ਵੱਡੇ ਵੀਰ ਪ੍ਰੋਃ ਸੁਖਵੰਤ ਸਿੰਘ ਗਿੱਲ(ਬਟਾਲਾ) ਦੀ ਨਜ਼ਰ ਵਿੱਚ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ “ਅੱਖਰ ਅੱਖਰ”

Ludhiana Punjabi

DMT : ਲੁਧਿਆਣਾ : (23 ਅਗਸਤ 2023) : –   ਸ਼ਿਵ ਕੁਮਾਰ ਦੀ ਬਰਸੀ ਵਾਲੇ ਦਿਨ 6ਮਈ ਨੂੰ ਮੇਰੇ ਮੇਰੇ ਛੋਟੇ ਭਰਾ ਗੁਰਭਜਨ ਗਿੱਲ ਨੇ ਆਪਣਾ ਨਵਾਂ ਗ਼ਜ਼ਲ ਸੰਗ੍ਰਹਿ “ਅੱਖਰ ਅੱਖਰ” ਮੈਨੂੰ ਬਟਾਲਾ ਵਾਲੇ ਘਰ ਵਿਖੇ ਭੇਂਟ ਕੀਤਾ, ਤਾਂ ਮੈਨੂੰ ਇਹ ਕਿਤਾਬ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ। ਉਸ ਸਮੇਂ ਮੇਰਾ ਧਿਆਨ ਗੁਰਭਜਨ ਦੀ ਪਹਿਲੀ ਕਿਤਾਬ “ਸ਼ੀਸ਼ਾ ਝੂਠ ਬੋਲਦਾ ਹੈ” ਵੱਲ ਚਲਾ ਗਿਆ। ਇਹ ਕਿਤਾਬ 1978 ਵਿੱਚ ਪਿੰਡ ਬਸੰਤ ਕੋਟ ਆ ਕੇ ਉਸਨੇ ਪਹਿਲੀ ਕਾਪੀ ਬਾਪੂ ਜੀ,ਬੀਬੀ ਜੀ ਸਮੇਤ ਸਾਰੇ ਪਰਿਵਾਰ ਨੂੰ ਭੇਂਟ ਕੀਤੀ ਸੀ ਭਾਵੇਂ ਕਿ ਉਹ ਦੋਵੇਂ ਹੀ ਹੀ ਪੜ੍ਹ ਨਹੀਂ ਸਨ ਸਕਦੇ। ਇਹ ਕਿਤਾਬ ਸਾਡੀ ਘਰੇਲੂ ਲਾਇਬ੍ਰੇਰੀ ਵਿੱਚ ਅੱਜ ਵੀ ਮੌਜੂਦ ਹੈ। ਉਸ ਸਮੇਂ ਪਰਿਵਾਰ ਵਿੱਚ ਬਹੁਤ ਚਾਅ ਵਾਲਾ ਮਾਹੌਲ ਬਣ ਗਿਆ ਸੀ ਅਤੇ ਠੀਕ ਉਸੇ ਤਰ੍ਹਾਂ ਦਾ ਮਾਹੌਲ ਇਹ ਕਿਤਾਬ ਪ੍ਰਾਪਤ ਕਰਨ ਵੇਲੇ ਸਾਡੇ ਘਰ ਅਰਬਨ ਅਸਟੇਟ ਬਟਾਲਾ ਵਿਖੇ ਉਸ ਦਿਨ ਬਣਿਆ ਸੀ। ਫਰਕ ਕੇਵਲ ਐਨਾ ਸੀ ਕਿ ਪਿੰਡ ਬਸੰਤ ਕੋਟ ਵਿੱਚ ਉਸ ਦਾ ਪਹਿਲਾ ਕਾਵਿ ਸੰਗ੍ਰਹਿ “ਸ਼ੀਸ਼ਾ ਝੂਠ ਬੋਲਦਾ ਹੈ” ਪ੍ਰਾਪਤ ਕਰਨ ਵੇਲੇ ਸਾਡੇ ਬਾਪੂ ਜੀ ਅਤੇ ਬੀਬੀ ਜੀ ਸਾਡੇ ਦਰਮਿਆਨ ਹਾਜ਼ਰ ਸਨ, ਪਰ ਅੱਜ ਭਾਵੇਂ ਉਹ ਦੁਨੀਆਂ ਵਿੱਚ ਨਹੀਂ ਹਨ, ਪਰ ਉਹਨਾਂ ਦੀ ਆਤਮਿਕ ਹੋਂਦ, ਗੁਰਭਜਨ ਦੇ ਇਸ ਨਵੇਂ ਗ਼ਜ਼ਲ ਸੰਗ੍ਰਹਿ “ਅੱਖਰ ਅੱਖਰ” ਪ੍ਰਾਪਤ ਕਰਨ ਵੇਲੇ ਮੈਨੂੰ ਮਹਿਸੂਸ ਜ਼ਰੂਰ ਹੋਈ ਸੀ। ਇਸ ਕਿਤਾਬ ਦੀ ਪ੍ਰਾਪਤੀ ਵੇਲੇ ਸਾਡੇ ਅੰਗ ਸੰਗ ਡਾਃ ਅਨੂਪ ਸਿੰਘ ਬਟਾਲਾ ਤੇ ਡਾਃ ਨਰੇਸ਼ ਕੁਮਾਰ ਦਾ ਕਾਦੀਆਂ ਤੋਂ ਆਇਆ ਪਰਿਵਾਰ ਸੀ।
      ਜਦੋਂ ਇਸ ਗ਼ਜ਼ਲ ਸੰਗ੍ਰਹਿ ਦਾ ਨਾਂ “ਅੱਖਰ ਅੱਖਰ” ਮੇਰੀ ਜੀਵਨ ਸਾਥਣ ਕੁਲਵੰਤ ਕੌਰ ਨੇ ਵੇਖਿਆ ਤਾਂ ਉਹ ਪੁੱਛਣ ਲੱਗੀ ਕਿ ਇਹ “ਅੱਖਰ ਅੱਖਰ” ਨਾਂ ਕੀ ਹੋਇਆ?
ਉਸ ਦੀ ਗੱਲ ਸੁਣ ਕੇ ਮੈਨੂੰ, ਮੇਰੇ ਸਾਹਮਣੇ ਸਾਡੇ ਚਾਚਾ ਜੀ ਧਿਆਨ ਸਿੰਘ ਅਤੇ ਗੁਰਭਜਨ ਦਰਮਿਆਨ ਕਈ ਸਾਲ ਪਹਿਲਾਂ ਹੋਈ ਗੱਲਬਾਤ ਚੇਤੇ ਆ ਗਈ। ਗੱਲ ਇੰਜ ਹੋਈ ਕਿ ਗੁਰਭਜਨ ਸਾਡੇ ਚਾਚਾ ਜੀ ਨਾਲ ਗੱਲਬਾਤ ਮੌਕੇ ਅਕਸਰ ਅਜਿਹੀ ਖੁੱਲ੍ਹ ਲੈ ਲਿਆ ਕਰਦਾ ਸੀ, ਜਿਹੜੀ ਖੁੱਲ੍ਹ ਸਾਨੂੰ ਬਾਕੀ ਤਿੰਨਾਂ ਭੈਣ ਭਰਾਵਾਂ ਨੂੰ ਜ਼ਿੰਦਗੀ ਭਰ ਕਦੇ ਵੀ ਨਸੀਬ ਨਹੀਂ ਹੋਈ।
ਇਕ ਦਿਨ ਗੁਰਭਜਨ, ਚਾਚਾ ਜੀ ਨੂੰ ਮਜ਼ਾਕ ਮਜ਼ਾਕ ਵਿੱਚ ਕਹਿਣ ਲੱਗਾ ਕਿ ਚਾਚਾ ਜੀ, ਤੁਹਾਡੇ ਫੌਜੀਆਂ ਕੋਲ ਫ਼ੌਜ ਬਾਰੇ ਕੇਵਲ ਦੋ, ਤਿੰਨ ਗੱਲਾਂ ਹੀ ਹੁੰਦੀਆਂ ਹਨ ਅਤੇ ਤੁਸੀਂ ਇਹਨਾਂ ਦੋ, ਤਿੰਨ ਗੱਲਾਂ ਨੂੰ ਹੀ ਆਪਸ  ਵਿੱਚ ਜੋੜ ਤੋੜ ਕੇ ਫ਼ੌਜ ਦੀਆਂ ਅਨੇਕਾਂ ਕਹਾਣੀਆਂ ਸੁਣਾਈ ਜਾਂਦੇ ਹੋ।
ਚਾਚਾ ਜੀ ਮੁਸਕਰਾ ਕੇ ਗੁਰਭਜਨ ਨੂੰ ਪੁੱਛਣ ਲੱਗੇ ਕਿ ਤੂੰ ਪੰਜਾਬੀ ਦੀ ਐਮ ਏ ਪਾਸ ਏਂ ਅਤੇ ਕੁਝ ਕਿਤਾਬਾਂ ਵੀ ਲਿਖੀਆਂ ਨੇ? ਗੁਰਭਜਨ ਨੇ ਹਾਂ ਕਿਹਾ। ਚਾਚਾ ਜੀ ਨੇ ਉਸ ਨੂੰ ਮੁੜ ਪੁੱਛਿਆ ਕਿ ਕੀ ਤੇਰੇ ਤੋਂ ਬਿਨਾਂ ਵੀ ਕਿਸੇ ਹੋਰ ਨੇ ਵੀ ਪੰਜਾਬੀ ਦੀ ਐਮ ਏ ਪਾਸ ਕੀਤੀ ਹੈ ਜਾਂ ਕਿਤਾਬਾਂ ਲਿਖੀਆਂ ਨੇ? ਗੁਰਭਜਨ ਨੇ ਮੁੜ ਹਾਂ ਕਿਹਾ। ਚਾਚਾ ਜੀ ਨੇ ਉਸ ਨੂੰ ਮੁੜ ਪੁੱਛਿਆ ਕਿ ਪੰਜਾਬੀ ਵਿੱਚ ਕੁੱਲ ਅੱਖਰ ਕਿੰਨੇ ਹੁੰਦੇ ਨੇ? ਗੁਰਭਜਨ ਨੇ ਕਿਹਾ ਪੈਂਤੀ।
ਚਾਚਾ ਜੀ ਹੱਸ ਕੇ ਕਹਿਣ ਲੱਗੇ ਕਿ ਜ਼ਰਾ ਗੱਲ ਸੁਣ! ਜੇ ਤੁਸੀਂ ਦੁਨੀਆਂ ਵਿੱਚ ਐਨੇ ਬੰਦੇ ਪੰਜਾਬੀ ਦੇ ਪੈਂਤੀ ਅੱਖਰਾਂ ਨਾਲ ਗੁਜ਼ਾਰਾ ਕਰੀ ਜਾ ਰਹੇ ਹੋ, ਤਾਂ ਕੀ ਮੈਂ ਇਕ ਰਿਟਾਇਰ ਫੌਜੀ, ਬਾਰਡਰ ਦੇ ਬਸੰਤ ਕੋਟ ਪਿੰਡ ਵਿੱਚ ਰਹਿ ਕੇ, ਫ਼ੌਜ ਬਾਰੇ ਕੇਵਲ ਦੋ, ਤਿੰਨ ਗੱਲਾਂ ਨਾਲ ਗੁਜ਼ਾਰਾ ਨਹੀਂ ਕਰ ਸਕਦਾ? ਗੱਲ ਹਾਸੇ ਵਿੱਚ ਪੈ ਗਈ, ਪਰ ਇਹ ਗੱਲ ਹੈ ਬੜੀ ਵਜ਼ਨਦਾਰ। ਕਿਉਂਕਿ ਅੱਖਰ ਉਹ ਆਵਾਜ਼ ਹੈ, ਜਿਸ ਰਾਹੀਂ ਹਰ ਭਾਸ਼ਾ ਨੇ ਜਨਮ ਲਿਆ ਹੈ। ਅੱਖਰਾਂ ਦੇ ਮੇਲ ਤੋਂ ਸ਼ਬਦ ਬਣਦੇ ਹਨ ਅਤੇ ਇਹਨਾਂ ਸ਼ਬਦਾਂ ਦੇ ਮੇਲ ਨਾਲ ਹੀ ਵਾਰਤਕ,ਕਵਿਤਾ ਜਾਂ ਕੋਈ ਹੋਰ ਸਾਹਿੱਤਕ ਸਿਰਜਣਾ ਜਾਂ ਗਿਆਨ ਪੋਥੀ ਹੋਂਦ ਵਿੱਚ ਆਉਂਦੀ ਹੈ। ਜਿਨ੍ਹਾਂ ਰਾਹੀਂ ਅਸੀਂ ਆਪਣੇ ਸਾਰੇ ਮਨੋਭਾਵਾਂ ਨੂੰ ਦੂਸਰਿਆਂ ਤੱਕ ਪਹੁੰਚਾਉਂਦੇ ਹਾਂ ਅਤੇ ਉਨ੍ਹਾਂ ਦੇ ਮਨੋਭਾਵਾਂ ਦਾ ਸਾਨੂੰ ਪਤਾ ਲੱਗ ਜਾਂਦਾ ਹੈ।
