DMT : ਲੁਧਿਆਣਾ : (03 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪਮ ਨੀਦਰਲੈਂਡ ਤੋਂ ਸ਼੍ਰੀ ਗੈਰਿਟ, ਸ਼੍ਰੀ ਮਰਕਸ ਅਤੇ ਭਾਰਤ ਵਿਖੇ ਸੰਸਥਾ ਦੇ ਨੁਮਾਇੰਦੇ ਕੇ ਆਰ ਜੈਨ ਨੇ ਦੌਰਾ ਕੀਤਾ। ਇਹ ਮਾਹਿਰ ਜੁਗਾਲੀ ਕਰਨ ਵਾਲੇ ਛੋਟੇ ਪਸ਼ੂਆਂ ਸੰਬੰਧੀ ਮੁਹਾਰਤ ਰੱਖਦੇ ਹਨ। ਇਨ੍ਹਾਂ ਮਾਹਿਰਾਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਇਨ੍ਹਾਂ ਮਾਹਿਰਾਂ ਨੂੰ ਜੀ ਆਇਆਂ ਕਿਹਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਾਨੂੰ ਸਮੂਹ ਆਧਾਰਿਤ ਨੀਤੀ ’ਤੇ ਕੰਮ ਕਰਦਿਆਂ ਹੋਇਆਂ ਮਾਹਿਰਾਂ ਨੂੰ ਸੱਦ ਕੇ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਅਤੇ ਪਮ ਨੀਦਰਲੈਂਡ ਇਕ ਲੰਮੀ ਸਾਂਝ ਰੱਖਦੇ ਹਨ ਜੋ ਅੱਗੇ ਵੀ ਚੱਲਦੀ ਰਹੇਗੀ।
ਸ਼੍ਰੀ ਕੇ ਆਰ ਜੈਨ ਨੇ ਇਸ ਸੰਗਠਨ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਗੈਰਿਟ ਨੇ ਪਮ ਦੇ ਕਾਰਜ ਖੇਤਰ ਅਤੇ ਸੰਭਾਵਿਤ ਯੋਜਨਾਵਾਂ ਬਾਰੇ ਚਰਚਾ ਕੀਤੀ। ੳੇੁਨ੍ਹਾਂ ਕਿਹਾ ਕਿ ਇਹ ਸੰਗਠਨ ਵਿਸ਼ਵ ਦੇ 34 ਮੁਲਕਾਂ ਵਿਚ ਕੰਮ ਕਰ ਰਿਹਾ ਹੈ ਅਤੇ ਇਸ ਦੇ 150 ਨੁਮਾਇੰਦੇ ਕਾਰਜਸ਼ੀਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਾਡੀ ਪ੍ਰਮੁੱਖਤਾ ਵਿਚ ਸ਼ੁਮਾਰ ਮੁਲਕਾਂ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਅਤੇ ਸਮੂਹ ’ਤੇ ਆਧਾਰਿਤ ਉਤਪਾਦਾਂ ਨੂੰ ਬਿਹਤਰ ਮੰਡੀਕਾਰੀ ਨਾਲ ਸੰਭਾਵਿਤ ਗਾਹਕਾਂ ਤਕ ਵਧੀਆ ਢੰਗ ਨਾਲ ਪੁੱਜਦਾ ਕੀਤਾ ਜਾ ਸਕਦਾ ਹੈ।
ਸ਼੍ਰੀ ਮਰਕਸ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਦੁਵੱਲੇ ਤਬਾਦਲੇ ਅਤੇ ਭਾਈਵਾਲ ਧਿਰਾਂ ਨੂੰ ਗਿਆਨ ਦੇਣ ਵਿਚ ਡੂੰਘਾ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਵੀ ਸਲਾਹੁਤਾ ਕੀਤੀ ਕਿ ਇਹ ਕੇਂਦਰ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਜ਼ਮੀਨੀ ਪੱਧਰ ’ਤੇ ਉਤਰ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਅਤੇ ਪਮ ਦੇ ਨਿਰੰਤਰ ਸਹਿਯੋਗ ਦੀ ਭਵਿੱਖਮੁਖੀ ਲੋੜ ’ਤੇ ਜ਼ੋਰ ਦਿੱਤਾ।
ਮੀਟਿੰਗ ਵਿਚ ਡੇਅਰੀ ਫਾਰਮਿੰਗ ਅਤੇ ਬੱਕਰੀ ਪਾਲਣ ਖੇਤਰ ਵਿਚ ਪਾਈਆਂ ਜਾਂਦੀਆਂ ਬਿਮਾਰੀਆਂ, ਗਰਮੀ ਦਾ ਦਬਾਅ, ਪ੍ਰਜਣਨ ਪ੍ਰੇਸ਼ਾਨੀਆਂ, ਪਸ਼ੂ ਖੁਰਾਕ ਅਤੇ ਚਾਰੇ ਬਾਰੇ ਵਿਸਥਾਰ ਵਿਚ ਚਰਚਾ ਹੋਈ।