ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ “ਪਾਰਸ”ਰਾਮੂਵਾਲੀਆ ਚੇਤੇ ਆਇਆ – ਗੁਰਭਜਨ ਗਿੱਲ

Ludhiana Punjabi

DMT : ਲੁਧਿਆਣਾ : (10 ਅਪ੍ਰੈਲ 2023) : – ਮਾਲਵੇ ਚ ਕਿਸੇ ਵੀ ਰਾਜੇ ਦਾ ਧਰਤੀ ਤੇ ਤਾਂ ਰਾਜ ਰਿਹਾ ਹੋ ਸਕਦਾ ਹੈ ਪਰ ਮਨਾਂ ਤੇ ਰਾਜ ਕਰਨ ਵਾਲੇ ਦੋ ਹੀ ਜਣੇ ਸਨ। ਬਾਬੂ ਰਜਬ ਅਲੀ ਤੇ ਬਾਪੂ ਕਰਨੈਲ ਸਿੰਘ ਪਾਰਸ ਕਵੀਸ਼ਰ। ਦੋਵੇਂ ਲੋਕ ਸ਼ਾਇਰੀ ਦੇ ਮਾਰਤੰਡ। ਦੋਵੇ ਮੋਗਾ ਜ਼ਿਲ੍ਹੇ ਦੇ। ਪਹਿਲਾ ਸਾਹੋ ਕੇ ਦਾ ਤੇ ਦੂਸਰਾ ਰਾਮੂਵਾਲੇ ਤੋਂ।
ਬਾਬੂ ਰਜਬ ਅਲੀ ਦੀ ਸ਼ਾਇਰੀ ਨਾਲ ਡਾਃ ਆਤਮ ਹਮਰਾਹੀ ਨੇ ਮਿਲਾਇਆ ਤੇ ਬਾਪੂ ਪਾਰਸ ਨਾਲ ਸ਼ਮਸ਼ੇਰ ਸਿੰਘ ਸੰਧੂ ਨੇ।
ਸ਼ਮਸ਼ੇਰ 1971 ਚ ਮਿਲਿਆ ਤੇ ਡਾਃ ਹਮਰਾਹੀ 1974-75 ਵਿੱਚ। ਸ਼ਮਸ਼ੇਰ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਚ ਪੜ੍ਹਦਿਆਂ ਤੇ ਡਾਃ ਹਮਰਾਹੀ ਜੀ ਨੂੰ ਅਸੀਂ ਦੋਵੇਂ ਧੂਰੀ ਲਾਈਨ ਕੰਢੇ ਮੁਰਾਦਪੁਰਾ ਮੁਹੱਲਾ ਸਥਿਤ ਅੰਤਹਕਰਣ ਨਾਮੀ ਘਰ ਚ ਮਿਲੇ।
ਗੱਲ ਕਰ ਰਿਹਾ ਸਾਂ ਬਾਪੂ ਪਾਰਸ ਦੀ। ਬਾਪੂ ਦੇ ਚਾਰ ਪੁੱਤਰ ਹਰਚਰਨ, ਬਲਵੰਤ, ਇਕਬਾਲ ਤੇ ਡਾਃ ਰਛਪਾਲ ਦੇ ਨਾਲ ਦੋ ਧੀਆਂ ਚਰਨਜੀਤ ਤੇ ਕਰਮਜੀਤ ਹਨ। ਇਕਬਾਲ ਸਾਨੂੰ ਵਿਗੋਚਾ ਦੇ ਗਿਆ। ਸ਼ਾਇਰ,ਨਾਵਲਕਾਰ, ਵਾਰਤਕਕਾਰ, ਗਾਇਕ ਤੇ ਹੋਰ ਕਿੰਨਾ ਕੁਝ ਸੀ ਉਹ। ਪਿਆਰ ਸਨੇਹ ਦਾ ਭਰਪੂਰ ਪਿਆਲਾ। ਸਾਡਾ ਰਾਹ ਦਿਸੇਰਾ ਸੀ ਉਹ।