 ‌     ਗੁਰਬਾਣੀ ਅੰਦਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 4 ਉੱਪਰ ‘ਅੱਖਰ’ ਦੀ ਮਹੱਤਤਾ ਬਾਰੇ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ:
ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥
     ਮੁੱਕਦੀ ਗੱਲ ਇਹ ਹੈ ਕਿ ਇਸੇ ਤਰ੍ਹਾਂ ਗੁਰਭਜਨ ਨੇ ਵੀ ਇਹਨਾਂ ਪੰਜਾਬੀ ਦੇ 35 ਅੱਖਰਾਂ ਦੇ ਤਾਲ ਮੇਲ ਨਾਲ ਹੀ, ਇਸ “ਅੱਖ਼ਰ ਅੱਖ਼ਰ” ਨਾਂ ਦੇ ਇਸ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ਵਿੱਚ ਸ਼ਾਮਲ ਕੀਤਾ ਹੈ।
ਸੱਚ ਜਾਣਿਓ! ਮੈਂ ਪੰਜਾਬੀ ਪਾਠਕ ਹਾਂ ਅਤੇ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਬਾਰੇ ਮੇਰੀ ਸੂਝ ਗਿਆਰਵੀਂ ਜਮਾਤ ਦੇ ਪੰਜਾਬੀ ਵਿਸ਼ੇ ਤੱਕ ਹੀ ਸੀਮਤ ਹੈ। ਜਿਸ ਅਨੁਸਾਰ ਮੈਨੂੰ ਕੇਵਲ ਐਨਾ ਹੀ ਪਤਾ ਹੈ ਕਿ ਕਵਿਤਾ, ਵਾਰਤਕ, ਨਾਵਲ, ਨਿੱਕੀ ਕਹਾਣੀ, ਨਾਟਕ, ਇਕਾਂਗੀ, ਜੀਵਨੀ, ਲੇਖ ਆਦਿਕ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪ ਹਨ। ਇਹਨਾਂ ਵਿਚੋਂ ਕਵਿਤਾ ਸਾਹਿਤ ਦਾ ਇਕ ਬਹੁਤ ਹੀ ਮਹੱਤਵਪੂਰਨ ਰੂਪ ਹੈ। ਇਹ ਇੱਕ ਅਜਿਹੀ ਰਚਨਾ ਹੁੰਦੀ ਹੈ, ਜਿਸ ਵਿੱਚ ਖ਼ਿਆਲ, ਜਜ਼ਬਾ, ਕਲਪਨਾ, ਸੁਰ, ਤਾਲ ਦਾ ਸੁਮੇਲ ਹੁੰਦਾ ਹੈ। ਕਵਿਤਾ ਲਿਖਣ ਵਾਲੇ ਨੂੰ ਕਵੀ ਕਿਹਾ ਜਾਂਦਾ ਹੈ। ਕਵੀ ਉਹੋ ਹੀ ਬਣ ਸਕਦਾ ਹੈ, ਜਿਸ ਦੀ ਰੂਹ ਵਿੱਚ ਦੁਨੀਆ ਦਾ ਦਰਦ ਹੋਵੇ। ਮੇਰਾ ਛੋਟਾ ਭਰਾ ਗੁਰਭਜਨ ਵੀ ਸ਼ੁਰੂ ਤੋਂ ਅਜਿਹੀਆਂ ਹੀ ਕੋਮਲ ਭਾਵਨਾਵਾਂ ਨਾਲ ਲਬਰੇਜ਼ ਹੈ।
ਮੈਨੂੰ ਇੱਥੇ ਅਜਿਹੀ ਹੀ ਇੱਕ ਪਰਿਵਾਰਿਕ ਘਟਨਾ ਯਾਦ ਆ ਰਹੀ ਹੈ। ਗੁਰਭਜਨ ਮੇਰੇ ਤੋਂ 6 ਸਾਲ ਛੋਟਾ ਹੈ। ਅਸੀਂ ਪਿੰਡ ਦੇ ਦੂਸਰੇ ਲੋਕਾਂ ਵਾਂਗ ਘਰ ਦੀ ਇੱਕ ਨੁੱਕਰੇ ਖੁੱਡਾ ਬਣਾ ਕੇ ਕੁੱਕੜੀਆਂ ਰੱਖੀਆਂ ਹੋਈਆਂ ਸਨ। ਇਹਨਾਂ ਵਿਚੋਂ ਕੁਝ ਕੁੱਕੜ ਵੀ ਸਨ। ਇਹਨਾਂ ਕੁੱਕੜਾਂ  ਵਿੱਚੋਂ ਇੱਕ ਬਹੁਤ ਸੋਹਣਾ ਤੇਜ਼ ਤਰਾਰ  ਸੀ।
ਗੁਰਭਜਨ ਉਸ ਕੁੱਕੜ ਨੂੰ ਬਹੁਤ ਪਿਆਰ ਕਰਦਾ ਸੀ।  ਦਾਣੇ ਚਾਰਦਾ ਰਹਿੰਦਾ। ਹੌਲੀ ਹੌਲੀ ਇਸ ਕੁੱਕੜ ਦੇ ਘਰ ਵਿੱਚ ਉਲਾਹਮੇ ਆਉਣੇ ਸ਼ੁਰੂ ਹੋ ਗਏ ਕਿਉਂਕਿ ਇਹ ਘਰ ਅੱਗਿਉਂ ਲੰਘਦੇ ਲੋਕਾਂ ਨੂੰ ਬਹੁਤ ਠੂੰਗੇ ਮਾਰਦਾ ਸੀ। ਸੋ, ਬੀਬੀ ਜੀ ਬਾਪੂ ਜੀ ਨੇ ਇਹ ਕੁੱਕੜ ਵੇਚਣ ਦਾ ਫ਼ੈਸਲਾ ਕਰ ਲਿਆ ਅਤੇ ਸਾਡੇ ਪਿੰਡ ਦੀ “ਕੋਠੇ ਵਾਲਿਆਂ ਦੀ ਪੱਤੀ” ਦੇ ਸਃ ਅਜੀਤ ਸਿੰਘ ਨੂੰ ਇਹ ਕੁੱਕੜ ਪੰਜ ਰੁਪਏ ਵਿੱਚ ਵੇਚ ਦਿੱਤਾ। ਜਦੋਂ ਭੱਜਦੇ ਕੁੱਕੜ ਨੂੰ ਫੜਿਆ ਜਾ ਰਿਹਾ ਸੀ, ਤਾਂ ਉਸ ਵੇਲੇ ਗੁਰਭਜਨ ਇਹ ਜ਼ਿਦ ਕਰ ਕੇ ਰੋ ਰਿਹਾ ਸੀ ਕਿ ਇਹ ਕੁੱਕੜ ਨਾ ਵੇਚੋ। ਇਨ੍ਹਾਂ ਨੇ ਇਸ ਨੂੰ ਵੱਢ ਦੇਣਾ ਹੈ।ਆਖਰ  ਉਹ ਕੁੱਕੜ ਫੜਿਆ ਗਿਆ ਅਤੇ ਪੰਜ ਰੁਪਏ ਲੈ ਕੇ ਉਹ ਕੁੱਕੜ ਸ੍ਰ ਅਜੀਤ ਸਿੰਘ ਨੂੰ ਸੌਂਪ ਦਿੱਤਾ ਗਿਆ। ਉਹ ਕੁੱਕੜ ਸ੍ਰ ਅਜੀਤ ਸਿੰਘ ਨੂੰ ਸੌਂਪਣ ਦੀ ਹੀ ਦੇਰ ਸੀ ਕਿ ਗੁਰਭਜਨ ਬੇਹੋਸ਼ ਹੋ ਕੇ ਧਰਤੀ ‘ਤੇ ਚੌਫਾਲ ਡਿੱਗ ਪਿਆ। ਦੰਦਲ ਪੈ ਗਈ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹ ਸਾਰਾ ਦ੍ਰਿਸ਼ ਵੇਖ ਕੇ ਸ੍ਰ ਅਜੀਤ ਸਿੰਘ ਨੇ ਇਹ ਕਹਿੰਦਿਆਂ ਕੁੱਕੜ ਨੂੰ ਖੁੱਲ੍ਹਾ ਛੱਡ ਦਿੱਤਾ ਕਿ ਮੈਂ ਨਹੀਂ ਇਹ ਕੁੱਕੜ ਖਰੀਦਣਾ ਅਤੇ ਗੁਰਭਜਨ ਨੂੰ ਬੜੇ ਲਾਡ ਨਾਲ ਕਹਿਣ ਲੱਗਾ, ਵੇਖ ਲੈ, ਮੈਂ ਕੁੱਕੜ ਨੂੰ ਖੁੱਲ੍ਹਾ ਛੱਡ ਦਿੱਤਾ ਹੈ ਅਤੇ ਇਸ ਨੂੰ ਨਾਲ ਨਹੀਂ ਲਿਜਾ ਰਿਹਾ ਅਤੇ ਬਾਪੂ ਜੀ ਨੇ ਪੰਜ ਰੁਪਏ ਸ੍ਰ ਅਜੀਤ ਸਿੰਘ ਨੂੰ ਵਾਪਸ ਕਰ ਦਿੱਤੇ।
ਸੋ, ਨਿੱਕੇ ਹੁੰਦਿਆਂ ਤੋਂ ਹੀ ਗੁਰਭਜਨ ਕੋਮਲ ਭਾਵਨਾਵਾਂ ਨਾਲ ਲਬਰੇਜ਼ ਹੈ। ਕਵੀ ਕੋਮਲ ਭਾਵੀ ਹੁੰਦਾ ਹੈ, ਜੋ ਹਰ ਕਿਸੇ ਦੇ ਦੁੱਖ ਵਿੱਚ ਆਪਣਾ ਆਪ ਭੁੱਲ ਜਾਂਦਾ ਹੈ। ਕਵਿਤਾ ਅਸਲ ਵਿੱਚ ਮਨੁੱਖੀ ਜਜ਼ਬਿਆਂ ਦਾ ਬੇ-ਰੋਕ ਉਛਾਲਾ ਹੁੰਦਾ ਹੈ ਅਤੇ ਮਨੁੱਖੀ ਮਨ ਵਿੱਚ ਜਦੋਂ ਖ਼ੁਸ਼ੀਆਂ-ਗ਼ਮੀਆਂ ਦੇ ਤਿੱਖੇ ਵਲਵਲੇ ਬੇਕਾਬੂ ਹੋ ਜਾਂਦੇ ਹਨ ਤਾਂ ਇਹੋ ਹੀ ਉਛਾਲੇ ਕਵਿਤਾ ਦੀ ਸ਼ਕਲ ਵਿੱਚ ਪ੍ਰਗਟ ਹੋ ਜਾਂਦੇ ਹਨ।

