ਵੈਟਨਰੀ ਯੂਨੀਵਰਸਿਟੀ ਵਿਖੇ “ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਸੰਪਾਦਨ” ਵਿਸ਼ੇ `ਤੇ ਅੰਤਰਰਾਸ਼ਟਰੀ ਕਾਰਜਸ਼ਾਲਾ ਆਰੰਭ

Ludhiana Punjabi

DMT : ਲੁਧਿਆਣਾ : (27 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਅੱਜ ਮੈਕਗਿਲ ਯੂਨੀਵਰਸਿਟੀ, ਕੈਨੇਡਾ, ਯੂਨੀਵਰਸਿਟੀ ਆਫ ਸਸਕੈਚਵਨ, ਕੈਨੇਡਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ “ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਜੀਨੋਮ (ਜੀਨ ਸਮੁੱਚਤਾ ਸਮੂਹ) ਸੰਪਾਦਨ” ਵਿਸ਼ੇ ‘ਤੇ ਪੰਜ ਦਿਨਾਂ ਅੰਤਰਰਾਸ਼ਟਰੀ ਕਾਰਜਸ਼ਾਲਾ ਸ਼ੁਰੂ ਹੋ ਗਈ ਹੈ।

ਡਾ ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ, ਵੈਟਨਰੀ ਯੂਨੀਵਰਸਿਟੀ ਅਤੇ ਕਾਰਜਸ਼ਾਲਾ ਦੇ ਕਨਵੀਨਰ ਨੇ ਦੱਸਿਆ ਕਿ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਕਾਰਜਸ਼ਾਲਾ ਦੇ ਸੰਯੋਜਕ ਨੇ ਸੂਚਿਤ ਕੀਤਾ ਕਿ ਵੱਖੋ-ਵੱਖਰੀਆਂ ਸੰਸਥਾਵਾਂ ਦੇ 120 ਪ੍ਰਤੀਭਾਗੀਆਂ ਨੇ ਆਪਣੇ ਨਾਮ ਦਰਜ ਕਰਵਾਏ ਹਨ। ਡਾ. ਜਸਵਿੰਦਰ ਸਿੰਘ, ਨਿਰਦੇਸ਼ਕ, ਜੀਨੋਮ ਐਡੀਟਿੰਗ ਫਾਰ ਫੂਡ ਸਕਿਓਰਿਟੀ ਐਂਡ ਐਨਵਾਇਰਨਮੈਂਟਲ ਸਸਟੇਨੇਬਿਲਟੀ, ਮੈਕਗਿਲ ਯੂਨੀਵਰਸਿਟੀ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਅਤੇ ਪੀ ਏ ਯੂ ਇਸ ਪ੍ਰੋਗਰਾਮ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਭਾਈਵਾਲ ਧਿਰਾਂ ਹਨ। ਪੀ ਏ ਯੂ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਜਲਵਾਯੂ ਪਰਿਵਰਤਨ ਅਤੇ ਖੁਰਾਕ ਸੁਰੱਖਿਆ ਨਾਲ ਸਬੰਧਤ ਮੌਜੂਦਾ ਚੁਣੌਤੀਆਂ ਦਾ ਜਿ਼ਕਰ ਕੀਤਾ। ਡਾ. ਬਲਜੀਤ ਸਿੰਘ, ਵਾਈਸ ਪ੍ਰੈਜ਼ੀਡੈਂਟ, ਖੋਜ, ਸਸਕੈਚਵਨ ਯੂਨੀਵਰਸਿਟੀ, ਕੈਨੇਡਾ ਇਸ ਸਮਾਗਮ ਦੇ ਪਤਵੰਤੇ ਮਹਿਮਾਨ ਸਨ। ਉਨ੍ਹਾਂ ਨੇ ਇਸ ਵਿਸ਼ੇ ’ਤੇ ਚੱਲ ਰਹੇ ਗੁੰਝਲਦਾਰ ਆਲਮੀ ਮੁੱਦਿਆਂ ਨੂੰ ਹੱਲ ਕਰਨ ਲਈ ਸਹਿਯੋਗ ਅਤੇ ਟੀਮ ਭਾਵਨਾ ਨਾਲ ਕੰਮ ਕਰਨ ਦੀ ਲੋੜ `ਤੇ ਜ਼ੋਰ ਦਿੱਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਨੇਡਾ ਦੇ ਕੌਂਸਲ ਜਨਰਲ ਸ਼੍ਰੀ ਪੈਟਰਿਕ ਹੈਬਰਟ ਸਨ। ਉਨ੍ਹਾਂ ਕਿਹਾ ਕਿ ਪੀ ਏ ਯੂ ਅਤੇ ਵੈਟਨਰੀ ਯੂਨੀਵਰਸਿਟੀ ਵੱਲੋਂ ਇਸ ਪ੍ਰੋਗਰਾਮ ਦੇ ਭਾਈਵਾਲਾਂ ਵਜੋਂ ਨਿਭਾਈ ਗਈ ਭੂਮਿਕਾ ਸ਼ਲਾਘਾਯੋਗ ਹੈ। ਇਸ ਕਾਰਜਸ਼ਾਲਾ ਵਿੱਚ ਸ਼ਾਮਿਲ ਹੋਣ ਵਾਲੇ ਹੋਰ ਅੰਤਰਰਾਸ਼ਟਰੀ ਪ੍ਰਤੀਭਾਗੀਆਂ ਵਿੱਚ ਡਾ. ਸ਼ੈਰਨ ਰੀਗਨ, ਡਾ. ਵਰਨਰ ਗਲੈਨਜ਼ਨਰ, ਡਾ. ਸਾਜੀ ਜਾਰਜ, ਡਾ. ਕਰੁਣਾ ਕਪੂਰ, ਨਗੁਏਨ ਨਗਿਕ ਸਾਂਗ, ਰੋਸ਼ਨੇ ਸਿਹੋਤਾ ਅਤੇ ਲੂਕ ਐਂਥਨੀ ਓਏਲੇਟ ਸ਼ਾਮਿਲ ਹਨ।