ਬਾਪੂ ਪਾਰਸ ਦੇ 90ਵੇਂ ਜਨਮ ਦਿਹਾੜੇ ਤੇ ਮੈ ਟੋਰੰਟੋ ਚ ਸਾਂ। ਪ੍ਰਿੰਸੀਪਲ ਸਰਵਣ ਸਿੰਘ ਤੇ ਵੱਡਾ ਵੀਰ ਹਰਚਰਨ ਆਪਣੀ ਬੇਬੇ, ਭੈਣ ਚਰਨਜੀਤ ਤੇ ਜੀਜਾ ਅਮਰਜੀਤ ਸਮੇਤ ਹਾਜ਼ਰ ਸਨ। ਤਰਕਸ਼ੀਲ ਸੋਸਾਇਟੀ ਦੀ ਟੋਰੰਟੋ ਇਕਾਈ ਦੇ ਦੋ ਪ੍ਰਤੀਨਿਧ ਕੇਕ ਤੇ ਇੱਕ ਪੋਸਟਰ ਲੈ ਕੇ ਆਏ। ਦੋਵੇ ਜੀਵਨ ਸਾਥੀ ਸਨ। ਪੋਸਟਰ ਤੇ ਬਾਪੂ ਦੀ ਇੱਕ ਨਜ਼ਮ ਸੀ ਵਹਿਮਾਂ ਭਰਮਾਂ ਦੇ ਖ਼ਿਲਾਫ਼।
ਮੇਰੀ ਜਾਣਕਾਰੀ ਨੁਤਾਬਕ ਇਹ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਆਖ਼ਰੀ ਕਵਿਤਾ ਸੀ ਸ਼ਾਇਦ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ।
ਉਹ ਪੋਸਟਰ ਬਾਪੂ ਪਾਰਸ ਨੇ ਮੈਨੂੰ ਹੱਥੀਂ ਭੇਂਟ ਕੀਤਾ ਜਿਸ ਤੇ ਛਪੀ ਕਵਿਤਾ ਏਦਾਂ ਸੀ।
ਬਾਪੂ ਤੁਰ ਗਿਆ, ਨਜ਼ਮ ਹਾਜ਼ਰ ਹੈ, ਤੁਸੀਂ ਵੀ ਪੜ੍ਹੋ ਤੇ ਸੱਜਣ ਸਨੇਹੀਆਂ ਨੂੰ ਪੜ੍ਹਾਉ।

ਫਸਿਆ ਵਹਿਮਾਂ ਵਿੱਚ ਇਨਸਾਨ

🔹

ਕਰਨੈਲ ਸਿੰਘ “ਪਾਰਸ” ਰਾਮੂਵਾਲੀਆ
ਕੁਝ ਹਜ਼ਾਰ ਸਾਲ ਤੋਂ ਪਹਿਲਾਂ, ਰੱਬ ਦੀ ਕੋਈ ਮਿੱਥ ਨਹੀਂ ਸੀ ।
ਵਣ ਮਾਨਸ ਅਤੇ ਪਸ਼ੂ ਪੱਧਰ ਵਿੱਚ, ਲੰਬੀ ਚੌੜੀ ਵਿੱਥ ਨਹੀਂ ਸੀ ।
ਵਣ ਮਾਨਸ ਦਾ ਮਗ਼ਜ ਫਿਤਰਤੀ, ਗਿਆਨ ਗ੍ਰਹਿਣ ਕਰਨੇ ਸਮਰੱਥ ।
ਰੂਹ ਚੇਤੰਨਤਾ ਉਪਜ ਏਸ ਦੀ, ਸਾਇੰਸਦਾਨਾਂ ਖੋਜਿਆ ਤੱਥ ।
ਜਦ ਮਾਨਵ ਕੁਝ ਵਿਕਸਿਤ ਹੋਇਆ, ਵਾਪਰਦੇ ਵਰਤਾਰੇ ਦੇਖੇ ।
ਕੁਦਰਤ ਮਾਂ ਦੇ ਸਹਿਜ ਰਚੇਵੇਂ, ਅਜਬੋ ਅਜ਼ਬ ਨਜ਼ਾਰੇ ਦੇਖੇ ।
ਬਦਲ ਗਰਜੇ ਬਿਜਲੀ ਚਮਕੀ, ਵਣ ਮਾਨਸ ਡਰ ਹੋਇਆ ਹੈਰਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਬਾਅਦ ਭੁਚਾਲੋਂ ਸਾਗਰ ਉੱਛਲਿਆ, ਮੀਂਹ ਝੜੀ ਫਿਰ ਲੱਗ ਗਈ ਲੰਬੀ ।
ਪੂਰਵਜਾਂ ਨੇ ਮੀਂਹ ਦਾ ਦਿਉਤਾ, ਇੰਦਰ ਨਾਮੀ ਮਿੱਥ ਆਰੰਭੀ ।
ਫਿਰ ਭਾਰਤੀਆਂ ਈਸ਼ਵਰ ਸਿਰਜਿਆ, ਤਿੰਨ ਦੇਵਤੇ ਵੱਡੇ ਮੰਨੇ ।
