ਸਿਕੰਦਰ ਦੀਆਂ ਢਾਹੀਆਂ ਕੰਧਾਂ ਮੁੜ ਉਸਾਰ ਕੇ ਦੇਣ ਦੀ ਪੇਸ਼ਕਸ਼ ਕਰਨ ਵਾਲੀ ਵੇਸਵਾ ਦੀ ਕੀ ਸੀ ਸ਼ਰਤ

New Delhi Punjabi

DMT : New Delhi : (26 ਅਕਤੂਬਰ 2020): – ਪ੍ਰਾਚੀਨ ਗ੍ਰੀਸ ਦੇ ਐਰੋਪੈਗਸ ਵਿੱਚ ਇੱਕ ਅਨੋਖਾ ਘਟਨਾਕ੍ਰਮ ਚੱਲ ਰਿਹਾ ਸੀ। ਪ੍ਰਾਚੀਨ ਗ੍ਰੀਸ ਦੇ ਸਾਮੰਤਾਂ ਦੀ ਸਭਾ ਐਰੋਪੈਗਸ ਵਿੱਚ ਇਹ ਇੱਕ ਆਮ ਦਿਨਾਂ ਵਰਗਾ ਦਿਨ ਕਤਈ ਨਹੀਂ ਸੀ।

ਮੁਕੱਦਮੇ ਵਿੱਚ ਮੁਲਜ਼ਮ ਇੱਕ ਵੇਸਵਾ ਸੀ-ਫਰਾਈਨ। ਜਿਸ ਉੱਪਰ ਇਸ ਮੁੱਕਦਮੇ ਵਿੱਚ ਸਭ ਤੋਂ ਸੰਗੀਨ ਇਲਜ਼ਾਮ – ਅਸ਼ਰਧਾ ਦਾ ਇਲਜ਼ਾਮ ਲਾਇਆ ਜਾ ਰਿਹਾ ਸੀ।

ਅਸ਼ਰਧਾ ਦਿਖਾਉਣ ਦੇ ਪ੍ਰਾਚੀਨ ਗ੍ਰੀਸ ਵਿੱਚ ਕਈ ਮਸ਼ਹੂਰ ਮੁਕੱਦਮਿਆਂ ਦਾ ਜ਼ਿਕਰ ਹੈ।

ਮਹਾਨ ਗ੍ਰੀਕ ਅਫ਼ਲਾਤੂਨ ਸੁਕਰਾਤ ਨੂੰ ਜਦੋਂ ਜ਼ਹਿਰ ਦੇ ਪਿਆਲੇ ਨਾਲ ਮੌਤ ਦੀ ਸਜ਼ਾ ਸੁਣਾਈ ਗਈ ਸੀ ਤਾਂ ਉਸ ਦੀ ਇੱਕ ਵਜ੍ਹਾ- ਇਹ ਵੀ ਸੀ।

ਇਸ ਮੁਕੱਦਮੇ ਵਿੱਚ ਜਿਰਾਹ ਕਰਨ ਲਈ ਉਸ ਸਮੇਂ ਦੇ ਉੱਘੇ ਭਾਸ਼ਣਕਾਰ ਹਾਈਪਰਾਈਡਸ ਨੇ ਬਹੁਤ ਤਿਆਰੀ ਕੀਤੀ ਸੀ ਪਰ ਉਨ੍ਹਾਂ ਤੋਂ ਕਿਸੇ ਤਰ੍ਹਾਂ ਜਿਊਰੀ ਨੂੰ ਆਪਣੇ ਨਾਲ ਸਹਿਮਤ ਨਹੀਂ ਕਰਾਇਆ ਜਾ ਸਕਿਆ ਸੀ।

ਆਪਣਾ ਕਰੀਅਰ ਅਤੇ ਮੁੱਅਕਲ ਦੀ ਜ਼ਿੰਦਗੀ ਦੀ ਬਾਜ਼ੀ ਹੱਥੋਂ ਜਾਂਦੀ ਦੇਖ ਹਾਈਪਰਾਈਡਸ ਹਰ ਹੀਲਾ ਵਰਤਣ ਨੂੰ ਤਿਆਰ ਸਨ।

