- ਸਰਬ ਧਰਮ ਸੰਮੇਲਨ ‘ਇਨਸਾਨ ਨੂੰ ਇਨਸਾਨ ਬਣਨ’ ਦੇ ਸੁਨੇਹੇ ਨਾਲ ਸੰਪੰਨ
- ਜਦੋਂ ਸ਼ਬਦ ਦੀ ਤਾਕਤ ਪਹਿਚਾਣ ਲਈ, ਫਿਰ ਮਿਟ ਜਾਣਗੇ ਧਰਮਾਂ ਦੇ ਬਖੇੜੇ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ
DMT : ਲੁਧਿਆਣਾ : (09 ਮਾਰਚ 2023) : – ਨਾਮਧਾਰੀ ਸੰਪਰਦਾਇ ਵੱਲੋਂ ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਲੁਧਿਆਣਾ ਵਿਖੇ ਨਾਮਧਾਰੀ ਮੁਖੀ ਸੰਤ ਉਦੇ ਸਿੰਘ ਜੀ ਦੀ ਅਗਵਾਈ ਹੇਠ ਸਰਬ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਨਸਾਨ ਨੂੰ ਇਨਸਾਨ ਬਣਨ ਦਾ ਸੁਨੇਹਾ ਦੇ ਕੇ ਸੰਪੰਨ ਹੋਏ ਇਸ ਸਰਬ ਧਰਮ ਸੰਮੇਲਨ ਵਿਚ ਵੱਖੋ-ਵੱਖ ਧਰਮਾਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਡੇਰਾ ਬਿਆਸ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਜੀ, ਸੂਫੀ ਸਮਾਜ ਵੱਲੋਂ ਅਜਮੇਰ ਸ਼ਰੀਫ਼ ਦਰਗਾਹ ਦੇ ਮੁਖੀ ਹਾਜ਼ੀ ਸਈਅਦ ਸਲਮਾਨ ਚਿਸ਼ਤੀ, ਬੁੱਧ ਧਰਮ ਵੱਲੋਂ ਕੈਨਫੋ ਕਿਨਲੇ ਗੈਲਸਨ, ਸਵਾਮੀ ਨਰਾਇਣ ਸੰਸਥਾ ਵੱਲੋਂ ਮੁਨੀਵਤਸਲ ਦਾਸ ਅਤੇ ਸਵਾਮੀ ਗਿਆਨ ਮੰਗਲਦਾਸ ਜੀ, ਸੰਤ ਦਰਸ਼ਨ ਸਿੰਘ ਸ਼ਾਸਤਰੀ, ਬਾਬਾ ਬਲਦੇਵ ਸਿੰਘ ਰਾੜਾ ਸਾਹਿਬ ਤੋਂ, ਸੰਤ ਧੂਣੀ ਦਾਸ ਉਦਾਸੀ ਸੰਪਰਦਾਇ ਤੋਂ ਸਣੇ ਹੋਰ ਵੱਖੋ-ਵੱਖ ਧਰਮਾਂ ਅਤੇਂ ਸੰਪਰਦਾਇ ਦੇ ਨੁਮਾਇੰਦਿਆਂ ਨੇ ਸਰਬ ਧਰਮ ਸੰਮੇਲਨ ਵਿਚ ਏਕਤਾ ਦਾ ਸੁਨੇਹਾ ਦਿੱਤਾ।
ਡੇਰਾ ਬਿਆਸ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਹੋਰਾਂ ਨੇ ਸਰਬ ਧਰਮ ਸੰਮੇਲਨ ਦੇ ਉਪਰਾਲੇ ਲਈ ਸੰਤ ਉਦੇ ਸਿੰਘ ਸਣੇ ਸਮੁੱਚੇ ਨਾਮਧਾਰੀ ਸਮਾਜ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੰਨਦੇ ਤਾਂ ਸਾਰੇ ਅਸੀਂ ਇਕ ਨੂੰ ਹੀ ਹਾਂ, ਬਸ ਅਸੀਂ ਨਾਮ ਹੀ ਆਪਣੇ ਆਪਣੇ ਰੱਖੇ ਹੋਏ ਹਨ। ਗੁਰਬਾਣੀ ਦੇ ਹਵਾਲੇ ਨਾਲ ਡੇਰਾ ਬਿਆਸ ਮੁਖੀ ਨੇ ਆਖਿਆ ਕਿ ਪਰਮਾਤਮਾ ਨੇ ਮਾਨਵ ਨੂੰ ਜਿਸ ਕੰਮ ਲਈ ਭੇਜਿਆ ਹੈ। ਅਸੀਂ ਉਸ ਕੰਮ ਤੋਂ ਮਨਫੀ ਹੋ ਗਏ ਹਾਂ। ਜੇਕਰ ਅਸੀਂ ਉਸ ਦੇ ਹੁਕਮ ਵਿਚ,ਉਸ ਦੇ ਭਾਣੇ ਵਿਚ ਅਤੇ ਉਸ ਦੀ ਰਜ਼ਾ ਵਿਚ ਰਹਿਣਾ ਸਿੱਖ ਜਾਈਏ ਅਤੇ ਸ਼ਬਦ ਗੁਰੂ ਦੀ ਤਾਕਤ ਨੂੰ ਪਹਿਚਾਣ ਲਈਏ ਫਿਰ ਸਭ ਧਰਮਾਂ ਦੇ ਬਖੇੜੇ ਮੁੱਕ ਜਾਣ।
ਸਰਬ ਧਰਮ ਸੰਮੇਲਨ ਦੀ ਅਗਵਾਈ ਕਰ ਰਹੇ ਨਾਮਧਾਰੀ ਸੰਪਰਦਾਇ ਦੇ ਮੁਖੀ ਸੰਤ ਉਦੇ ਸਿੰਘ ਹੋਰਾਂ ਨੇ ਵੱਖੋ-ਵੱਖ ਧਰਮਾਂ ਅਤੇ ਸੰਪਰਦਾਇਆਂ ਦੇ ਨੁਮਾਇਦਿਆਂ ਦੀ ਆਮਦ ’ਤੇ ਜਿੱਥੇ ਉਨ੍ਹਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਗੁਰਦੁਆਰਾ ਭੈਣੀ ਸਾਹਿਬ ਦੀ ਕਮੇਟੀ ਵੱਲੋਂ ਗੁਰਭੇਜ ਸਿੰਘ ਗੁਰਾਇਆਂ ਅਤੇ ਗੁਰਲਾਲ ਸਿੰਘ ਰਾਹੀਂ ਸਭਨਾਂ ਦਾ ਸਨਮਾਨ ਵੀ ਕੀਤਾ। ਸੰਤ ਉਦੇ ਸਿੰਘ ਹੋਰਾਂ ਨੇ ਆਖਿਆ ਕਿ ਅਸੀਂ ਤਾਂ ਨਾਮਧਾਰੀ ਸੰਪਰਦਾਇ ਦੀ ਪਰੰਪਰਾ ਕਾਇਮ ਰੱਖਦਿਆਂ ਸਤਿਗੁਰੂ ਜਗਜੀਤ ਸਿੰਘ ਹੋਰਾਂ ਦੇ ਦਿਖਾਏ ਰਸਤੇ ਉਤੇ ਚਲਦਿਆਂ ਮਾਨਵਤਾ ਦੀ ਭਲਾਈ ਲਈ ਇਹ ਸਰਬ ਧਰਮ ਸੰਮੇਲਨ ਕੀਤਾ ਹੈ। ਸੰਤ ਉਦੇ ਸਿੰਘ ਹੋਰਾਂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਅਸੀਂ ਦੂਜੇ ਦੇ ਹੱਕ ਦੀ ਰੱਖਿਆ ਕਰਨਾ ਸਿੱਖ ਗਏ ਅਤੇ ਆਪਣੇ ਹੱਕ ਦਾ ਦਾਨ ਕਰਨਾ,ਫਿਰ ਝਗੜੇ-ਝਮੇਲੇ ਮੁੱਕ ਜਾਣਗੇ ਕਿਉਂਕਿ ਸਾਡੇ ਭਰਮ ਵੱਖੋ-ਵੱਖ ਹੋ ਸਕਦੇ ਹਨ ਧਰਮ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦਾ ਹਵਾਲਾ ਦੇ ਕੇ ਸੰਤ ਉਦੇ ਸਿੰਘ ਹੋਰਾਂ ਨੇ ਆਖਿਆ ਕਿ ਮਾਨਵਤਾ ਦਾ ਪ੍ਰਚਾਰ ਹੁੰਦਾ ਹੈ, ਧਰਮ ਪਰਿਵਰਤਨ ਦਾ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਨੂੰ ਨਜ਼ਰ ਨਾ ਲੱਗੇ, ਸਾਡੇ ਮੁਲਕ ਨੂੰ ਨਜ਼ਰ ਨਾ ਲੱਗੇ, ਸਾਰੀ ਦੁਨੀਆ ਦਾ ਭਲਾ ਹੋਵੇ ਅਤੇ ਵੰਡਣ ਵਾਲੀਆਂ ਸ਼ਕਤੀਆਂ ਨਾਲੋਂ ਆਪਾਂ ਸਭ ਵੱਧ ਮਜ਼ਬੂਤ ਹੋਈਏ। ਇਹੀ ਇਥੋਂ ਅੱਜ ਪ੍ਰਣ ਕਰਕੇ ਜਾਣ ਦੀ ਲੋੜ ਹੈ।