ਬ੍ਰਹਮਾ ਸਿਰਜੇ, ਵਿਸ਼ਨੂੰ ਪਾਲੇ, ਸ਼ਿਵ ਜੀ ਮਾਰ ਲਗਾਵੇ ਬੰਨੇ ।
ਕੁਝ ਲੋਕਾਂ ਨੇ ਘੜਿਆ ਰੱਬ ਦਾ, ਭੌਤਕ ਤੱਤਾਂ ਬਿਨ ਕਲਬੂਤ ।
ਸਦੀਆਂ ਤੱਕ ਹੈ ਲੱਭਣਾ ਮੁਸ਼ਕਲ, ਇਸ ਦਾ ਕੋਈ ਠੋਸ ਸਬੂਤ ।
ਹੈ ਕੋਈ ਸ਼ਕਤੀ ਉੱਪਰ ਬੈਠੀ, ਸਿਆਣਿਆਂ ਨੇ ਲਾ ਲਿਆ ਅਨੁਮਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਨਰਕ ਸੁਰਗ ਦੀ ਕੂੜ ਕਲਪਨਾ, ਕੀਤੀ ਭਾਰਤ ਵਰਸ਼ੀ ਰਿਖੀਆਂ ।
ਅਟਕਲ-ਪੱਚੂ ਜੋ ਮਨ ਆਈਆਂ, ਠੋਸ ਹਕੀਕਤ ਕਹਿ-ਕਹਿ ਲਿਖੀਆਂ ।
ਪੁਰਖਿਆਂ ਕੋਲ ਪ੍ਰਾਪਤ ਨਾ ਸੀ, ਅੱਜ ਵਰਗੀ ਵਿਗਿਆਨਕ ਸੂਹ ।
ਉਹ ਮੰਨ ਬੈਠੇ ਚੇਤੰਨਤਾ ਨੂੰ, ਜਨਮ ਕਿਸੇ ਪਿਛਲੇ ਦੀ ਰੂਹ ।
ਜਨਮ ਸਮੇਂ ਨ ਸਨ ਸਾਡੇ ਵਿੱਚ, ਰੂਹ ਚੇਤੰਨਤਾ ਅਕਲ ਵਜੂਦ ।
ਇਹ ਵੀ ਵਿਕਸਤ ਹੁੰਦੀਆਂ ਗਈਆਂ, ਜਿਉਂ-ਜਿਉਂ ਵਧਦਾ ਗਿਆ ਵਜੂਦ ।
ਸਾਇੰਸਦਾਨ ਬੁੱਝਣ ਲੱਗੇ, ਪ੍ਰਕ੍ਰਿਤੀ ਦਾ ਗੁਹਜ ਗਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਕਹਿੰਦੇ ਰੱਬ ਨਹੀਂ ਜੂਨ ‘ਚ ਆਉਂਦਾ, ਜਨਮ ਮਰਨ ਦੇ ਚੱਕਰੋਂ ਬਾਹਰ ।
ਓਸੇ ਮੂੰਹ ਨਾਲ ਆਖੀ ਜਾਂਦੇ, ਧਾਰ ਚੁੱਕਾ ਚੌਵੀ ਅਵਤਾਰ ।
ਮਹਾਂ ਕਵੀ ਇੱਕ ਲਿਖ ਗਿਆ ਰੱਬ ਹੈ, ਇੱਕ ਬੁਝਾਰਤ, ਗੋਰਖ ਧੰਦਾ ।
ਖੋਹਲਣ ਲੱਗਾ ਪੇਚ ਏਸ ਦੇ, ਬਣ ਜਾਂਦਾ ਹੈ ਕਾਫ਼ਰ ਬੰਦਾ ।
ਜੱਗ ਪ੍ਰਵਾਣਤ ਰੱਬ ਦੀ ਵਿਆਖਿਆ ਕਰ ਨਾ ਸਕੇ ਈਸਾ-ਮੂਸਾ ।
ਉਹਨਾਂ ਦੇ ਵੀ ਦੋ ਮਜ੍ਹਬਾਂ ਵਿਚ, ਪਸਰਿਆ ਵਾ ਹੈ ਭੰਬਲ ਭੂਸਾ ।
ਚਿਹਨ ਚੱਕਰ ਰੰਗ ਰੂਪ ਤੋਂ ਵਾਂਝਾ, ਲਿਖ ਗਏ ਗੁਰ ਸੋਢੀ ਸੁਲਤਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਕਹਿਣ ਕਤੇਬਾਂ ਮੁਸਲਮਾਨੀਆਂ, ਰੱਬ ਨੇ ਦੁਨੀਆਂ ਜਦੋਂ ਬਣਾਈ ।
