ਵੈਟਨਰੀ ਯੂਨੀਵਰਸਿਟੀ ਵਿਖੇ “ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਸੰਪਾਦਨ” ਵਿਸ਼ੇ `ਤੇ ਅੰਤਰਰਾਸ਼ਟਰੀ ਕਾਰਜਸ਼ਾਲਾ ਸੰਪੂਰਨ

Ludhiana Punjabi

DMT : ਲੁਧਿਆਣਾ : (03 ਮਾਰਚ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੈਕਗਿਲ ਯੂਨੀਵਰਸਿਟੀ, ਕੈਨੇਡਾ, ਯੂਨੀਵਰਸਿਟੀ ਆਫ ਸਸਕੈਚਵਨ, ਕੈਨੇਡਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ “ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਜੀਨੋਮ (ਜੀਨ ਸਮੁੱਚਤਾ ਸਮੂਹ) ਸੰਪਾਦਨ” ਵਿਸ਼ੇ ‘ਤੇ ਕਰਵਾਈ ਜਾ ਰਹੀ ਪੰਜ ਦਿਨਾ ਅੰਤਰਰਾਸ਼ਟਰੀ ਕਾਰਜਸ਼ਾਲਾ ਅੱਜ ਸੰਪੂਰਨ ਹੋ ਗਈ।

ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਕਾਰਜਸ਼ਾਲਾ ਦੇ ਕਨਵੀਨਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਾਰਜਸ਼ਾਲਾ ਵਿੱਚ ਮੈਕਗਿਲ ਯੂਨੀਵਰਸਿਟੀ, ਸਸਕੈਚਵਨ ਯੂਨੀਵਰਸਿਟੀ, ਕੈਲਗਰੀ ਯੂਨੀਵਰਸਿਟੀ, ਕਵੀਨਜ਼ ਯੂਨੀਵਰਸਿਟੀ, ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ, ਮੈਕਸੀਕੋ, ਰਾਸ਼ਟਰੀ ਡੇਅਰੀ ਖੋਜ ਸੰਸਥਾ, ਮੱਝਾਂ ’ਤੇ ਖੋਜ ਸੰਬੰਧੀ ਕੇਂਦਰੀ ਸੰਸਥਾ ਅਤੇ ਬਾਇਓਟੈਕ ਕੰਸੋਰਟੀਅਮ ਇੰਡੀਆ ਲਿਮਿਟੇਡ ਦੇ 09 ਅੰਤਰਰਾਸ਼ਟਰੀ ਅਤੇ 10 ਰਾਸ਼ਟਰੀ ਬੁਲਾਰਿਆਂ ਸਮੇਤ 19 ਮਹਿਮਾਨ ਬੁਲਾਰਿਆਂ ਨੇ ਸ਼ਮੂਲੀਅਤ ਕੀਤੀ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬੁਲਾਰਿਆਂ ਦੇ ਸਮੂਹ ਵੱਲੋਂ ਵਿਗਿਆਨਕ ਭਾਸ਼ਣਾਂ ਤੋਂ ਇਲਾਵਾ, ਇਸ ਸਮਾਗਮ ਵਿੱਚ ਅੰਤਰ-ਅਨੁਸ਼ਾਸਨੀ ਅਤੇ ਸਮਾਜਿਕ ਵਿਗਿਆਨ ਦੇ ਬੁਲਾਰਿਆਂ ਨੇ ਵੀ ਕਾਰਜਸ਼ਾਲਾ ਨੂੰ ਸੰਬੋਧਿਤ ਕੀਤਾ। ਕਾਰਜਸ਼ਾਲਾ ਦੇ ਪ੍ਰਤੀਭਾਗੀਆਂ ਨੂੰ ਜਿਥੇ ਵੈਟਨਰੀ ਯੂਨੀਵਰਸਿਟੀ ਅਤੇ ਪੀ ਏ ਯੂ ਦੀਆਂ ਪ੍ਰਯੋਗਸ਼ਲਾਵਾਂ ਵਿਚ ਪ੍ਰਯੋਗੀ ਸਿਖਲਾਈ ਦਿੱਤੀ ਗਈ ਉਥੇ ਮਾਹਿਰਾਂ ਦੇ ਨਾਲ ਉਨ੍ਹਾਂ ਦੀ ਵਿਚਾਰ ਚਰਚਾ ਵੀ ਹੁੰਦੀ ਰਹੀ। ਸਮਾਗਮ ਦੇ ਪੰਜਵੇਂ ਅਤੇ ਆਖ਼ਰੀ ਦਿਨ ਕਵੀਨਜ਼ ਯੂਨੀਵਰਸਿਟੀ ਦੇ ਡਾ. ਸ਼ੈਰਨ ਰੀਗਨ ਅਤੇ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ, ਮੈਕਸੀਕੋ ਤੋਂ ਡਾ. ਕੰਵਰਪਾਲ ਸਿੰਘ ਧੁੱਗਾ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ।

ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਸਤਬੀਰ ਸਿੰਘ ਗੋਸਲ, ਉਪ-ਕੁਲਪਤੀ, ਪੀ ਏ ਯੂ ਸਨ। ਉਨ੍ਹਾਂ ਨੇ ਖੁਰਾਕ ਸੁਰੱਖਿਆ ਅਤੇ ਵਾਤਾਵਰਨ ਸਥਿਰਤਾ ਲਈ ਜੀਨ ਸੰਪਾਦਨ `ਤੇ ਵਿਚਾਰ-ਵਟਾਂਦਰਾ ਕਰਨ ਲਈ ਖੋਜਕਰਤਾਵਾਂ ਅਤੇ ਵਿਗਿਆਨੀਆਂ ਦੀ ਪ੍ਰਸੰਸਾ ਕੀਤੀ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਦੱਸਿਆ ਕਿ ਕਾਰਜਸ਼ਾਲਾ ਦਾ ਵਿਸ਼ਾ ਮੌਜੂਦਾ ਹਾਲਾਤ ਵਿੱਚ ਬਹੁਤ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਕਾਰਜਸ਼ਾਲਾ ਵਿੱਚ ਕਰਵਾਏ ਗਏ ਵਿਗਿਆਨਕ ਸੈਸ਼ਨ, ਭੋਜਨ ਸੁਰੱਖਿਆ ਅਤੇ ਪੌਸ਼ਟਿਕਤਾ ਦੇ ਨਾਲ-ਨਾਲ ਵਾਤਾਵਰਣ ਦੀ ਸਥਿਰਤਾ ਨਾਲ ਸਬੰਧਤ ਚੁਣੌਤੀਆਂ ਨੂੰ ਨਜਿੱਠਣ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੇ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਕਾਰਜਸ਼ਾਲਾ ਦੇ ਸੰਯੋਜਕ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼ ਅਤੇ ਵਿਸ਼ਵ ਤੋਂ 120 ਪ੍ਰਤੀਭਾਗੀਆਂ ਨੇ ਭਾਗ ਲਿਆ। ਮੈਕਗਿਲ ਯੂਨੀਵਰਸਿਟੀ ਤੋਂ ਡਾ. ਜਸਵਿੰਦਰ ਸਿੰਘ ਨੇ ਸਾਰੇ ਸਹਿਯੋਗੀਆਂ ਅਤੇ ਪ੍ਰਬੰਧਕੀ ਟੀਮ ਨੂੰ ਅਜਿਹੀ ਬਿਹਤਰੀਨ ਕਾਰਜਸ਼ਾਲਾ ਆਯੋਜਿਤ ਕਰਨ ਲਈ ਵਧਾਈ ਦਿੱਤੀ।

ਕਾਰਜਸ਼ਾਲਾ ਦੇ ਕਨਵੀਨਰ ਡਾ. ਰਾਮ ਸਰਨ ਸੇਠੀ, ਡਾ. ਪਰਵੀਨ ਛੁਨੇਜਾ ਅਤੇ ਡਾ. ਯਸ਼ਪਾਲ ਸਿੰਘ ਮਲਿਕ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਬੁਲਾਰਿਆਂ, ਖੋਜਕਾਰਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਸਮਾਪਨ ਸਮਾਰੋਹ ਦੌਰਾਨ ਕਾਰਜਸ਼ਾਲਾ ਵਿਚ ਵੱਖ-ਵੱਖ ਵਿਸ਼ਿ਼ਆਂ ਤਹਿਤ ਸਰਵਉੱਤਮ ਪੋਸਟਰ ਤਿਆਰ ਕਰਨ ਵਾਲੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਆ ਗਿਆ।

Leave a Reply

Your email address will not be published. Required fields are marked *