ਵੈਟਨਰੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਆਰੰਭ

Ludhiana Punjabi

DMT : ਲੁਧਿਆਣਾ : (13 ਅਕਤੂਬਰ 2023) : –

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਅੱਜ ਆਰੰਭ ਕੀਤਾ ਗਿਆ। ਇਸ ਦਾ ਵਿਸ਼ਾ ਹੈ ‘ਟਿਕਾਊ ਡੇਅਰੀ ਕਿੱਤੇ ਲਈ ਨਵੀਨਤਮ ਅਤੇ ਆਧੁਨਿਕ ਇੰਜਨੀਅਰਿੰਗ ਪ੍ਰਯੋਗ’। ਭਾਰਤੀ ਡੇਅਰੀ ਇੰਜਨੀਅਰਜ਼ ਸੰਗਠਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਹ ਗਤੀਵਿਧੀ 14 ਅਕਤੂਬਰ ਤਕ ਚੱਲੇਗੀ। ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ.ਆਰ.ਐਸ.ਸੋਢੀ, ਪ੍ਰਧਾਨ, ਇੰਡੀਅਨ ਡੇਅਰੀ ਐਸੋਸੀਏਸ਼ਨ ਅਤੇ ਪਤਵੰਤੇ ਮਹਿਮਾਨ ਵਜੋਂ ਡਾ. ਕਮਲ ਕੁਮਾਰ ਗਰਗ, ਆਈ.ਏ.ਐਸ., ਵਧੀਕ ਸਕੱਤਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਸਰਕਾਰ, ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ,  ਵੈਟਨਰੀ ਯੂਨੀਵਰਸਿਟੀ, ਲੁਧਿਆਣਾ, ਇੰਜ. ਐਸ ਸੀ ਅਗਰਵਾਲ, ਪ੍ਰਧਾਨ, ਭਾਰਤੀ ਡੇਅਰੀ ਇੰਜਨੀਅਰਜ਼ ਸੰਗਠਨ ਸ਼ਾਮਲ ਹੋਏ।

ਡਾ. ਆਰ ਐਸ ਸੋਢੀ, ਨੇ ਦੱਸਿਆ ਕਿ ਡੇਅਰੀ ਇੰਜੀਨੀਅਰ ਦੇਸ਼ ਦੇ ਡੇਅਰੀ ਉਦਯੋਗ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵੱਖ-ਵੱਖ ਹਿੱਸੇਦਾਰਾਂ ਨੂੰ ਦਰਪੇਸ਼ ਚੁਣੌਤੀਆਂ ਦੇ ਨਾਲ-ਨਾਲ ਇਸ ਉਦਯੋਗ ਵਿੱਚ ਉਪਲਬਧ ਮੌਕਿਆਂ ਬਾਰੇ ਚਰਚਾ ਕੀਤੀ। ਡਾ. ਕਮਲ ਕੁਮਾਰ ਗਰਗ ਨੇ ਅਕਾਦਮਿਕ-ਉਦਯੋਗ ਵਿਚਾਰ ਵਟਾਂਦਰਾ ਕਰਵਾਉਣ ਲਈ ਪ੍ਰਬੰਧਕੀ ਟੀਮ ਦੀ ਪ੍ਰਸੰਸਾ ਕੀਤੀ ਜਿਸ ਨਾਲ ਡੇਅਰੀ ਉਦਯੋਗ ਵਿੱਚ ਚੱਲ ਰਹੇ ਮੁੱਦਿਆਂ `ਤੇ ਚਰਚਾ ਕਰਨ ਲਈ ਇੱਕ ਸਾਂਝਾ ਮੰਚ ਉਪਲਬਧ ਹੋਇਆ ਹੈ। ਡਾ. ਇੰਦਰਜੀਤ ਸਿੰਘ ਨੇ ਇਸ ਕਾਨਫਰੰਸ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਬੰਧਕੀ ਟੀਮ ਦੇ ਯਤਨਾਂ ਅਤੇ ਸੁਚੱਜੀ ਵਿਉਂਤਬੰਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਦੁੱਧ ਦੀ ਮਿਲਾਵਟ ਦਾ ਪਤਾ ਲਗਾਉਣ ਲਈ ਅਤਿ-ਆਧੁਨਿਕ ਸੰਦਾਂ ਦੇ ਵਿਕਾਸ ਦੀ ਲੋੜ ਹੈ ਅਤੇ ਡੇਅਰੀ ਇੰਜੀਨੀਅਰ ਅਤੇ ਕੈਮਿਸਟ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਡਾ. ਰਾਮ ਸਰਨ ਸੇਠੀ, ਕਾਨਫਰੰਸ ਦੇ ਕਨਵੀਨਰ ਅਤੇ ਡੇਅਰੀ ਸਾਇੰਸ ਕਾਲਜ ਦੇ ਡੀਨ ਨੇ ਦੱਸਿਆ ਕਿ ਦੇਸ਼ ਭਰ ਤੋਂ ਸਿੱਖਿਆ ਸ਼ਾਸਤਰੀ, ਖੋਜਕਰਤਾ, ਨੀਤੀ ਨਿਰਮਾਤਾ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਉਦਯੋਗ ਦੇ ਹਿੱਸੇਦਾਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਹਨ। ਡਾ. ਅਮਨਦੀਪ ਸ਼ਰਮਾ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸੱਤ ਤਕਨੀਕੀ ਸੈਸ਼ਨ ਕਰਵਾਏ ਜਾਣਗੇ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੁਲਾਰੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕਰਨਗੇ। ਉਦਘਾਟਨੀ ਸੈਸ਼ਨ ਦੌਰਾਨ ਜੀਵਨ ਪ੍ਰਾਪਤੀ ਅਵਾਰਡ, ਬੈਸਟ ਮਾਸਟਰਜ਼ ਅਤੇ ਪੀਐਚ. ਡੀ ਥੀਸਿਸ ਅਵਾਰਡ ਵੀ ਪ੍ਰਦਾਨ ਕੀਤੇ ਗਏ। ਉਦਘਾਟਨੀ ਸੈਸ਼ਨ ਦੌਰਾਨ ਯੂਨੀਵਰਸਿਟੀ ਦੇ ਅਧਿਕਾਰੀ, ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।

Leave a Reply

Your email address will not be published. Required fields are marked *