ਨਰ ਮਾਦੇ ਦਾ ਜੋੜਾ ਸਿਰਜਿਆ, ਬਾਬਾ ਆਦਮ ਹੱਵਾ ਮਾਈ ।
ਏਸੇ ਕੁੱਲ ‘ਚੋਂ ਪੈਦਾ ਹੋਏ ਇੱਕ ਲੱਖ ਚੌਵੀ ਹਜ਼ਾਰ ਪੈਗੰਬਰ ।
ਆਖਰ ਵਾਰ ਮੁਹੰਮਦ ਭੇਜਿਆ, ਰੱਬ ਨੇ ਆਪਣਾ ਯਾਰ ਪੈਗੰਬਰ ।
ਉਸ ਦੀ ਉੱਮਤ ਦੇ ਦੋ ਫ਼ਿਰਕਿਆਂ, ਲੜਦਿਆਂ ਨੂੰ ਲੰਘ ਗਈਆਂ ਸਦੀਆਂ ।
ਅੱਜ ਵੀ ਉਸ ਦੇ ਪਾਕਿ ਨਾਮ ‘ਤੇ, ਲਹੂ ਦੀਆਂ ਵਗ ਰਹੀਆਂ ਨਦੀਆਂ ।
ਸ਼ੀਆ ਸੁੰਨੀ ਕੌਮ ਇਰਾਕੀ, ਆਪੋ ਦੇ ਵਿੱਚ ਲਹੂ ਲੁਹਾਣ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਬੁੱਤਾਂ ਅੱਗੇ ਨੱਕ ਰਗੜਦਾ, ਫਿਰਦਾ ਬੰਦਾ ਕਿਹੜੇ ਨਾਤੇ ।
ਤੀਰਥ ਤੀਰਥ ਫਿਰੇ ਯਬਕਦਾ, ਕਰਦਾ ਪਾਠ ਜਾਪ ਜਗਰਾਤੇ ।
ਕਹਿੰਦੇ ਰੱਬ ਨੂੰ ਇੱਕ ਬਰਾਬਰ, ਹੁੰਦੀ ਉਸ ਦੀ ਉਸਤਤ ਨਿੰਦਾ ।
ਉਸਤਤੀਏ ਨੂੰ ਨਹੀ ਸਿਰੋਪਾ, ਨਿੰਦਕ ਨੂੰ ਕੋਈ ਦੰਡ ਨਹੀਂ ਦਿੰਦਾ ।
ਸਾਡੇ ਅੰਦਰ ਠੋਸਿਆ ਹੋਇਆ, ਵਕਤ ਵਿਹਾਇਆ ਦ੍ਰਿਸ਼ਟੀਕੋਣ ।
ਸਾਨੂੰ ਹੱਕ ਹੋਵੇ ਕਿ ਕਰੀਏ, ਆਪਣੇ ਦ੍ਰਿਸ਼ਟੀਕੋਣ ਦੀ ਚੋਣ ।
ਕੁਦਰਤ ਮਾਂ ਤੋਂ ਬਿਨ ਜੋ ਰੱਬ ਹੈ, ਸਿਰਜਿਆ ਬੰਦੇ ਦਾ ਭਗਵਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਨਿਰਾਕਾਰ ਹੈ ਖੁਦ ਬੇ ਦੇਹਾ, ਉਸ ਕਿਸ ਤਰ੍ਹਾਂ ਰਚ ਲਈ ਦੇਹ ।
ਉਹ ਕਥਨੀ ਹੈ ਮਹਿਲ ਹਵਾਈ, ਬਿਨਾ ਭੁਚਾਲੋਂ ਬਣਗੀ ਥੇਹ ।
ਬ੍ਰਹਿਮੰਡਾਂ ਦਾ ਮਾਲਕ ਚਾਲਕ, ਅਸੀਂ ਰੱਬ ਲਿਆ ਆਪੇ ਥਾਪ ।
ਜਿਸਦੀ ਆਪਣੀ ਹੋਂਦ ਨਾ ਕੋਈ, ਨਾ ਧੀ ਪੁੱਤ ਨਾ ਮਾਈ ਬਾਪ ।
ਈਸ਼ਵਰ, ਅੱਲਾ, ਗਾਡ, ਵਾਹਿਗੁਰੂ, ਦੇਹ ਕੋਈ ਨਾ, ਨਾਮ ਅਨੇਕ ।