 ਇਸ ਤੋਂ ਪਹਿਲਾਂ ਕਿ ਮੈਂ ਗੁਰਭਜਨ ਦੀ “ਅੱਖਰ ਅੱਖਰ” ਬਾਰੇ ਗੱਲ ਕਰਾਂ, ਪਹਿਲਾਂ ਮੈਂ ਉਸ ਦੀਆਂ ਹੋਰ ਰਚਨਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ। ਉਸ ਦੀ ਪਹਿਲੀ ਕਿਤਾਬ “ਸ਼ੀਸ਼ਾ ਝੂਠ ਬੋਲਦਾ ਹੈ” ਨਾਮਕ ਕਾਵਿ ਸੰਗ੍ਰਹਿ 1978 ਵਿੱਚ ਪ੍ਰਕਾਸ਼ਿਤ ਹੋਈ ਸੀ। ਜਦੋਂ 1978 ਵਿੱਚ ਇਹ ਕਿਤਾਬ ਪ੍ਰਕਾਸ਼ਿਤ ਹੋਈ ਸੀ, ਤਾਂ ਉਸ ਸਮੇਂ ਆਪਣੇ ਪਿੰਡ ਬਸੰਤ ਕੋਟ ਦੇ ਪਰਿਵਾਰ ਅਤੇ ਸਨੇਹੀਆਂ ਨੇ, ਜਿਹੜੇ ਚਾਵਾਂ ਨਾਲ ਬੀਬੀ ਜੀ ਬਾਪੂ ਜੀ ਦੀ ਰਹਿਨੁਮਾਈ ਹੇਠ ਇਸ ਕਿਤਾਬ ਦਾ ਸੁਆਗਤ ਕੀਤਾ ਸੀ, ਉਹ ਸੁਆਗਤੀ ਤਰੰਗਾਂ, ਗੁਰਭਜਨ ਦੀਆਂ ਸਾਹਿਤਕ ਰਚਨਾਵਾਂ ਬਾਰੇ ਅੱਜ ਵੀ ਸਾਡੇ ਸਾਰੇ ਇਲਾਕੇ ਅੰਦਰ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ1985 ਵਿੱਚ ਹਰ ਧੁਖਦਾ ਪਿੰਡ ਮੇਰਾ ਹੈ ਗ਼ਜ਼ਲ ਸੰਗ੍ਰਹਿ ਛਪਿਆ। ਇਸ ਦੀ ਭੂਮਿਕਾ ਗ਼ਜ਼ਲ ਸਮਰਾਟ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੇ ਲਿਖੀ ਸੀ।  ਬੋਲ ਮਿੱਟੀ ਦਿਆ ਬਾਵਿਆ 1992 (ਕਾਵਿ ਸੰਗ੍ਰਹਿ), ਅਗਨ ਕਥਾ 2000 (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ 2005 (ਕਾਵਿ ਸੰਗ੍ਰਹਿ), ਧਰਤੀ ਨਾਦ 2006 (ਕਾਵਿ ਸੰਗ੍ਰਹਿ), ਚਰਖ਼ੜੀ 2021 (ਕਾਵਿ ਸੰਗ੍ਰਹਿ), ਪਾਰਦਰਸ਼ੀ 2008 (ਕਾਵਿ ਸੰਗ੍ਰਹਿ) ਅਤੇ ਮਨ ਤੰਦੂਰ 2014 (ਕਾਵਿ ਸੰਗ੍ਰਹਿ) ਆਦਿ ਨਾਵਾਂ ਦੇ 9 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਇਸੇ ਤਰ੍ਹਾਂ ਉਸ ਦੇ ਹਰ ਧੁਖਦਾ ਪਿੰਡ ਮੇਰਾ ਹੈ ਗ਼ਜ਼ਲ ਸੰਗ੍ਰਹਿ 1985,ਮੋਰ ਪੰਖ 2010 (ਗ਼ਜ਼ਲ ਸੰਗ੍ਰਹਿ), ਗੁਲਨਾਰ 2015 (ਗ਼ਜ਼ਲ ਸੰਗ੍ਰਹਿ), ਮਿਰਗਾਵਲੀ 2016 (ਗ਼ਜ਼ਲ ਸੰਗ੍ਰਹਿ), ਰਾਵੀ 2018 (ਗ਼ਜ਼ਲ ਸੰਗ੍ਰਹਿ), ਮਨ ਪਰਦੇਸੀ 2019 (ਗ਼ਜ਼ਲ ਸੰਗ੍ਰਹਿ), ਸੁਰਤਾਲ 2021 (ਗ਼ਜ਼ਲ ਸੰਗ੍ਰਹਿ)‌ ਅਤੇ ਜ਼ੇਵਰ 2023 (ਗ਼ਜ਼ਲ ਸੰਗ੍ਰਹਿ) ਆਦਿ ਨਾਵਾਂ ਦੇ 8 ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਇਨ੍ਹਾਂ ਤੋਂ ਇਲਾਵਾ ਉਸ ਦੇ ਦੋ ਕੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ 2006 ਤੇ ਪਿੱਪਲ ਪੱਤੀਆਂ ਵੀ ਛਪ ਚੁਕੇ ਹਨ। ਤਿੰਨ ਰੁਬਾਈ ਸੰਗ੍ਰਹਿ ਸੰਧੂਰਦਾਨੀ , ਪੱਤੇ ਪੱਤੇ ਲਿਖੀ ਇਬਾਰਤ (2021) ਤੇ ਜਲ ਕਣ (2022)ਵੀ ਪ੍ਰਕਾਸ਼ਿਤ ਹੋ ਚੁਕੇ ਹਨ।
ਇਸ ਦੇ ਨਾਲ ਹੀ ਸ੍ਰੀ ਤੇਜ ਪ੍ਰਤਾਪ ਸਿੰਘ ਸੰਧੂ ਦੇ ਫ਼ੋਟੋ ਚਿੱਤਰਾਂ ਸਹਿਤ, ਕੈਮਰੇ ਦੀ ਅੱਖ ਬੋਲਦੀ 1999 (ਸੁਚਿੱਤਰ ਵਾਰਤਕ), ਪੱਤੇ ਪੱਤੇ ਲਿਖੀ ਇਬਾਰਤ 2021 (ਰੁਬਾਈਆਂ) ਨਾਂ ਦੀਆਂ ਕੌਫੀ ਟੇਬਲ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ ਹਨ।
ਖ਼ੈਰ ਪੰਜਾਂ ਪਾਣੀਆਂ ਦੀ 2005 (ਕਾਵਿ ਸੰਗ੍ਰਹਿ), ਰਾਵੀ 2018 (ਗ਼ਜ਼ਲ ਸੰਗ੍ਰਹਿ) ਅਤੇ ਸੁਰਤਾਲ 2021 (ਗ਼ਜ਼ਲ ਸੰਗ੍ਰਹਿ) ਨਾਂ ਦੇ ਸੰਗ੍ਰਹਿ ਸ਼ਾਹਮੁਖੀ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋ ਚੁਕੇ ਹਨ। ਸੁਰਖ਼ ਸਮੁੰਦਰ 1992 (ਕਾਵਿ ਸੰਗ੍ਰਹਿ), ਦੋ ਹਰਫ਼ ਰਸੀਦੀ 1996 (ਗ਼ਜ਼ਲ ਸੰਗ੍ਰਹਿ) ਅਤੇ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ 2014 (ਗ਼ਜ਼ਲ ਸੰਗ੍ਰਹਿ) ਉਸ ਦੀਆਂ ਰਚਨਾਵਾਂ ਦੇ ਹੋਰਨਾਂ ਵੱਲੋਂ ਸੰਪਾਦਿਤ ਸੰਗ੍ਰਹਿ ਹਨ।
ਹੁਣ ਮੈਂ ਤੁਹਾਡੇ ਨਾਲ ਗੁਰਭਜਨ ਦੀ ਇਸ “ਅੱਖਰ ਅੱਖਰ” ਨਾਂ ਦੀ ਰਚਨਾ ਬਾਰੇ ਗੱਲ ਛੋਹਾਂ।
  ਅੱਖਰ ਅੱਖਰ” ਨਾਂ ਦਾ ਇਹ ਗ਼ਜ਼ਲ ਸੰਗ੍ਰਹਿ, ਦਰ ਅਸਲ, ਗੁਰਭਜਨ ਦੀ 1973 ਤੋਂ 2023 ਤੱਕ ਕੀਤੀ ਗ਼ਜ਼ਲ ਸਿਰਜਣਾ ਦਾ ਇਕ ਸੰਪੂਰਨ ਸ਼ੀਸ਼ਾ ਹੈ। ਇਸ ਸੰਗ੍ਰਹਿ ਨੂੰ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਨੇ 2 ਮਈ 2023 ਨੂੰ ਉਸ ਦੇ 70 ਵੇਂ ਜਨਮ ਦਿਨ ਮੌਕੇ ਪ੍ਰਕਾਸ਼ਿਤ ਕੀਤਾ ਹੈ।
ਇਸ ਦੇ ਕੁੱਲ 472 ਸਫ਼ੇ ਹਨ ਤੇ ਲਗਪਗ 900 ਗ਼ਜ਼ਲਾਂ ਹਨ। ਇਸ ਦੀ ਕੀਮਤ 1000 ਰੁਪਏ ਰੱਖੀ ਗਈ ਹੈ ਪਰ ਪਾਠਕਾਂ ਨੂੰ ਇਹ ਸਿਰਫ਼ ਪੰਜ ਸੌ ਰੁਪਏ ਵਿੱਚ ਦਿੱਤੀ ਜਾ ਰਹੀ ਹੈ।
ਇਹ ਕਿਤਾਬ ਸਿੰਘ ਬ੍ਰਦਰਜ਼ ਅੰਮ੍ਰਿਤਸਰ, ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਅਤੇ ਸਹਿ ਪ੍ਰਕਾਸ਼ਕ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਗੁਰਭਜਨ ਨੇ ਆਪਣੀ ਇਹ ਕਿਤਾਬ, ਉਸ ਦੇ ਆਪਣੇ ਸ਼ਬਦਾਂ ਵਿੱਚ “ਸਾਡੇ ਪਿੰਡ ਬਸੰਤ ਕੋਟ ਵਿੱਚ ਬੀਬੀ ਜੀ ਦੇ ਚੁੱਲ੍ਹੇ ਅੱਗੇ ਸੁਆਹ ਵਿਛਾ ਕੇ ਪਹਿਲੀ ਵਾਰ “ਊੜਾ” ਲਿਖ ਕੇ ਦੇਣ ਵਾਲੀ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ ਤੋਂ ਲੈ ਕੇ ਮੇਰੀਆਂ ਲਿਖਤਾਂ ਦੀ ਵਰਤਮਾਨ ਪ੍ਰੇਰਨਾ ਸਾਡੀ ਪੋਤਰੀ ਅਸੀਸ ਕੌਰ ਗਿੱਲ ਦੇ ਨਾਮ” ਸਮਰਪਣ ਕੀਤੀ ਹੈ।
        ਇਸ ਕਿਤਾਬ ਦੇ ਸਫ਼ਾ 6 ਉੱਤੇ ਸਾਡੀ ਪੋਤਰੀ ਅਸੀਸ ਕੌਰ ਗਿੱਲ ਦੁਆਰਾ ਰੇਖਾਂਕਣ ਦੀ ਇਕ ਤਸਵੀਰ ਛਾਪੀ ਹੋਈ ਹੈ ਅਤੇ ਇਸ ਦੇ ਥੱਲੇ ਹੇਠ ਲਿਖੀ ਇਕ ਰੁਬਾਈ ਛਾਪੀ ਗਈ ਹੈ:

ਇੱਕ ਟਾਹਣੀ ਫੁੱਲ ਕੰਡੇ ਜੰਮਣ, ਜੋ ਖਿੜਦੇ, ਕਿਉਂ ਓਹੀ ਝੜਦੇ।
ਕੰਡਿਆਂ ਨੂੰ ਫੁੱਲ ਦੇਣ ਝਕਾਨੀ, ਖ਼ੁਸ਼ਬੋਈ ਬਣ ਹਰ ਸਾਹ ਵੜਦੇ।
ਤੂੰ ਪੁੱਛਿਆ ਹੈ, ਕੰਡਿਆਂ ਉੱਤੇ ਸੰਗਤ ਰੂਪ ਕਿਉਂ ਨਹੀਂ ਚੜ੍ਹਦਾ,
ਚੋਭਾਂ ਮਾਰਨ ਵਾਲੇ ਬੱਲਿਆ, ਦਿਲ ਦੀ ਕੋਈ ਕਿਤਾਬ ਨਹੀਂ ਪੜ੍ਹਦੇ।

          ਉਪਰੋਕਤ ਰੁਬਾਈ ਵਿੱਚ, ਇੱਕ ਹੀ ਟਾਹਣੀ ਉੱਤਲੇ ਫੁੱਲਾਂ ਅਤੇ ਕੰਡਿਆਂ ਦੀ ਉਦਾਹਰਣ ਦੇ ਕੇ ਬਾਖੂਬੀ ਦਰਸਾਇਆ ਗਿਆ ਹੈ ਕਿ ਜਦੋਂ ਫੁੱਲ ਖਿੜਦੇ ਹਨ, ਕੰਡਿਆਂ ਵਿੱਚ ਰਹਿ ਕੇ ਵੀ ਖ਼ੁਸ਼ਬੋਈ ਦੇਂਦੇ ਹਨ ਤੇ ਓਹੀ ਝੜ ਜਾਂਦੇ ਹਨ, ਪਰ ਚੋਭਾਂ ਮਾਰਨ ਵਾਲੇ ਕੰਡਿਆਂ ਉੱਤੇ ਫੁੱਲਾਂ ਵਾਂਗ ਖ਼ੁਸ਼ਬੋਈ ਦੇਣ ਵਾਲਾ ਸੰਗਤ ਰੂਪ ਇਸ ਕਰਕੇ ਨਹੀਂ ਚੜ੍ਹਦਾ, ਕਿਉਂਕਿ ਇਹ ਚੋਭਾਂ ਮਾਰਨ ਵਾਲੇ ਕੰਡੇ, ਫੁੱਲਾਂ ਵਾਂਗ ਸੰਵੇਦਨਸ਼ੀਲ ਨਹੀਂ ਹੁੰਦੇ।

  ਇਸ ਕਿਤਾਬ ਦੇ ਸ਼ੁਰੂ ਵਿੱਚ ਗੁਰਭਜਨ  ਗਿੱਲ ਦੀ ਰਸਮੀ ਜਾਣ ਪਛਾਣ ਕਰਾਉਣ ਲਈ ਸਰਵਰਕ ਉੱਪਰ ਸਿਰਕੱਢ ਕਵੀ ਬਲਵਿੰਦਰ ਸੰਧੂ ਪਟਿਆਲਾ ਨੇ “ਮਾਝੇ ਦੁੱਧ ਦਾ ਦੋਹਣਾ” ਅਤੇ ਇਸ ਕਿਤਾਬ ਵਿੱਚ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਤੋਂ ਪਹਿਲਾਂ, ਸਫ਼ਾ ਨੰਬਰ 13 ਉੱਤੇ,  ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਸਿਰਮੌਰ ਕਵੀ  ਪ੍ਰੋ ਰਵਿੰਦਰ ਸਿੰਘ ਭੱਠਲ ਨੇ “ਗੁਰਭਜਨ ਗਿੱਲ ਸਾਵਾ ਬਿਰਖ਼” ਨਾਮਕ ਬਹੁਤ ਦਿਲਚਸਪ ਕਾਵਿਕ ਰੇਖਾ ਚਿੱਤਰ ਪੇਸ਼ ਕੀਤਾ ਹੈ।
          ਇਸ ਸੰਗ੍ਰਹਿ ਵਿੱਚ ਸਫ਼ਾ 18 ਉੱਪਰ ਛਪੀ ਉਸ ਦੀ‌ ਪਹਿਲੀ ਗ਼ਜ਼ਲ ਦਾ ਨਾਂ “ਜਗ ਰਹੇ ਜੁਗਨੂੰ” ਹੈ। ਉਸ ਦੀ ਇਹ ਗ਼ਜ਼ਲ ਪੜ੍ਹਦਿਆਂ, ਮੈਨੂੰ 8 ਨਵੰਬਰ 1993 ਵਾਲਾ ਮਨਹੂਸ ਦਿਨ ਚੇਤੇ ਆ ਰਿਹਾ ਹੈ ਕਿ ਗੁਰਭਜਨ ਦੀ ਜੀਵਨ ਸਾਥਣ ਨਿਰਪਜੀਤ ਨੂੰ ਕੈਸਰ ਵਰਗੀ ਨਾਮੁਰਾਦ ਬਿਮਾਰੀ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਸੀ।
8ਨਵੰਬਰ ਦੀ ਭਿਆਨਕ ਰਾਤ। ਲੁਧਿਆਣੇ ਪਹੁੰਚ ਕੇ ਮੈਂ ਵੇਖਿਆ ਕਿ ਨਿਰਪਜੀਤ ਦੀ ਕੈਂਸਰ ਕਾਰਨ ਜੀਵਨ ਲੀਲਾ ਹੌਲੀ ਹੌਲੀ ਸਮਾਪਤੀ ਵੱਲ ਵੱਧ ਰਹੀ ਸੀ, ਜਿਹੜੀ ਉਸ ਦਿਨ ਰਾਤ 11 ਵਜੇ  ਸਮਾਪਤ ਹੋ ਗਈ ਸੀ। ਸਾਰਾ ਮਾਹੌਲ ਬੜਾ ਹੀ ਗਮਗੀਨ ਅਤੇ ਭਾਵੁਕ ਸੀ। ਉਸ ਸਮੇਂ ਗੁਰਭਜਨ ਦੀ ਹਾਲਤ ਵੇਖੀ ਨਹੀਂ ਸੀ ਜਾ ਰਹੀ। ਕੁਝ ਸਮਾਂ ਪਹਿਲਾਂ ਨਿਰਪਜੀਤ ਨਿਢਾਲ, ਪਰ ਅਰਧ ਚੇਤਨ ਅਵਸਥਾ ਵਿੱਚ ਹੀ ਸੀ। ਬਾਹਰ ਰਾਤ ਦਾ ਹਨੇਰਾ ਪਸਰਿਆ ਹੋਇਆ ਸੀ। ਬਲਬ ਵੀ ਘਰ ਵਿੱਚ ਪੂਰਾ ਚਾਨਣ ਨਹੀਂ ਸਨ ਦੇ ਰਹੇ। ਗੁਰਭਜਨ ਅਤਿ ਤਰਲ ਪਲਾਂ  ਵਿੱਚ ਨਿਰਪਜੀਤ ਨੂੰ ਕਹਿਣ ਲੱਗਾ, “ਨਿਪ! ਅੱਗੇ ਤੂੰ ਕਈ ਵਾਰ ਮੇਰੀ ਕਵਿਤਾ ਸੁਣਨ ਤੋਂ ਆਨਾਕਾਨੀ ਕਰ ਲੈਂਦੀ ਸੈਂ, ਪਰ ਅੱਜ ਤੂੰ ਮੇਰੀ ਇਹ ਕਵਿਤਾ ਸੁਣਨ ਤੋਂ ਇਨਕਾਰ ਨਹੀਂ ਕਰ ਸਕਦੀ।”
ਉਸ ਵੇਲੇ ਗੁਰਭਜਨ ਨੇ ਨਿਰਪਜੀਤ ਨੂੰ (ਉਸ ਸਮੇਂ ਹਾਜ਼ਰ ਪਰਿਵਾਰ ਸਮੇਤ) ਆਪਣੀ ਹੇਠ ਲਿਖੀ ਗ਼ਜ਼ਲ ਸੁਣਾਈ ਸੀ:

ਜਗ ਰਹੇ ਜੁਗਨੂੰ ਨੇ ਜਿਹੜੇ ਰਾਤ ਨੂੰ।
ਖ਼ਾਕ ਦੇ ਵਿੱਚ ਮਿਲਣਗੇ ਪ੍ਰਭਾਤ ਨੂੰ।

ਕੀ ਪਤਾ ਸੀ ਮਾਰੂਥਲ ਪੀ ਜਾਣਗੇ,
ਹੰਝੂਆਂ ਦੀ ਹੋ ਰਹੀ ਬਰਸਾਤ ਨੂੰ।

ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ,
ਦੁਖ ਸੁਖ ਪੋਂਹਦਾ ਨਾ ਹੁਣ ਜਜ਼ਬਾਤ ਨੂੰ।