ਗੁਰੁਦਆਰਾ ਭੈਣੀ ਸਾਹਿਬ ’ਚ ਆਯੋਜਿਤ ਸਰਬ ਧਰਮ ਸੰਮੇਲਨ ਦੌਰਾਨ ਬੁੱਧ ਧਰਮ ਵੱਲੋਂ ਦਲਾਈਲਾਮਾ ਦੀ ਪ੍ਰਤਿਨਿਧਾ ਕਰਦੇ ਹੋਏ ਕੈਨਫੋ ਕਿਨਲੇ ਗੈਲਸਨ ਨੇ ਆਖਿਆ ਕਿ ਸੰਤਾਂ, ਗੁਰੂਆਂ ਦੀ ਧਰਤੀ ’ਤੇ ਆਉਣਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਅੱਜ ਦੇ ਸਮੇਂ ਦੀ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਧਰਮ ਸਾਨੂੰ ਪੱਥਰ ਨਹੀਂ ਵਹਿੰਦਾ ਪਾਣੀ ਬਣਾਉਂਦੇ ਹਨ। ਇਸ ਮੌਕੇ ਅਜਮੇਰ ਸ਼ਰੀਫ਼ ਦੇ ਨੁਮਾਇੰਦੇ ਹਾਜੀ ਸਈਅਦ ਸਲਮਾਨ ਚਿਸ਼ਤੀ ਨੇ ਬਾਬਾ ਫਰੀਦ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਆਖਿਆ ਕਿ ਅੱਜ ਇਕੋ ਸੰਦੇਸ਼ ’ਤੇ ਸਭ ਧਰਮਾਂ ਨੂੰ ਪਹਿਰਾ ਦੇਣ ਦੀ ਲੋੜ ਕਿ ‘ਮੁਹੱਬਤ ਸਭ ਨਾਲ, ਨਫਰਤ ਕਿਸੇ ਨਾਲ ਵੀ ਨਹੀਂ’। ਇਸੇ ਤਰ੍ਹਾਂ ਸੁਆਮੀ ਨਰਾਇਣ ਸੰਸਥਾ ਦੇ ਨੁਮਾਇੰਦੇ ਸੁਆਮੀ ਗਿਆਨ ਮੰਗਲਦਾਸ ਅਤੇ ਮੁਨੀ ਵਤਸਲ ਦਾਸ ਨੇ ਕਿਹਾ ਕਿ ਅਸੀਂ ਧਨ ਅਤੇ ਪ੍ਰਸਿੱਧੀ ਮਗਰ ਦੌੜਦੇ ਹਾਂ ਪਰ ਜ਼ਰੂਰਤ ਸਾਡੀ ਸ਼ਾਂਤੀ ਹੈ ਅਤੇ ਸ਼ਾਂਤੀ ਸਭ ਨੂੰ ਪਿਆਰ ਕਰਨ ਨਾਲ ਹੀ ਮਿਲਦੀ ਹੈ ਤੇ ਸਭ ਧਰਮਾਂ ਦਾ ਇਹੋ ਸੁਨੇਹਾ ਹੈ। ਇਸੇ ਤਰ੍ਹਾਂ ਸੰਤ ਦਰਸ਼ਨ ਸਿੰਘ ਸ਼ਾਸਤਰੀ, ਸੰਤ ਧੂਣੀ ਦਾਸ, ਬਾਬਾ ਸਤਨਾਮ ਸਿੰਘ ਜੀ ਨਿਹੰਗ ਦਲ ਅਤੇ ਬੁੱਧ ਧਰਮ ਤੋਂ ਜੈਸੀ ਫੰਤੋਖ ਸਮੇਤ ਹੋਰ ਨੁਮਾਇੰਦਿਆਂ ਨੇ ਸਭ ਧਰਮਾਂ ਦਾ ਸਤਿਕਾਰ ਕਰਨ ਅਤੇ ਮਾਨਵਤਾ ਨੂੰ ਪਿਆਰ ਕਰਨ ਦਾ ਸੁਨੇਹਾ ਸਾਂਝਾ ਕਰਦਿਆਂ ਨਾਮਧਾਰੀ ਸੰਪਰਦਾਇ ਵੱਲੋਂ ਅਤੇ ਸੰਤ ਉਦੇ ਸਿੰਘ ਵੱਲੋਂ ਕੀਤੇ ਗਏ ਇਸ ਉਦਮ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਅਤੇ ਸਾਰੇ ਨੁਮਾਇੰਦਿਆਂ ਨੇ ਆਪੋ-ਆਪਣੇ ਅਕੀਦਿਆਂ ਨਾਲ ਸਬੰਧਤ ਚਿੰਨ੍ਹ ਵੀ ਸੰਤ ਉਦੇ ਸਿੰਘ ਹੋਰਾਂ ਨੂੰ ਭੇਂਟ ਕੀਤੇ। ਸਰਬ ਧਰਮ ਸੰਮੇਲਨ ਦੌਰਾਨ ਮੰਚ ਸੰਚਾਲਨ ਦੀ ਸੇਵਾ ਸੰਤ ਨਿਸ਼ਾਨ ਸਿੰਘ ਅਤੇ ਪੰਡਤ ਯਾਦਵਿੰਦਰ ਸਿੰਘ ਹੋਰਾਂ ਨੇ ਬੜੀ ਨਿਮਰਤਾ ਨਾਲ ਨਿਭਾਈ। ਇਸ ਮੌਕੇ ਵੱਖੋ-ਵੱਖ ਧਰਮਾਂ, ਫਿਰਕਿਆਂ ਅਤੇ ਮਜ਼੍ਹਬਾਂ ਨਾਲ ਸਬੰਧਤ ਮਾਨਵਤਾ ਨੂੰ ਪਿਆਰ ਕਰਨ ਵਾਲੇ ਜਿੱਥੇ ਨੁਮਾਇੰਦੇ ਵੱਡੀ ਗਿਣਤੀ ਵਿਚ ਸਰੋਤਿਆਂ ਵਜੋਂ ਮੌਜੂਦ ਸਨ। ਉਥੇ ਹੀ ਹਜ਼ਾਰਾਂ ਦੀ ਗਿਣਤੀ ਵਿਚ ਨਾਮਧਾਰੀ ਭਾਈਚਾਰਾ ਆਪਣੇ ਪਰਿਵਾਰਾਂ ਸਣੇ ਪੰਡਾਲ ਵਿਚ ਹਾਜ਼ਰ ਸੀ। ਇਸ ਮੌਕੇ ਗੁਰਦੁਆਰਾ ਭੈਣੀ ਸਾਹਿਬ ਦੀ ਪ੍ਰਮੁੱਖ ਪ੍ਰਬੰਧਕ ਕਮੇਟੀ, ਵੱਖੋ-ਵੱਖ ਸੇਵਾ ਨਿਭਾਉਣ ਵਾਲੀਆਂ ਕਮੇਟੀਆਂ ਦੇ ਨੁਮਾਇੰਦਿਆਂ ਸਣੇ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ, ਪ੍ਰਸਿੱਧ ਲੇਖਕ ਤੇ ਸ਼ਾਇਰ ਗੁਰਭਜਨ ਗਿੱਲ, ਗੁਰਭੇਜ ਸਿੰਘ ਗੋਰਾਇਆਂ, ਸ਼ਾਇਰ ਅਤੇ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਜਸਵੰਤ ਸਿੰਘ, ਕਵੀ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਸਣੇ ਵੱਖੋ-ਵੱਖ ਖੇਤਰਾਂ ਦੀਆਂ ਹੋਰ ਪ੍ਰਮੁੱਖ ਅਤੇ ਨਾਮਚਿੰਨ੍ਹ ਹਸਤੀਆਂ ਨੇ ਵੀ ਇਸ ਸਰਬ ਧਰਮ ਸੰਮੇਲਨ ਵਿਚ ਸ਼ਿਰਕਤ ਕੀਤੀ ਅਤੇ ਉਦੇ ਸਿੰਘ ਹੋਰਾਂ ਨੂੰ ਸਾਂਝੀ ਬੇਨਤੀ ਕਿ ਉਹ ਅਜੋਕੇ ਦੌਰ ਵਿਚ ‘ਸਰਬ ਧਰਮ ਸੰਮੇਲਨ’ ਨਾਮਕ ਮਿਸ਼ਾਲ ਜਗ੍ਹਾ ਕੇ ਰੱਖਣ, ਜਿਸ ਨੂੰ ਉਨ੍ਹਾਂ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਕਿਹਾ ਕਿ ਹੁਣ ਇਹ ਲੜੀ ਟੁੱਟਣ ਨਹੀਂ ਦਿੱਤੀ ਜਾਵੇਗੀ।