DMT : ਲੁਧਿਆਣਾ : (03 ਅਪ੍ਰੈਲ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 04 ਤੋਂ 06 ਅਪ੍ਰੈਲ ਦੌਰਾਨ ‘ਨੀਲੀ ਰਾਵੀ ਮੱਝਾਂ ਦਾ ਦੁੱਧ ਚੁਆਈ ਮੁਕਾਬਲਾ’ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੀਆਂ ਮੱਝਾਂ 15 ਕਿੱਲੋ ਤੋਂ ਵੱਧ ਦੁੱਧ ਪ੍ਰਤੀ ਦਿਨ ਉਤਪਾਦਨ ਕਰ ਰਹੀਆਂ ਹਨ ਉਹ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ। ਇਸ ਮੁਕਾਬਲੇ ਦਾ ਮੁੱਖ ਮੰਤਵ ਵਧੇਰੇ ਦੁੱਧ ਦੇਣ ਵਾਲੀਆਂ ਨੀਲੀ ਰਾਵੀ ਮੱਝਾਂ ਦੀ ਪਛਾਣ ਕਰਨਾ ਅਤੇ ਅਜਿਹੇ ਕਿਸਾਨਾਂ ਨੂੰ ਉਤਸਾਹਿਤ ਕਰਨਾ ਹੈ। ਇਸ ਉਤਪਾਦਨ ਸਮਰੱਥਾ ਵਾਲੀ ਪ੍ਰਤੀਭਾਗੀ ਹਰੇਕ ਮੱਝ ਦੇ ਮਾਲਕ ਕਿਸਾਨ ਨੂੰ 2100/- ਰੁਪਇਆ, ਮੁਫ਼ਤ ਚਾਰਾ, ਪਾਣੀ ਅਤੇ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜੇਤੂਆਂ ਨੂੰ ਨਗਦ ਇਨਾਮ ਰਾਸ਼ੀ ਅਤੇ ਪ੍ਰਮਾਣ ਪੱਤਰ ਨਾਲ ਨਿਵਾਜਿਆ ਜਾਵੇਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਪੰਜਾਬ ਸੂਬੇ ਦੇ ਕੁੱਲ ਦੁੱਧ ਉਤਪਾਦਨ ਦਾ ਤਕਰੀਬਨ 56 ਪ੍ਰਤੀਸ਼ਤ ਦੁੱਧ ਮੱਝਾਂ ਤੋਂ ਮਿਲਦਾ ਹੈ। ਉਨ੍ਹਾਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਯੂਨੀਵਰਸਿਟੀ ਵਿਖੇ ਇਹ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਪੰਜਾਬ ਰਾਜ ਨੂੰ ਮੱਝਾਂ ਦੇ ਮੋਹਰੀ ਰਾਜ ਵਜੋਂ ਸਥਾਪਿਤ ਕਰਨ ਵਿਚ ਬਹੁਤ ਸਹਿਯੋਗ ਮਿਲੇਗਾ। ਇਸ ਨਾਲ ਕਿਸਾਨਾਂ ਵਿਚ ਜਾਗਰੂਕਤਾ ਵੀ ਆਉਂਦੀ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੁਕਾਬਲੇ ਵਿਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਮੱਝਾਂ ਪਾਲਣ ਨੂੰ ਉਤਸਾਹਿਤ ਕਰਦੀ ਹੈ, ਕਿਉਂਕਿ ਮੱਝ ਸਾਡੇ ਇਸ ਖੇਤਰ ਦਾ ਜੱਦੀ ਪਸ਼ੂ ਹੈ ਅਤੇ ਇਸ ਦੇ ਦੁੱਧ ਵਿਚ ਚਿਕਨਾਈ ਦੀ ਮਾਤਰਾ ਵੀ ਕਾਫੀ ਹੁੰਦੀ ਹੈ। ਇਸ ਤਰ੍ਹਾਂ ਦੇ ਮੁਕਾਬਲੇ ਜਿਥੇ ਕਿਸਾਨਾਂ ਨੂੰ ਵਧੀਆ ਨਸਲ ਰੱਖਣ ਲਈ ਪ੍ਰੇਰਦੇ ਹਨ ਉਥੇ ਇਕ ਆਮ ਉਪਭੋਗੀ ਨੂੰ ਵੀ ਪਸ਼ੂਆਂ ਦੀ ਨਸਲ ਅਤੇ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਬਾਰੇ ਪਤਾ ਲੱਗਦਾ ਹੈ।
ਦੁੱਧ ਚੁਆਈ ਮੁਕਾਬਲੇ ਸੰਬੰਧੀ ਕਿਸੇ ਵੀ ਜਾਣਕਾਰੀ ਲਈ 0161-2553364 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।