ਤੂੰ ਮੇਰੇ ਸਾਹਾਂ ਵਿੱਚ ਘੁਲ ਜਾ ਇਸ ਤਰ੍ਹਾਂ,
ਰਾਤ ਰਾਣੀ ਮਹਿਕਦੀ ਜਿਉਂ ਰਾਤ ਨੂੰ।

ਤੂੰ ਹੁੰਗਾਰਾ ਭਰਦੀ ਭਰਦੀ ਸੌਂ ਗਈ,
ਮੈਂ ਮੁਕਾਵਾਂ ਕਿਸ ਤਰ੍ਹਾਂ ਹੁਣ ਬਾਤ ਨੂੰ।

ਚਾਰ ਦੀਵਾਰੀ ‘ਚ ਮੇਰਾ ਬਸਰ ਨਾ,
ਲੈ ਰਿਹਾਂ ਬਾਹਾਂ ‘ਚ ਕਾਇਨਾਤ ਨੂੰ।

ਅੱਗ ਦੇ ਅੰਗਾਰਿਆਂ ‘ਤੇ ਤੁਰ ਰਿਹਾਂ,
ਬੈਠ ਰਹਿਣਾ ਮਿਹਣਾ ਮੇਰੀ ਜ਼ਾਤ ਨੂੰ।

 ਇਸ ਸੰਗ੍ਰਹਿ ਵਿੱਚ ਸਫ਼ਾ 18 ਉੱਪਰ ਛਪੀ ਉਸ ਦੀ‌ ਪਹਿਲੀ ਗ਼ਜ਼ਲ “ਜਗ ਰਹੇ ਜੁਗਨੂੰ” ਹੈ, ਤਾਂ ਇਸ ਗ਼ਜ਼ਲ ਸੰਗ੍ਰਹਿ ਦੀ ਆਖਰੀ ਗ਼ਜ਼ਲ “ਏਦਾਂ ਹੀ ਨਾ ਬੈਠ ਰਿਹਾ ਕਰ” ਹੈ, ਸਫ਼ਾ 472 ਉੱਪਰ ਦਰਜ਼ ਹੈ, ਜੋ ਇਸ ਤਰ੍ਹਾਂ ਹੈ:

ਏਦਾਂ ਹੀ ਨਾ ਬੈਠ ਰਿਹਾ ਕਰ, ਖ਼ਤ ਲਿਖਿਆ ਕਰ ਰੂਹ ਦੇ ਰੰਗ ਦਾ।
ਤੇਰੀ ਚੁੱਪ ਦਾ ਕੋਰਾ ਵਰਕਾ, ਹਰ ਦਮ ਖ਼ੂਨ ਜਿਗਰ ਦਾ ਮੰਗਦਾ।

ਪਿਆਰ ਪਰਖਣਾ ਛੱਡ ਦੇ ਹੁਣ ਤੂੰ, ਇਕ ਦੂਜੇ ਦੀ ਧੜਕਣ ਜਹੀਏ,
ਅੱਜ ਤੀਕਰ ਮੈਂ ਸਾਂਭ ਕੇ ਰੱਖਿਆ, ਟੁੱਟਿਆ ਟੋਟਾ ਤੇਰੀ ਵੰਗ ਦਾ।

ਚੱਲ ਫਿਰ ਪੜ੍ਹਨ ਸਕੂਲੇ ਚੱਲੀਏ, ਇਕ ਦੂਜੇ ਮੂੰਹ ਰੋਟੀ ਪਾਈਏ,
ਕਾਫ਼ੀ ਚਿਰ ਦਾ ਦਿਲ ਕਰਦਾ ਸੀ, ਕਹਿ ਸਕਿਆ ਨਾ ਤੈਥੋਂ ਸੰਗਦਾ।

ਜਿੱਥੇ ਜਾ ਕੇ ਸ਼ਬਦ ਖ਼ਾਮੋਸ਼ੀ ਧਾਰਨ ਮਗਰੋਂ ਕੁਝ ਨਾ ਬੋਲਣ,
ਉਸ ਪਲ ਦਾ ਨਾਂ ਰੱਖਣੈਂ ਹਾਲੇ, ਜਿਹੜਾ ਮੈਨੂੰ ਸੂਲੀ ਟੰਗਦਾ।

ਕਦੇ ਗੁਲਾਬ ਨਹੀਂ ਮੈਂ ਛੋਹਣਾ, ਕਿੰਨੀ ਵਾਰੀ ਮਨ ਸਮਝਾਇਆ,
ਦਿਲ ਨਾ ਮੰਨਦਾ, ਫੁੱਲ ਚੁੰਮਦਾ ਹੈ, ਤੇਰੇ ਸੁਰਖ਼ ਲਬਾਂ ਦੇ ਰੰਗ ਦਾ।

ਲੰਮ ਸਲੰਮੀ ਗੁੱਤ ਵਿੱਚ ਗੁੰਦੇ, ਚੇਤੇ ਆਉਂਣ ਪਰਾਂਦੇ ਘੁੰਮਦੇ,
ਸਾਰੀ ਛੁੱਟੀ ਵਾਲਾ ਮੰਜ਼ਰ, ਅੱਜ ਵੀ ਮੈਨੂੰ ਰਹਿੰਦਾ ਡੰਗਦਾ।

ਹੀਰ ਸਲੇਟੀਆਂ, ਚੂਚਕ ਬੇਟੀਆਂ, ਸੂਹੇ ਸਾਲੂ ਵਿੱਚ ਲਪੇਟੀਆਂ,
ਹਰ ਵਾਰੀ ਕਿਉਂ ਰੰਗਪੁਰ ਵਰਗਾ, ਟੀਸੀ ਦਾ ਫੁੱਲ ਸਾਡੇ ਝੰਗ ਦਾ।
     ਪਰ ਇਸ ਗ਼ਜ਼ਲ ਸੰਗ੍ਰਹਿ ਦੀ ਪਹਿਲੀ ਗ਼ਜ਼ਲ “ਜਗ ਰਹੇ ਜੁਗਨੂੰ” ਅਤੇ ਆਖਰੀ ਗ਼ਜ਼ਲ “ਏਦਾਂ ਹੀ ਨਾ ਬੈਠ ਰਿਹਾ ਕਰ” ਦਰਮਿਆਨ ਅਨੇਕਾਂ ਗ਼ਜ਼ਲਾਂ ਹਨ, ਜਿਹੜੀਆਂ ਗ਼ਜ਼ਲਾਂ ਨੂੰ ਪਸੰਦ ਕਰਨ ਲੱਗਿਆਂ, ਮੈਨੂੰ ਹਮੇਸ਼ਾ ਇਹ ਤੌਖਲਾ ਲੱਗਾ ਰਹਿੰਦਾ ਹੈ ਕਿ ਕਿਧਰੇ ਮੇਰੀ ਪਸੰਦੀਦਾ ਗ਼ਜ਼ਲ ਉੱਪਰ ਮੇਰਾ ਗੁਰਭਜਨ ਨਾਲ ਖੂਨੀ ਰਿਸ਼ਤੇ ਦਾ ਪਾਸਕੂ ਭਾਰੂ ਨਾ ਪੈ ਰਿਹਾ ਹੋਵੇ। ਪਰ ਫਿਰ ਵੀ ਮੈਂ ਇਹਨਾਂ ਵਿਚੋਂ ਆਪਣੀਆਂ ਕੁਝ ਪਸੰਦੀਦਾ ਗ਼ਜ਼ਲਾਂ ਦਾ ਜ਼ਿਕਰ ਜ਼ਰੂਰ ਕਰਾਂਗਾ ਅਤੇ ਕਰਾਂ ਵੀ ਕਿਉਂ ਨਾ? ਦਰ ਅਸਲ 1968 ਦੀ ਉਸ ਦੀ ਪਹਿਲੀ ਲਿਖਤ,   “ਮੇਰਾ ਪਿੰਡ” ਨਾਂ ਦੇ ਲਿਖੇ ਇੱਕ ਲੇਖ ਦਾ ਪਹਿਲਾ ਅਤੇ ਆਖਰੀ ਪਾਠਕ ਮੈਂ ਹੀ ਸਾਂ। ਹੋਇਆ ਇਸ ਤਰ੍ਹਾਂ ਕਿ 1966 ਵਿੱਚ ਬਾਬਾ ਸੋਹਣ ਸਿੰਘ ਭਕਨਾ ਅਤੇ ਸ਼ਹੀਦ ਭਗਤ ਸਿੰਘ ਦੇ ਮਾਤਾ ਜੀ ਸ਼੍ਰੀਮਤੀ ਵਿਦਿਆਵਤੀ ਦੀ ਪ੍ਰੇਰਨਾ ਨਾਲ ਜਲੰਧਰ ਵਿੱਚ ਬਣੇ “ਯੁਵਕ ਕੇਂਦਰ” ਦੇ ਸਿਧਾਂਤ “ਪਿੰਡ ਦੀ ਭਲਾਈ, ਸਭ ਦੀ ਭਲਾਈ” ਅਨੁਸਾਰ ਮੈਂ ਆਪਣੇ ਪਿੰਡ ਬਸੰਤ ਕੋਟ ਵਿੱਚ ਇੱਕ ਨੌਜਵਾਨ ਕਲੱਬ ਬਣਾਈ ਹੋਈ ਸੀ। ਇਸ ਕਲੱਬ ਵਿੱਚ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਇਕ ਲਾਇਬ੍ਰੇਰੀ, ਬਾਲਗ ਸਿੱਖਿਆ ਕੇਂਦਰ ਬਣਾਇਆ ਹੋਇਆ ਸੀ। ਇਸ ਸਬੰਧੀ ਪਹਿਲੀ ਜਨਵਰੀ 1967 ਨੂੰ ਅਸੀਂ ਆਪਣੇ ਪਿੰਡ ਦੀ ਹੀ ਅਥਲੈਟਿਕ ਮੀਟ ਵੀ ਕਰਵਾਈ ਸੀ। ਉਪਰੋਕਤ ਤੋਂ ਇਲਾਵਾ ਖੇਡ ਟੂਰਨਾਮੈਂਟ, ਸਮਾਜ ਸੁਧਾਰਕ ਨਾਟਕ, ਸੜਕਾਂ ਦੇ ਟੋਇਆਂ ਵਿੱਚ ਮਿੱਟੀ ਪਾਉਣੀ, ਹਫਤੇ ਵਿਚ ਇਕ ਦਿਨ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਅਤੇ ਦੇਸ਼ ਭਗਤਾਂ ਨਾਲ ਸਬੰਧਤ ਸਾਹਿਤ ਵੰਡਣਾ, ਸਾਡੀਆਂ ਪ੍ਰਮੁੱਖ ਗਤੀਵਿਧੀਆਂ ਸਨ। ਮੈਂ ਉਸ ਸਮੇਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਬੀ ਏ ਭਾਗ ਪਹਿਲਾ ਦਾ ਵਿਦਿਆਰਥੀ ਸਾਂ। ਗੁਰਭਜਨ ਛੋਟਾ ਸੀ। 1968 ਵਿੱਚ ਮੈਂ ਬੀ ਏ ਪਾਸ ਕਰਨ ਤੋਂ ਬਾਅਦ ਐਮ ਏ ਪੁਲੀਟੀਕਲ ਸਾਇੰਸ ਕਰਨ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਦਾਖਲ ਹੋ ਗਿਆ ਸਾਂ। ਉਸ ਸਮੇਂ ਗੁਰਭਜਨ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਛੁੱਟੀਆਂ ਵਿੱਚ ਮੈਂ ਪਿੰਡ ਆਇਆ, ਤਾਂ ਉਸ ਦੀਆਂ ਕਾਪੀਆਂ ਵਿੱਚੋਂ ਇੱਕ ਕਾਪੀ ਵਿੱਚ “ਮੇਰਾ ਪਿੰਡ” ਨਾਂ ਦਾ ਲਿਖਿਆ ਇੱਕ ਲੇਖ ਮੈਨੂੰ ਪੜ੍ਹਨ ਨੂੰ ਮਿਲਿਆ। ਇਹ ਕੋਈ ਇੱਕ ਰਵਾਇਤੀ ਲੇਖ ਨਹੀਂ ਸੀ, ਸਗੋਂ ਸਾਡੀ ਨੌਜਵਾਨ ਕਲੱਬ ਦੀਆਂ ਗਤੀਵਿਧੀਆਂ ਦਾ ਇਕ ਸ਼ੀਸ਼ਾ ਸੀ। ਸੱਚ ਜਾਣਿਓ! ਉਸ ਦਾ ਲੇਖ ਪੜ੍ਹ ਕੇ ਮੈਨੂੰ ਖ਼ੁਦ ਆਪਣੀਆਂ ਗਤੀਵਿਧੀਆਂ ਉੱਪਰ ਫ਼ਖਰ ਮਹਿਸੂਸ ਹੋ ਰਿਹਾ ਸੀ। ਪਰ ਮੈਨੂੰ ਇਸ ਗੱਲ ਦਾ ਸਦਾ ਅਫਸੋਸ ਰਹੇਗਾ ਕਿ ਮੈਂ ਗੁਰਭਜਨ ਦਾ ਉਹ ਲੇਖ ਸੰਭਾਲ ਕੇ ਕਿਉਂ ਨਹੀਂ ਰੱਖ ਸਕਿਆ।
         ਇਸ ਤੋਂ ਇਲਾਵਾ ਜਦੋਂ ਉਸ ਨੇ ਲੁਧਿਆਣੇ ਤੋਂ ਬਸੰਤ ਕੋਟ ਭੇਜੀ ਚਿੱਠੀ ਵਿੱਚ ਲਿਖਿਆ ਸੀ ਕਿ ਫਲਾਣੇ (ਤਰੀਕ ਯਾਦ ਨਹੀਂ) ਦਿਨ ਉਹ ਰੇਡੀਓ ਉੱਪਰ ਆਪਣੀ ਕਵਿਤਾ ਪੜ੍ਹੇਗਾ, ਤਾਂ ਘਰ ਅੰਦਰ ਵਿਆਹ ਵਾਲਾ ਮਾਹੌਲ ਬਣ ਗਿਆ ਸੀ ਅਤੇ ਬਾਪੂ ਜੀ ਖੁਸ਼ੀ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ ਅਤੇ ਅਸੀਂ ਆਪਣੇ ਸਾਰੇ ਆਂਢੀਆਂ ਗੁਆਂਢੀਆਂ ਨਾਲ ਆਪਣੇ ਘਰ ਵਿੱਚ ਗੁਰਭਜਨ ਦਾ ਕਵਿਤਾ ਪਾਠ ਸੁਣਿਆ ਸੀ। ਸੋ, ਅੱਜ ਮੈਂ ਇਸ ਕਿਤਾਬ ਅੰਦਰ ਮੇਰੀਆਂ ਪਸੰਦੀਦਾ ਗ਼ਜ਼ਲਾਂ ਦਾ ਵਰਨਣ ਜ਼ਰੂਰ ਕਰਾਂਗਾ। ਮੇਰੀਆਂ ਇਹਨਾਂ ਪਸੰਦੀਦਾ ਗ਼ਜ਼ਲਾਂ ਵਿੱਚ ਇਸ ਸੰਗ੍ਰਹਿ ਦੇ 20 ਨੰਬਰ ਸਫ਼ੇ ਉੱਤੇ “ਇਕ ਬਦਲੋਟੀ ਤੁਰਦੀ ਜਾਂਦੀ” ਨਾਂ ਦੀ ਇਕ ਹੋਰ ਗ਼ਜ਼ਲ ਛੱਪੀ ਹੈ। ਸੱਚ ਮੁੱਚ ਸਾਡੀ ਜ਼ਿੰਦਗੀ ਵਿੱਚ ਵੀ ਇਹੋ ਜਿਹੀਆਂ ਬਦਲੋਟੀਆਂ ਪਾਣੀ ਦੀ ਥਾਂ ਗੱਲੀਂ ਬਾਤੀਂ ਸਾਰ ਕੇ ਹੀ ਨਿਕਲ ਜਾਂਦੀਆਂ ਹਨ। ਪਰ ਇਸ ਗ਼ਜ਼ਲ ਦੇ ਅਖੀਰ ਵਿੱਚ ਨਿਰਾਸ਼ ਹੋਣ ਦੀ ਥਾਂ ਗੁਰਭਜਨ ਹੋਰ ਯਤਨ ਕਰਦੇ ਰਹਿਣ ਦੀ ਲੋੜ ਉੱਪਰ ਜ਼ੋਰ ਦੇਂਦਾ ਹੈਇਆ ਲਿਖਦਾ ਹੈ:
ਇਕ ਬਦਲੋਟੀ ਤੁਰਦੀ ਜਾਂਦੀ ਥਲ ਨੂੰ ਇਕ ਪਲ ਠਾਰ ਗਈ। ਸਦੀਆਂ ਦੀ ਤੜਪਾਹਟ ਕੰਡਾ ਅਣਖਾਂ ਵਾਲਾ ਮਾਰ ਗਈ।