ਪੜਦਾਦੇ ਨੇ ਜੋ ਅਪਣਾ ਲਿਆ, ਪੜਪੋਤਾ ਜਪ ਰਿਹਾ ਹਰੇਕ ।
ਸਿਰਜਣਹਾਰ ਹੈ ਕੰਨ-ਵਿਹੂਣਾ, ਇਸ ਗੱਲ ਵੱਲ ਬਿਨ ਧਰੇ ਧਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਸਾਇੰਸਦਾਨਾਂ ਨੇ ਜੋ ਖੋਜਿਆ, ਮਾਦਾ ਮੰਨਿਆ ਗਿਆ ਅਨਾਦੀ ।
ਏਸੇ ਦਾ ਹੈ ਬ੍ਰਹਿਮੰਡ ਰਚਿਆ, ਏਸੇ ਦੀ ਹੈ ਧਰਤ ਆਬਾਦੀ ।
ਬਹੁਮੱਤਾਂ ਦੇ ਗ੍ਰੰਥ ਅਧਿਐਨਿਆ, ਸਮਝ ‘ਚ ਆਉਂਦੀ ਗੱਲ ਯਥਾਰਥ ।
ਹੋਰ ਵਸਤ ਦੀ ਹੋਂਦ ਨਾ ਕੋਈ, ਜੋ ਦਿਸਦਾ ਸਭ ਠੋਸ ਪਦਾਰਥ ।
ਅੱਜ ਤੱਕ ਰੱਬ ਕਿਸੇ ਨਾ ਡਿੱਠਾ, ਨਾ ਦੇਖਣ ਦਾ ਕੀਤਾ ਦਾਅਵਾ ।
ਨਾ ਉਹ ਦੱਸਦਾ ਹੋਂਦ ਆਪਣੀ, ਮੂੰਹੋਂ ਬੋਲ ਮਿੱਟੀ ਦਾ ਬਾਵਾ ।
ਧਰਮ ਸਮੂਹ ਵਿੱਚ ਸਖ਼ਤ ਵਿਵਰਜਿਤ, ਕਿੰਤੂ ਪ੍ਰੰਤੂ ਤਰਕ ਗਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਗੁਰੂ ਨਾਨਕ ਕਹਿ ਗਏ ਕਾਬਲੋਂ, ਚੜ੍ਹੀਆਂ ਪਾਪ ਜਬਰ ਦੀਆਂ ਜੰਨਾਂ ।
ਢਾਹ ਬ੍ਰਿਜ ਮੰਦਰ ਲੁੱਟ ਲਿਆ ਸੋਨਾ, ਇੱਕ ਮੁਗ਼ਲ ਨਾ ਹੋਇਆ ਅੰਨ੍ਹਾ ।
ਅੱਜ ਵੀ ਸਾਲ ‘ਚ ਕੁਝ ਥਾਵਾਂ ਤੇ, ਜੁੜਦੀਆਂ ਲੱਖ ਕਰੋੜੀ ਭੀੜਾਂ ।
ਮਾੜੀ ਜਿਹੀ ਖਤਰੇ ਦੀ ਸੋਅ ਸੁਣ, ਭੀੜਾਂ ਦੀਆਂ ਜਦ ਪੈਣ ਪਦੀੜਾਂ ।
ਭਗਦੜ ਦੇ ਵਿੱਚ ਦਰੜੇ ਜਾਂਦੇ, ਸੈਂਕੜਿਆਂ ਵਿੱਚ ਬੁੱਢੇ ਠੇਰੇ ।
ਕਿੰਨੇ ਮਰੇ ਤੇ ਕਿੰਨੇ ਜ਼ਖਮੀ, ਛਪ ਜਾਂਦੀ ਹੈ ਖ਼ਬਰ ਸਵੇਰੇ ।
ਪਾਪ ਲਾਹੁਣ ਤੇ ਸਵਰਗ ਜਾਣ ਲਈ, ਦੇ ਬਹਿੰਦੇ ਅਣਮੁੱਲੀ ਜਾਨ ।
ਫਸਿਆ ਵਹਿਮਾਂ ਵਿੱਚ ਇਨਸਾਨ….

Leave a Reply

Your email address will not be published. Required fields are marked *