ਉਦਘਾਟਨੀ ਸੈਸ਼ਨ ਦੀ ਸਮਾਪਤੀ ਡਾ. ਸੇਠੀ ਨੇ ਕੀਤੀ। ਉਨ੍ਹਾਂ ਸਮੂਹ ਪਤਵੰਤਿਆਂ, ਭਾਗੀਦਾਰਾਂ ਅਤੇ ਪ੍ਰਬੰਧਕੀ ਟੀਮ ਦੇ ਨਾਲ-ਨਾਲ ਸਹਿ-ਸੰਯੋਜਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਅਤੇ ਇਸ ਕਾਰਜਸ਼ਾਲਾ ਦੇ ਮੁੱਖ ਸਰਪ੍ਰਸਤ ਦਾ ਵੀ ਇਸ ਸਮਾਗਮ ਦੇ ਆਯੋਜਨ ਲਈ ਅਤੇ ਉਨ੍ਹਾਂ ਦੇ ਭਰਪੂਰ ਸਹਿਯੋਗ ਲਈ ਸ਼ੁਕਰਾਨਾ ਕੀਤਾ।

ਉਦਘਾਟਨੀ ਸੈਸ਼ਨ ਤੋਂ ਬਾਅਦ ਡਾ: ਬਲਜੀਤ ਸਿੰਘ, ਸਸਕੈਚਵਨ ਯੂਨੀਵਰਸਿਟੀ ਅਤੇ ਡਾ. ਵਰਨਰ ਗਲੈਨਜ਼ਨਰ, ਮੈਕਗਿਲ ਯੂਨੀਵਰਸਿਟੀ ਵੱਲੋਂ ਮੁੱਖ ਭਾਸ਼ਣ ਦਿੱਤੇ ਗਏ। ਦੁਪਹਿਰ ਦੇ ਸੈਸ਼ਨ ਵਿੱਚ, “ਜੀਨ ਸੰਪਾਦਨ: ਕੀ, ਕਿੱਥੇ, ਕਦੋਂ ਅਤੇ ਕਿਉਂ?” ਵਿਸ਼ੇ `ਤੇ ਇੱਕ ਵਿਹਾਰਕ ਸਿਖਲਾਈ ਸਿਖਲਾਈ ਦਿੱਤੀ ਗਈ। ਇਸ ਸੈਸ਼ਨ ਦਾ ਸੰਯੋਜਨ ਡਾ. ਵਰਨਰ ਗਲੈਨਜ਼ਨਰ, ਡਾ ਰਾਜ ਦੁਗਾਵਤੀ, ਡਾ. ਪਰਵੀਨ ਛੁਨੇਜਾ ਪੀ ਏ ਯੂ, ਡਾ ਰਾਮ ਸਰਨ ਸੇਠੀ ਅਤੇ ਡਾ ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੀ ਦੇਖ-ਰੇਖ ਅਧੀਨ ਹੋਇਆ। 01 ਮਾਰਚ ਨੂੰ ਸੰਪੂਰਨ ਹੋਣ ਵਾਲੀ ਇਸ ਕਾਰਜਸ਼ਾਲਾ ਵਿਚ ਆਉਂਦੇ ਦਿਨਾਂ ਵਿਚ ਜਿਥੇ ਵਿਚਾਰ ਵਟਾਂਦਰਾ ਸੈਸ਼ਨ ਕਰਵਾਏ ਜਾਣਗੇ, ਉਥੇ ਵਿਹਾਰਕ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ।

Leave a Reply

Your email address will not be published. Required fields are marked *