 ਬੰਜਰ ਧਰਤੀ ਰੇਤਲ ਟਿੱਬੇ ਪੁੰਗਰਿਆ ਸੀ ਆਸ ਦਾ ਬੀਜ, ਪਾਣੀ ਦੀ ਥਾਂ ਬਦਲੀ ਰਾਣੀ ਗੱਲੀਂ ਬਾਤੀਂ ਸਾਰ ਗਈ।

ਹਿੱਕ ‘ਚ ਰਹਿ ਗਏ ਹਾਉਕੇ ਹਾਵੇ ਸੁੱਤੀਆਂ ਆਸਾਂ ਰਾਂਗਲੀਆਂ, ਜਾਂਦੀ ਹੋਈ ਰਾਤ ਕੁਲਹਿਣੀ ਐਸਾ ‘ਨੇਰ੍ਹ ਪਸਾਰ ਗਈ।

ਸਾਡੇ ਪਿੰਡ ਦੇ ਚਿਹਰੇ ‘ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।

 ਸ਼ਹਿਰਾਂ ਵਾਲੀ ਅੱਗ ਨਾ ਕਿਧਰੇ ਸਾਡੀਆਂ ਜੂਹਾਂ ਘੇਰ ਲਵੇ, ਡਰਦੀ ਮਾਰੀ ਉੱਡ ਕੇ ਏਥੋਂ ਏਸੇ ਲਈ ਹੈ ਡਾਰ ਗਈ।

 ਰਣ-ਖੇਤਰ ਵਿਚ ਖੂਬ ਲੜੇ ਹਾਂ, ਹੋਰ ਲੜਾਂਗੇ ਰੀਝ ਲਈ, ਹੋਇਆ ਕੀ ਜੇ ਬੇ-ਹਥਿਆਰੀ ਧਿਰ ਸਾਡੀ ਫਿਰ ਹਾਰ ਗਈ।
     ਇਸੇ ਤਰ੍ਹਾਂ “ਅੱਖਰ ਅੱਖਰ” ਨਾਂ ਦੇ ਇਸ ਗ਼ਜ਼ਲ ਸੰਗ੍ਰਹਿ ਦੇ 26 ਨੰਬਰ ਸਫ਼ੇ ਉੱਤੇ “ਕਰਕੇ ਜਿੰਨ੍ਹਾਂ ਨੂੰ ਯਾਦ” ਨਾਂ ਦੀ ਇਕ ਹੇਠ ਲਿਖੀ ਗ਼ਜ਼ਲ ਛੱਪੀ ਹੈ ਅਤੇ ਇਸ ਗ਼ਜ਼ਲ ਵਿੱਚਲੇ ਸ਼ੇਅਰ  ਮੇਰੇ ਬਹੁਤ ਮਨਪਸੰਦ ਹਨ:

ਕਰਕੇ ਜਿੰਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਪਿਆ।
ਉਨ੍ਹਾਂ ਸਵੇਰੇ ਉਠਦਿਆਂ ਬੂਹਾ ਹੀ ਢੋਅ ਲਿਆ।

ਇਹ ਉਮਰ ਜਿੰਨ੍ਹਾਂ ਵਾਸਤੇ ਰੱਖਣੀ ਸੀ ਰਾਖਵੀ,
ਉਨ੍ਹਾਂ ਨੇ ਸਾਡਾ ਰਾਤ ਦਿਨ ਹੁਣ ਤੋਂ ਹੀ ਖੋਹ ਲਿਆ।

ਦੁਸ਼ਮਣ ਤਾਂ ਦੁਸ਼ਮਣ ਹੈਣ ਹੀ ਯਾਰਾਂ ਨੂੰ ਕੀ ਕਹਾਂ,
ਸਾਰੇ ਦੇ ਸਾਰੇ ਸਾਜ਼ਿਸ਼ੀ ਸਭ ਨੂੰ ਹੈ ਟੋਹ ਲਿਆ।

ਜਿਸ ਨੂੰ ਮੈਂ ਲੱਭ ਰਿਹਾ ਸਾਂ ਢੱਕ ਕੇ ਜਿਸਮ ਆਪਣਾ,
ਰੌਲੇ ‘ਚ ਕਿਸਨੇ ਮੈਥੋਂ ਮੇਰਾ ਚਿਹਰਾ ਖੋਹ ਲਿਆ।

ਵਗਦੀ ਹਵਾ ਦੇ ਕੰਨ ਵਿੱਚ ਖਵਰੇ ਤੂੰ ਕੀ ਕਿਹਾ,
 ਲਿਪਟ ਗਈ ਮੈਨੂੰ‌ ਊਹ ਜਦੋਂ ਮੈਂ ਤੇਰਾ ਨਾਂ ਲਿਆ।

ਕਾਹਦੇ ਗਿਲੇ, ਸ਼ਿਕਵੇ, ਸ਼ਿਕਾਇਤਾਂ ਨਾ ਮਿਲੇ ਤਾਂ ਕੀ,
ਏਨਾ ਬਹੁਤ ਹੈ ਦਰਦ ਦਾ ਮੈਂ ਗੀਤ ਛੋਹ ਲਿਆ।

     ਇਸ ਮਨਪਸੰਦ ਗ਼ਜ਼ਲਾਂ ਦੀ ਲੜੀ ਵਿੱਚ ਹੀ ਇਸ ਸੰਗ੍ਰਹਿ ਦੇ 28 ਨੰਬਰ ਸਫ਼ੇ ਉੱਤੇ “ਆਵਾਜ਼ ਮੇਰੀ ਪਰਤ ਕੇ ਆਈ” ਨਾਂ ਦੀ ਇਕ ਹੋਰ ਹੇਠ  ਲਿਖੀ ਗ਼ਜ਼ਲ ਛਪੀ  ਹੈ।

