕਨੀਕਾਂ ਅਤੇ ਪ੍ਰਾਸੈਸਿੰਗ ਲਈ ਮਸ਼ੀਨਰੀ, ਢੁੱਕਵੇਂ ਸੰਦ ਤੇ ਔਜ਼ਾਰਾਂ ਬਾਰੇ ਦੱਸਿਆ ਗਿਆ। ਮਾਹਿਰਾਂ ਨੇ ਵਿਭਿੰਨ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੀ ਸਿਖਲਾਈ ਅਤੇ ਵਿਹਾਰਕ ਤੌਰ ’ਤੇ ਕੰਮ ਕਰਨ ਬਾਰੇ ਵੀ ਸਿੱਖਿਅਤ ਕੀਤਾ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਵੱਖ-ਵੱਖ ਪਸਾਰ ਗਤੀਵਿਧੀਆਂ ਦੇ ਸੰਚਾਲਨ ਰਾਹੀਂ ਕਿਸਾਨਾਂ, ਮੀਟ ਦੁਕਾਨਾਂ ਦੇ ਮਾਲਕਾਂ, ਉੱਦਮੀਆਂ ਅਤੇ ਮੀਟ ਉਦਯੋਗ ਦੇ ਕਰਮਚਾਰੀਆਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮੀਟ ਪ੍ਰਾਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨਾ ਇਕ ਪ੍ਰਭਾਵਸ਼ਾਲੀ ਪੇਸ਼ੇਵਰ ਖੇਤਰ ਹੈ, ਜਿਸ ਵਿਚ ਕਈ ਸੰਭਾਵਨਾਵਾਂ ਹਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਯੋਜਕਾਂ ਦੇ ਯਤਨਾਂ ਦੀ ਸਲਾਹੁਤਾ ਕੀਤੀ ਅਤੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਬਿਹਤਰ ਮੁਨਾਫ਼ਾ ਪੈਦਾ ਕਰਨ ਅਤੇ ਉੱਦਮੀਪਨ ਦੇ ਵਿਕਾਸ ਲਈ ਪਸ਼ੂਆਂ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨਾ ਸਮੇਂ ਦੀ ਲੋੜ ਹੈ।