ਵੈਟਨਰੀ ਯੂਨੀਵਰਸਿਟੀ 14 ਅਤੇ 15 ਸਤੰਬਰ ਨੂੰ ਕਰਵਾਏਗੀ ‘ਪਸ਼ੂ ਪਾਲਣ ਮੇਲਾ’

Ludhiana Punjabi

DMT : ਲੁਧਿਆਣਾ : (08 ਸਤੰਬਰ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ 14 ਅਤੇ 15 ਸਤੰਬਰ 2023 ਨੂੰ ਦੋ ਦਿਨਾ ‘ਪਸ਼ੂ ਪਾਲਣ ਮੇਲਾ’ ਕਰਵਾਏਗੀ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਪੁੱਛਗਿਛ ਤੋਂ ਪਤਾ ਲਗਦਾ ਹੈ ਕਿ ਉਹ ਮੇਲਾ ਵੇਖਣ ਲਈ ਬਹੁਤ ਤਾਂਘਵਾਨ ਹਨ।

          ਮੇਲੇ ਵਿਚ ਯੂਨੀਵਰਸਿਟੀ ਵੱਲੋਂ ਵੈਟਨਰੀ ਅਤੇ ਪਸ਼ੂ ਵਿਗਿਆਨ, ਡੇਅਰੀ, ਪੋਲਟਰੀ, ਫ਼ਿਸ਼ਰੀਜ਼ ਸੰਬੰਧੀ ਤਕਨੀਕਾਂ ਦਾ ਪ੍ਰਦਰਸ਼ਨ ਹੋਵੇਗਾ ਅਤੇ ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ। ਸਵਾਲਾਂ ਜਵਾਬਾਂ ਦਾ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਉਤਮ ਨਸਲ ਦੇ ਪਸ਼ੂ, ਮੱਝਾਂ, ਬੱਕਰੀਆਂ ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੰਪੂਰਨ ਸਾਹਿਤ ਅਤੇ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਉਪਲਬਧ ਹੋਵੇਗਾ। ਕਈ ਕਿਤਾਬਚੇ ਅਤੇ ਹੋਰ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ ਜਾਣਗੀਆਂ।  

          ਪਸ਼ੂਆਂ ਦੀ ਨਸਲ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਵਸਤਾਂ ਸੰਬੰਧੀ ਮਸ਼ੀਨਰੀ, ਦਵਾਈਆਂ, ਟੀਕਿਆਂ, ਪਸ਼ੂ ਫੀਡ ਨਾਲ ਸੰਬੰਧਿਤ ਕੰਪਨੀਆਂ ਅਤੇ ਵਿਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ ਵਿਚ ਮੌਜੂਦ ਹੋਣਗੇ। ਮੇਲੇ ਵਿਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਧਾਤਾਂ ਦੇ ਚੂਰੇ, ਪਸ਼ੂ ਚਾਟ, ਬਾਈਪਾਸ ਫੈਟ, ਪਰਾਲੀ ਨੂੰ ਯੂਰੀਏ ਨਾਲ ਸੋਧਣ ਸੰਬੰਧੀ ਦੱਸਿਆ ਜਾਏਗਾ। ਕਿਸਾਨਾਂ ਨੂੰ ਲੇਵੇ ਦੀ ਸੋਜ, ਦੁੱਧ ਦੀ ਜਾਂਚ, ਪਸ਼ੂ ਜ਼ਹਿਰਬਾਦ, ਅੰਦਰੂਨੀ ਪਰਜੀਵੀਆਂ ਬਾਰੇ ਜਾਗਰੂਕ ਕੀਤਾ ਜਾਏਗਾ। ਪਸ਼ੂ ਦੇ ਖੂਨ, ਗੋਹੇ, ਪਿਸ਼ਾਬ, ਚਮੜੀ, ਫੀਡ ਦੇ ਨਮੂਨੇ, ਦੁੱਧ ਅਤੇ ਚਾਰਿਆਂ ਦੇ ਜ਼ਹਿਰਬਾਦ ਸੰਬੰਧੀ ਮੇਲੇ ਦੌਰਾਨ ਜਾਂਚ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਮੇਲੇ ਲਈ ਅਸੀਂ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੱਦਾ ਦਿੰਦੇ ਹਾਂ। ਜਿੱਥੇ ਮੇਲੇ ਵਿਚ ਪਸ਼ੂ ਪਾਲਣ ਅਤੇ ਕਿਸਾਨੀ ਨਾਲ ਸੰਬੰਧਿਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ ਉਥੇ 100 ਤੋਂ ਵਧੇਰੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਣ, ਮਸ਼ੀਨਰੀ ਅਤੇ ਪਸ਼ੂਆਂ ਨਾਲ ਸੰਬੰਧਿਤ ਸਹੂਲਤਾਂ ਬਾਰੇ ਸਟਾਲ ਲਗਾਉਣਗੇ। ਯੂਨੀਵਰਸਿਟੀ ਦੀ ਅਗਵਾਈ ਅਧੀਨ ਕੰਮ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਸਟਾਲ ਲਗਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਮੇਲਾ ਅਸੀਂ ਏਕੀਕ੍ਰਿਤ ਖੇਤੀ ਢਾਂਚੇ ਨੂੰ ਸਮਰਪਿਤ ਕਰ ਰਹੇ ਹਾਂ ਤਾਂ ਜੋ ਪਸ਼ੂ ਪਾਲਣ ਅਤੇ ਖੇਤੀਬਾੜੀ ਨੂੰ ਸਾਂਝੇ ਅਤੇ ਸਮੁੱਚੇ ਰੂਪ ਵਿਚ ਕੀਤਾ ਜਾਵੇ। ਇਸੇ ਲਈ ਇਸ ਵਾਰ ਦੇ ਮੇਲੇ ਦਾ ਨਾਅਰਾ ਰੱਖਿਆ ਹੈ ‘ਡੇਅਰੀ, ਬੱਕਰੀਆਂ, ਸੂਰ ਤੇ ਮੱਛੀ, ਇੱਕੋ ਫਾਰਮ ਆਮਦਨ ਅੱਛੀ’। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਗਿਆਨਕ ਖੇਤੀ ਨੂੰ ਅਪਨਾਉਣ ਅਤੇ ਉਤਸਾਹਿਤ ਕਰਨ ਵਾਲੇ ਤਿੰਨ ਕਿਸਾਨਾਂ ਨੂੰ ‘ਮੁੱਖ ਮੰਤਰੀ ਪੁਰਸਕਾਰ’ ਨਾਲ ਵੀ ਨਿਵਾਜਿਆ ਜਾਏਗਾ।

Leave a Reply

Your email address will not be published. Required fields are marked *