[2:30 pm, 23/08/2023] Prof Gurbhajan Singh Gill: ਆਵਾਜ਼ ਮੇਰੀ ਪਰਤ ਕੇ ਆਈ ਨਾ ਮੇਰੇ ਕੋਲ।
ਕਾਹਨੂੰ ਤੂੰ ਐਵੇਂ ਵੇਖਨੈਂ ਭੁੱਬਲ ਨੂੰ ਫੋਲ ਫੋਲ।
ਜਸ਼ਨਾਂ ‘ਚ ਰੁੱਝੇ ਲੋਕ ਨੇ ਤੇ ਬਲ ਰਿਹਾ ਹਾਂ ਮੈਂ,
ਵੱਜਦੇ ਨਗਾਰੇ ਤੂਤੀਆਂ ਪਏ ਖੜਕਦੇ ਨੇ ਢੋਲ।
ਪੈਂਡੇ ਦੋਹਾਂ ਦੇ ਘਟਣ ਦੀ ਥਾਂ ਵਧ ਰਹੇ ਨੇ ਹੋਰ,
ਜਿੰਨਾ ਵੀ ਆਪਾਂ ਆ ਰਹੇ ਇੱਕ ਦੂਸਰੇ ਦੇ ਕੋਲ।
ਤੇਰੀ ਇਹ ਬਲਦੀ ਮੁਸਕਣੀ ਮੇਰੇ ਸਿਵੇ ਦੀ ਲਾਟ,
ਕੰਬਦੀ ਆਵਾਜ਼ ਵਾਂਗਰਾਂ ਕਿੱਦਾਂ ਰਹੀ ਹੈ ਡੋਲ।
ਕਿੰਨਾ ਅਜੀਬ ਹਾਦਿਸਾ ਕਿ ਮਰ ਗਿਆ ਹਾਂ ਮੈਂ,
ਦੁਸ਼ਮਣ ਤਾਂ ਖਾਲੀ ਹੱਥ ਸੀ ਹਥਿਆਰ ਮੇਰੇ ਕੋਲ।
     ਇਸ ਗ਼ਜ਼ਲ ਸੰਗ੍ਰਹਿ ਦੇ‌ 53 ਨੰਬਰ ਸਫ਼ੇ ਉੱਤੇ “ਜਦ ਤੋਂ ਹੋਰ ਜ਼ਮਾਨੇ ਆਏ” ਨਾਂ ਦੀ ਇਕ ਗ਼ਜ਼ਲ ਹੈ। ਇਸ ਗ਼ਜ਼ਲ ਦਾ ਵਿਚਾਰ 1978 ਤੋਂ ਬਾਅਦ ਉਸ ਦਿਨ ਦਾ ਹੈ, ਜਦੋਂ ਪੰਜਾਬ ਵਿੱਚ ਅੱਤਵਾਦ ਦੇ ਨਾਂ ਥੱਲੇ ਕਾਲੀ ਹਨੇਰੀ ਵੱਗ ਰਹੀ ਸੀ ਅਤੇ ਸਧਾਰਨ ਲੋਕ ਅਸੁਰੱਖਿਅਤ ਵਾਤਾਵਰਨ ਕਾਰਨ ਬਹੁਤ ਸਹਿਮੇ ਰਹਿੰਦੇ ਸਨ। ਇਸ ਤਰ੍ਹਾਂ ਦੇ ਅਸੁਰੱਖਿਅਤ ਵਾਤਾਵਰਨ ਵਿੱਚ ਇੱਕ ਦਿਨ ਗੁਰਭਜਨ ਲੁਧਿਆਣਿਉਂ ਚਲ ਕੇ ਲੌਢੇ ਵੇਲੇ ਚਾਰ ਵਜੇ ਬੀਬੀ ਜੀ ਨੂੰ ਮਿਲਣ ਲਈ ਪਿੰਡ ਬਸੰਤ ਕੋਟ ਪਹੁੰਚਿਆ। ਗੁਰਭਜਨ 1971 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਵਿੱਚੋਂ ਬੀ ਏ ਭਾਗ ਪਹਿਲਾ ਦੀ ਜਮਾਤ ਪਾਸ ਕਰਕੇ, ਲੁਧਿਆਣੇ ਮੇਰੇ ਵੱਡੇ ਭਾਅ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਜਿਹੜੇ ਉਸ ਸਮੇਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਖੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਸਨ, ਕੋਲ‌ ਪੜ੍ਹਨ ਲਈ ਚਲਾ ਗਿਆ ਸੀ। ਮੈਂ ਉਸ ਸਮੇਂ‌ ਆਪਣੇ ਪਿੰਡ ਬਸੰਤ ਕੋਟ ਤੋਂ ਅੱਠ ਕਿਲੋਮੀਟਰ ਦੂਰ ਸਰਕਾਰੀ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਪੰਜਾਬ ਸਰਕਾਰ ਨੇ ਪਹਿਲੀ ਜੂਨ 1974 ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਸੀ) ਵਿਖੇ ਰਾਜਨੀਤੀ ਸ਼ਾਸਤਰ ਦਾ ਲੈਕਚਰਾਰ ਸਾਂ ਅਤੇ ਉਸ ਦਿਨ ਦੇ  ਵਾਰਤਾਲਾਪ ਦਾ ਮੈਂ ਚਸ਼ਮਦੀਦ ਗਵਾਹ ਹਾਂ। ਸੰਖੇਪ ਜਿਹੀ ਸਧਾਰਨ ਗੱਲ ਬਾਤ ਅਤੇ ਪਾਣੀ ਆਦਿ ਦੇਣ ਤੋਂ ਬਾਅਦ, ਬੀਬੀ ਜੀ ਗੁਰਭਜਨ ਨੂੰ ਗੁੱਸੇ ਹੋਣ ਲੱਗੇ ਕਿ “ਤੂੰ ਐਨਾ ਲੇਟ ਕਿਉਂ ਆਇਆਂ? ਤੈਨੂੰ ਨਹੀਂ ਪਤੈ ਕਿ ਬਾਹਰ ਕਿੰਨੀ ਅੱਗ ਵਰ੍ਹਦੀ ਪਈ ਏ? ਇਹ ਕੋਈ ਵੇਲਾ ਏ ਤੇਰੇ ਪਿੰਡ ਆਉਣ ਦਾ? ਤੇਰੇ ਕੋਲੋਂ ਵੇਲੇ ਸਿਰ ਨਹੀਂ ਸੀ ਲੁਧਿਆਣਿਉਂ ਤੁਰ ਹੁੰਦਾ?,ਵਗੈਰਾ ਵਗੈਰਾ।”  ਬੀਬੀ ਜੀ ਨੂੰ ਗੁਰਭਜਨ ਦੇ ਪਿੰਡ ਆਉਣ ਦਾ ਚਾਅ ਵੀ ਬੜਾ ਸੀ, ਸਭ ਤੋਂ ਛੋਟਾ ਹੋਣ ਕਰਕੇ ਮਾਂ ਬਾਪ ਦਾ ਬਹੁਤ ਲਾਡਲਾ ਸੀ, ਪਰ  ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ, ਉਹ ਮਾਂ ਹੋਣ ਕਰਕੇ ਗੁਰਭਜਨ ਦੀ ਸੁਰੱਖਿਆ ਲਈ ਅਤਿਅੰਤ ਫ਼ਿਕਰਮੰਦ ਸਨ। ਇਹਨਾਂ ਪਲਾਂ ਸਬੰਧੀ ਸਾਰੇ ਇਲਾਕੇ ਦੀਆਂ ਮਾਵਾਂ ਦੇ ਫ਼ਿਕਰ ਦਰਸਾਉਂਦੇ, ਗੁਰਭਜਨ ਦੀ ਸੰਵੇਦਨਸ਼ੀਲ ਕਲਮ ਨੇ ਉਸ ਵੇਲੇ ਉਪਰੋਕਤ ਗ਼ਜ਼ਲ “ਜਦ ਤੋਂ ਹੋਰ ਜ਼ਮਾਨੇ ਆਏ” ਦੇ ਹੇਠ ਲਿਖੇ ਸ਼ੇਅਰ ਲਿਖੇ:

ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ।
ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ।

ਅਸੀਂ ਤਾਂ ਇਹਦੀਆਂ ਨੀਹਾਂ ਦੇ ਵਿੱਚ ਸਿਰ ਦਿੱਤੇ ਸੀ ਏਸ ਲਈ,
ਪੁੱਤ ਪੋਤਰੇ ਵਾਸ ਕਰਨਗੇ ਜਦ ਆਊ ਬਰਸਾਤ ਮੀਆਂ।

ਰੋਜ਼ ਦਿਹਾੜੀ ਸੱਥਰ ਵਿਛਦੇ ਕੀਰਨਿਆਂ ਦੀ ‘ਵਾਜ ਸੁਣੇ,
ਇਕ ਇਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ।

ਰਾਜ ਭਵਨ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜ਼ਰਾ,
ਕਈ ਵਰ੍ਹਿਆਂ ਤੋਂ ਇਸ ਬਸਤੀ ਵਿਚ ਆਈ ਨਾ ਪ੍ਰਭਾਤ ਮੀਆਂ।

ਮੇਰੀ ਚੀਖ਼ ਸੁਣਦਿਆਂ ਲੋਕਾ, ਜਾਗ ਅਤੇ ਸੰਘਰਸ਼ ਵੀ ਕਰ,
ਆਪਣੇ ਆਪ ਨਹੀਂ ਇਹ ਮੁੱਕਣੀ ਗ਼ਮ ਦੀ ਕਾਲੀ ਰਾਤ ਮੀਆਂ।

ਆਪਣਾ ਆਪਣਾ ਜ਼ਹਿਰ ਪਿਆਲਾ ਪੀਣਾ ਪੈਂਣੈ ਹਮਸਫ਼ਰੋ,
ਹਰ ਵਾਰੀ ਨਹੀਂ ਆਉਂਦਾ ਹੁੰਦਾ, ਧਰਤੀ ‘ਤੇ ਸੁਕਰਾਤ ਮੀਆਂ।

ਜਿਹੜੇ ਵੇਲੇ ਚੋਗਾ ਚੁਗ ਕੇ ਪੰਛੀ ਘਰ ਨੂੰ ਮੁੜਦੇ ਨੇ,
ਇਕ ਦੂਜੇ ਤੋਂ ਲੁਕਦੇ ਫਿਰਦੇ ਮੈਂ ਤੇ ਮੇਰੀ ਜ਼ਾਤ ਮੀਆਂ।

ਮੈਂ ਤਾਂ ਏਸ ਚੌਰਾਹੇ ਦੇ ਵਿਚ ਬਲਦਾ ਦੀਵਾ ਧਰ ਚਲਿਆਂ,
ਲਾਟ ਬਚਾਇਓ ‘ਨੇਰ੍ਹੀ ਕੋਲੋਂ ਸਿਰ ‘ਤੇ ਕਾਲੀ ਰਾਤ ਮੀਆਂ।

  ਇਸ ਸੰਗ੍ਰਹਿ ਦੇ 321 ਨੰਬਰ ਸਫ਼ੇ ਉੱਤੇ ਛਪੀ ਗ਼ਜ਼ਲ  ਵਿੱਚ ਕੱਚੇ ਵਿਹੜਿਆਂ, ਆਡਾਂ, ਬੰਨ੍ਹਿਆਂ ਅਤੇ ਅੜੇ ਥੁੜ੍ਹੇ ਵੇਲਿਆਂ ਦਾ ਜ਼ਿਕਰ ਹੈ ਕਿ ਇਸ ਤਰ੍ਹਾਂ ਦਾ ਵਾਤਾਵਰਨ ਵੀ ਮਨੁੱਖ ਨੂੰ ਮੁਸ਼ਕਲ ਨਾਲ ਜੂਝਣ ਦਾ ਸੁਨੇਹਾ ਦੇ ਰਿਹਾ ਹੈ:

ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ,
ਸੱਚੀਂ ਅੜੇ ਥੁੜ੍ਹੇ ਵੇਲੇ ਸਾਨੂੰ ਬੜਾ ਕੰਮ ਆਇਆ।
ਆਡਾਂ ਬੰਨ੍ਹਿਆਂ ‘ਤੇ ਦੌੜਦੇ ਨਾ ਕਦੇ ਅਸੀਂ ਡਿੱਗੇ,
ਸੰਗਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ।
ਤੈਨੂੰ ਘੇਰਨੈਂ ਮੁਸੀਬਤਾਂ ਨੇ ਹੋਵੀਂ ਨਾ ਉਦਾਸ,
ਮੈਨੂੰ ਤਲਖ਼ ਹਕੀਕਤਾਂ ਨੇ ਇਹੀ ਏ ਸਿਖਾਇਆ।
ਖੁਦ ਬਣਨਾ ਪਿਆ ਤਾਂ ਪੁੱਤ ਬਣੀਂ ਸਦਾ ਰੁੱਖ,
ਮੇਰੇ ਮਾਪਿਆਂ ਨੇ ਮੈਨੂੰ ਸਦਾ ਏਹੀ ਸਮਝਾਇਆ।
ਮੇਰੀ ਰੂਹ ਵਿੱਚ ਜੀਣ ਸਦਾ ਧੀਆਂ ਤੇ ਧਰੇਕਾਂ,
ਏਸੇ ਕਰਕੇ ਮੈਂ ਚਿੜੀਆਂ ਨੂੰ ਕਦੇ ਨਹੀਂ ਉਡਾਇਆ।
ਜਦੋਂ ਮੁੱਕ ਜਾਵੇ ਜ਼ਿੰਦਗੀ ਦੇ ਦੀਵੇ ਵਿੱਚੋਂ ਤੇਲ,
ਬੱਤੀ ਆਂਦਰਾਂ ਦੀ ਬਾਲ, ਸਾਡੀ ਰੱਤ ਨੇ ਜਗਾਇਆ।
ਮੇਰੇ ਮੋਢਿਆਂ ‘ਤੇ ਚੜ੍ਹ ਕੇ ਜੇ ਬੌਣੇ ਖੁਸ਼ ਹੋਏ,
ਮੇਰਾ ਮਿੱਟੀ ਦਾ ਵਜੂਦ, ਚਲੋ! ਕਿਸੇ ਕੰਮ ਆਇਆ।
[2:30 pm, 23/08/2023] Prof Gurbhajan Singh Gill: 5.

ਇਸ ਸੰਗ੍ਰਹਿ ਦੇ 471 ਨੰਬਰ ਸਫ਼ੇ ਉੱਤੇ ਗੁਰਭਜਨ ਦੀ “ਅੱਜ ਕੱਲ੍ਹ ਅੰਬਰੀਂ ਫ਼ਿਰਨ ਅਵਾਰਾ” ਨਾਂ ਦੀ ਇਕ ਹੋਰ ਗ਼ਜ਼ਲ ਛਪੀ  ਹੈ। ਇਹ ਗ਼ਜ਼ਲ ਵਿਦਰੋਹ, ਸੂਝ ਅਤੇ ਆਸਾਂ ਦਾ ਸੁਮੇਲ ਹੈ।
ਅੱਜ ਕੱਲ੍ਹ ਅੰਬਰੀਂ ਫ਼ਿਰਨ ਅਵਾਰਾ, ਬੱਦਲ਼ ਨੇ ਬਰਸਾਤ ਨਹੀਂ।
ਇਸ ਤੋਂ ਵੱਧ ਮੈਂ ਕੁੱਝ ਨਹੀਂ ਕਹਿਣਾ, ਇਹ ਮੇਰੀ ਔਕਾਤ ਨਹੀਂ।

ਡੁੱਬਦੇ ਸੂਰਜ ਮੇਰਾ ਚਿਹਰਾ ਲੱਥਿਆ ਵੇਖ ਕੇ ਆਪ ਕਿਹਾ,
ਘਾਬਰ ਨਾ ਤੂੰ, ਕੱਲ੍ਹ ਆਵਾਂਗਾ, ਬਹੁਤੀ ਲੰਮੀ ਰਾਤ ਨਹੀਂ।

ਖ਼ੁਦ  ਨੂੰ ਆਪ ਪਛਾਨਣ ਤੋਂ ਹੀ, ਮੁੱਕਰ ਜਾਵਾਂ ਨਾਮੁਮਕਿਨ,
ਭਾਵੇਂ ਡਰਿਆ, ਪਰ ਨਹੀਂ ਮਰਿਆ, ਐਸੇ ਵੀ ਹਾਲਾਤ ਨਹੀਂ।

ਏਹੀ ਹਾਲ ਰਿਹਾ ਤਾਂ ਵੇਖਿਓ, ਬੁਰਜ ਮੁਨਾਰੇ ਢਹਿ ਜਾਣੇ,
ਤਲਖ਼ ਹਕੀਕਤ ਆਪ ਵੇਖਿਓ, ਇਹ ਮੇਰੇ ਜ਼ਜ਼ਬਾਤ ਨਹੀਂ।

ਮੰਡੀ ਅੰਦਰ ਸਾਡੀਆਂ ਫਸਲਾਂ, ਕਿੰਝ ਲੁੱਟਦਾ ਲੁਟਵਾਉਂਦਾ ਏਂ,
ਸਮਝ ਸਕਾਂ ਨਾ ਬਦਨੀਤੀ ਨੂੰ, ਐਡੀ ਵੀ ਕੋਈ ਬਾਤ ਨਹੀਂ।

ਕਤਲ ਕਰੇਂ, ਖ਼ੁਦਕੁਸ਼ੀਆਂ ਆਖੇਂ, ਦੋਸ਼ ਦਏਂ ਫਿਰ ਸਾਨੂੰ ਹੀ,
 ਧਰਤੀ ਪੁੱਤਰ ਟੁੱਟ ਸਕਦਾ ਏ, ਕਰਦਾ ਆਤਮਘਾਤ ਨਹੀਂ।

ਜ਼ਹਿਰ ਪਿਆਲਾ ਮੈਂ ਹੀ ਪੀਵਾਂ, ਸੱਚ ਬੋਲਣ ਦੇ ਬਦਲੇ ਕਿਉਂ,
ਪੁੱਛ ਸਕਦਾ ਹਾਂ ਸਦੀਆਂ ਮਗਰੋਂ, ਹੁਣ ਮੈਂ ਉਹ ਸੁਕਰਾਤ ਨਹੀਂ।

   ਮੈਂ ਇਸ ਗ਼ਜ਼ਲ ਸੰਗ੍ਰਹਿ ਬਾਰੇ ਕੇਵਲ ਪਾਠਕ ਦੇ ਤੌਰ ‘ਤੇ ਉਸੇ ਭਾਸ਼ਾ ਵਿੱਚ ਲਿਖਿਆ ਹੈ, ਜਿਹੜੀ ਭਾਸ਼ਾ ਮੈਨੂੰ ਮੇਰੇ ਤੇ ਗੁਰਭਜਨ ਦੇ ਮਾਂ ਬਾਪ ਨੇ ਸਿਖਾਈ ਸੀ ਅਤੇ ਮੈਨੂੰ ਵੀ ਇਹੋ ਜਿਹੀ ਪੰਜਾਬੀ ਭਾਸ਼ਾ ਹੀ ਸਮਝ ਆਉਂਦੀ ਹੈ।
ਇਕ ਗੱਲ ਹੋਰ!
ਜਦੋਂ ਮੇਰੇ ਇਕ ਦੋਸਤ ਨੂੰ ਇਹ ਪਤਾ ਲੱਗਾ ਕਿ ਮੈਂ ਆਪਣੇ ਛੋਟੇ ਭਰਾ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ “ਅੱਖ਼ਰ ਅੱਖ਼ਰ” ਨੂੰ ਪੜ੍ਹਨ ਤੋਂ ਬਾਅਦ, ਇਸ ਬਾਰੇ ਕੁਝ ਲਿਖਣ ਦਾ ਮਨ ਬਣਾਇਆ ਹੈ, ਤਾਂ ਉਹ ਬੜਾ ਹੈਰਾਨ ਹੋਇਆ ਅਤੇ ਕਹਿਣ ਲੱਗਾ ਕਿ ਕੀ ਤੁਸੀਂ ਗੁਰਭਜਨ ਗਿੱਲ ਹੁਰਾਂ ਦੀ ਸਹਿਮਤੀ ਨਾਲ ਅਜਿਹਾ ਕਰ ਰਹੇ ਹੋ? ਕਿਉਂਕਿ ਉਨ੍ਹਾਂ ਦਾ ਮੌਜੂਦਾ ਪੰਜਾਬ ਸਾਹਿਤਕ ਸੰਸਾਰ ਵਿੱਚ ਇੱਕ ਉੱਚ ਸਥਾਨ ਬਣਿਆ ਹੋਇਆ ਹੈ। ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਇਕ ਉਹ ਸਵਾਲ ਯਾਦ ਆਇਆ, ਜਿਹੜਾ ਸਵਾਲ ਮੇਰੇ ਕੋਲੋਂ ਹੁਣ ਤੱਕ, ਪੰਜਾਬ, ਇੰਗਲੈਂਡ, ਕੈਨੇਡਾ ਅਤੇ ਆਸਟਰੇਲੀਆ ਵਿੱਚ ਮੇਰੇ ਨਵੇਂ ਬਣੇ ਸੱਜਣ ਅਕਸਰ ਪੁੱਛਦੇ ਹਨ ਕਿ ਕੀ ਗੁਰਭਜਨ ਤੁਹਾਡਾ ਸਕਾ ਭਰਾ ਹੈ? ਤਾਂ ਉਸ ਸਮੇਂ ਮੇਰੇ ਕੋਲ ਇਹ ਸਾਬਤ ਕਰਨ ਲਈ ਕੋਈ ਲਿਖਤੀ ਸਬੂਤ ਨਹੀਂ ਹੁੰਦਾ, ਜਿਸ ਰਾਹੀਂ ਮੈਂ ਇਹ ਸਿੱਧ ਕਰ ਸਕਾਂ ਕਿ ਗੁਰਭਜਨ ਮੇਰਾ ਸਕਾ  ਭਰਾ ਹੈ।
ਮੈਂ ਉਸ ਵਕਤ ਇਹ ਕਹਿ ਕੇ ਹੀ ਆਪਣਾ ਬੁੱਤਾ ਸਾਰ ਲੈਂਦਾ ਹਾਂ ਕਿ “ਸਾਡੇ ਮਾਂ ਪਿਓ ਇੱਕ ਹਨ, ਅੱਗੋਂ ਤੁਸੀਂ ਆਪ ਅੰਦਾਜ਼ਾ ਲਾ ਲਵੋ, ਸਿਆਣੇ ਹੋ।”
        ਅੰਤ ਵਿੱਚ ਮੈਂ ਤੁਹਾਡੇ ਨਾਲ ਇੱਕੋ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਇਹ ਗ਼ਜ਼ਲ ਸੰਗ੍ਰਹਿ ਮੈਨੂੰ ਪੜ੍ਹਨ ਯੋਗ ਲੱਗਾ ਹੈ ਅਤੇ ਮੈਂ ਇਸ ਨੂੰ “ਜੀ ਆਇਆਂ ਨੂੰ” ਆਖਦਾ ਹਾਂ। ਇਕ ਹੋਰ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰੋਗੇ, ਤਾਂ ਤੁਹਾਨੂੰ ਵੀ ਇਹ ਗ਼ਜ਼ਲ ਸੰਗ੍ਰਹਿ ਪੜ੍ਹਨ ਯੋਗ ਲੱਗੇਗਾ।

Leave a Reply

Your email address will not be published. Required fields are marked *