ਵੈਟਨਰੀ ਯੂਨੀਵਰਸਿਟੀ ਵਿਖੇ ਘਣਾ ਮੱਛੀ ਪਾਲਣ ਵਿਧੀ ਸੰਬੰਧੀ ਕਰਵਾਈ ਕਾਰਜਸ਼ਾਲਾ ਵਿਚ ਪ੍ਰਤੀਭਾਗੀਆਂ ਨੇ ਵਿਖਾਇਆ ਭਰਪੂਰ ਉਤਸਾਹ

Ludhiana Punjabi

DMT : ਲੁਧਿਆਣਾ : (17 ਅਕਤੂਬਰ 2023) : –

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਘਣਾ ਮੱਛੀ ਪਾਲਣ ਤਕਨੀਕ ਵਿਧੀਆਂ ਬਾਰੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਵਿਚ ਪਾਣੀ ਦੀ ਘੁੰਮਣਸ਼ੀਲ ਵਿਧੀ ਅਤੇ ਬਾਇਓਫਲਾਕ ਵਿਧੀ ਬਾਰੇ ਮੱਛੀ ਪਾਲਣ ਵਿਭਾਗ ਦੇ 05 ਅਧਿਕਾਰੀਆਂ ਅਤੇ 38 ਕਿਸਾਨ ਉਦਮੀਆਂ ਜਿਨ੍ਹਾਂ ਵਿਚ 10 ਔਰਤਾਂ ਵੀ ਸ਼ਾਮਿਲ ਸਨ ਨੇ ਹਿੱਸਾ ਲਿਆ। ਇਹ ਕਿਸਾਨ ਅਤੇ ਉਦਮੀ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਤੋਂ ਆਏ ਸਨ।

          ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਇਹ ਵਿਧੀਆਂ ਬਹੁਤ ਪ੍ਰਚਲਨ ਵਿਚ ਹਨ। ਯੂਨੀਵਰਸਿਟੀ ਵਿਖੇ ਭਾਰਤ ਸਰਕਾਰ ਦੀ ਮਦਦ ਨਾਲ ਇਨ੍ਹਾਂ ਵਿਧੀਆਂ ਬਾਰੇ ‘ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ’ ਤਹਿਤ ਇਕ ਸਮਰੱਥਾ ਉਸਾਰੀ ਕੇਂਦਰ ਦੀ ਸਥਾਪਨਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਰੀਕਿਆਂ ਨਾਲ ਅਸੀਂ ਇਕ ਇਮਾਰਤੀ ਢਾਂਚੇ ਵਿਚ ਮੱਛੀ ਪਾਲਣ ਕਰਦੇ ਹਾਂ ਜਿਥੇ ਭੂਮੀ ਅਤੇ ਪਾਣੀ ਦੀ ਵਰਤੋਂ ਬਹੁਤ ਘੱਟ ਜਾਂਦੀ ਹੈ ਤੇ ਵਾਤਾਵਰਣ ਸਥਿਤੀਆਂ ਮੁਤਾਬਕ, ਉਤਪਾਦਨ 15-20 ਗੁਣਾਂ ਤਕ ਵੀ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਭੋਜਨ ਲੋੜਾਂ ਤੇ ਭਵਿੱਖੀ ਜ਼ਰੂਰਤਾਂ ਨੂੰ ਖਿਆਲ ਵਿਚ ਰੱਖਦੇ ਹੋਏ ਇਹ ਬਹੁਤ ਵਾਧੇ ਵਾਲੀਆਂ ਵਿਧੀਆਂ ਅਤੇ ਤਕਨੀਕਾਂ ਹਨ।

          ਡਾ. ਵਨੀਤ ਇੰਦਰ ਕੌਰ, ਕਾਰਜਸ਼ਾਲਾ ਸੰਯੋਜਕ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਲਈ ਡਾ. ਐਸ ਐਨ ਦੱਤਾ ਅਤੇ ਡਾ. ਅਮਿਤ ਮੰਡਲ ਨੇ ਤਕਨੀਕੀ ਸੈਸ਼ਨਾਂ ਅਤੇ ਪ੍ਰਯੋੋਗਿਕ ਪ੍ਰਦਰਸ਼ਨੀ ਲਈ ਬਹੁਤ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਵਿੱਖ ਵਿਚ ਵੀ ਅਜਿਹੀਆਂ ਕਾਰਜਸ਼ਾਲਾਵਾਂ ਅਤੇ ਸਿਖਲਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਚਾਹਵਾਨ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਸਿੱਖਿਅਤ ਕੀਤਾ ਜਾ ਸਕੇ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਇਹ ਸਮਰੱਥਾ ਉਸਾਰੀ ਕੇਂਦਰ, ਯੂਨੀਵਰਸਿਟੀ ਲਈ ਬੜਾ ਮਹੱਤਵਪੂਰਨ ਸਾਧਨ ਹੈ ਜਿਸ ਨਾਲ ਨਵੀਆਂ ਮੱਛੀਆਂ ਪਾਲਣ ਤਕਨੀਕਾਂ ਸੰਬੰਧੀ ਸਿਖਲਾਈ ਆਸਾਨ ਹੋ ਗਈ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਬਹੁਤ ਵਧੀਆ ਉਤਪਾਦਨ ਦੇਣ ਵਾਲੀਆਂ ਇਹ ਵਿਧੀਆਂ ਵਾਤਾਵਰਣ ਸੁਰੱਖਿਆ, ਭੋਜਨ ਲੋੜਾਂ ਅਤੇ ਭੋਜਨ ਸੁਰੱਖਿਆ ਲਈ ਬਹੁਤ ਉੱਤਮ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ਇਨ੍ਹਾਂ ਵਿਧੀਆਂ ਰਾਹੀਂ ਮੱਛੀ ਪਾਲਣ ਲਈ ਸਥਾਪਿਤ ਕੀਤਾ ਕੇਂਦਰ ਸੂਬੇ ਦੇ ਮੱਛੀ ਪਾਲਕਾਂ ਲਈ ਇਕ ਸੰਪਤੀ ਹੈ। ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਜਲਵਾਯੂ ਅਨੁਕੂਲ ਹੋਣ ਕਾਰਣ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ।

Leave a Reply

Your email address will not be published. Required fields are marked *