ਕਚਹਿਰੀ ਨੂੰ ਸੁਣਵਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਤਾ ਗਿਆ ਸੀ ਤਾਂ ਜੋ ਉੱਥੇ ਪਹੁੰਚਣ ਵਾਲਿਆਂ ਨੂੰ ਯਾਦ ਰਹੇ ਕਿ ਇੱਥੇ ਜੋ ਵੀ ਪਹੁੰਚਿਆ ਹੈ ਕਿੰਨਾ ਪਵਿੱਤਰ ਹੈ।

ਇਸ ਭਰੀ ਸਭਾ ਦੇ ਵਿੱਚ ਹਾਈਪਰਾਈਡਸ ਨੇ ਇੱਕ ਵੇਸਵਾ ਦੇ ਕੱਪੜੇ ਖਿੱਚ ਕੇ ਉਸ ਨੂੰ ਅਲਫ਼ ਕਰ ਦਿੱਤਾ।

ਪ੍ਰਾਚੀਨ ਗ੍ਰੀਸ ਵਿੱਚ ਇਹ ਵੇਸਵਾਵਾਂ ਸੁਤੰਤਰ ਰੂਪ ਵਿੱਚ ਆਪਣਾ ਕਿੱਤਾ ਕਰਦੀਆਂ ਸਨ। ਇਹ ਔਰਤਾਂ ਨਾ ਸਿਰਫ਼ ਆਪਣੀ ਜਿਸਮਾਨੀ ਸੁੰਦਰਤਾ ਲਈ ਜਾਣੀਆਂ ਜਾਂਦੀਆਂ ਸਨ ਸਗੋ ਇਨ੍ਹਾਂ ਦਾ ਦਿਮਾਗ ਅਤੇ ਸੂਝ-ਬੂਝ ਵੀ ਔਸਤ ਗ੍ਰੀਸ ਔਰਤਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਸੀ।

ਸਾਮੰਤਾਂ ਦੀ ਇਸ ਸਭਾ ਵਿੱਚ ਉਹ ਆਪਣੀ ਖ਼ੂਬਸੂਰਤੀ ਅਤੇ ਤੇਜ਼ ਬੁੱਧੀ ਅਤੇ ਦੌਲਤ ਦੇ ਬੂਤੇ ਉੱਤੇ ਵੱਖਰੀ ਖੜ੍ਹੀ ਸੀ।

ਉਸ ਦੇ ਅਸਲੀ ਨਾਂ ਕੁਝ ਹੋਰ ਸੀ, ਜਿਸ ਦਾ ਮਤਲਬ ‘ਗੁਣਾਂ ਦੀ ਯਾਦ’ ਸੀ ਪਰ ਇਹ ਨਾਂ ਇੱਕ ਵੈਸ਼ਵਾ ਦਾ ਕਿੱਤਾ ਕਰਨ ਲਈ ਢੁਕਵਾਂ ਨਹੀਂ ਸੀ ਸੋ ਉਸ ਨੂੰ ਬੇਇੱਜ਼ਤ ਕਰਨ ਲਈ ਫਰਾਈਨ ਕਿਹਾ ਜਾਂਦਾ ਜਿਸ ਦਾ ਅਰਥ ਸੀ ‘ਡੱਡੂ’। ਇਹ ਨਾਂ ਉਸ ਨੂੰ ਉਸ ਦੇ ਨੈਣ-ਨਕਸ਼ ਕਰ ਕੇ ਨਹੀਂ ਸਗੋਂ ਉਸ ਦੇ ਰੰਗ ਕਰ ਕੇ ਮਿਲਿਆ ਸੀ।

ਗ੍ਰੀਸ ਦੇ ਲੋਕ ਨਿੱਕੇ ਨਾਵਾਂ ਦੇ ਮਾਮਲੇ ਵਿੱਚ ਬਹੁਤੇ ਉਦਾਰ ਨਹੀਂ ਸਨ। ਪਲੈਟੋ ਦਾ ਅਸਲੀ ਨਾਂ ਅਰਿਸਟੋਕਲਸ ਸੀ ਪਰ ਉਸ ਨੂੰ ਸਾਰੇ ਗ੍ਰੀਸ ਵਿੱਚ ਪਲੈਟੋ ਹੀ ਕਿਹਾ ਜਾਂਦਾ ਸੀ। ਪਲੈਟੋ ਦਾ ਅਰਥ ਹੁੰਦਾ ਹੈ ‘ਚੌੜਾ’। ਬਹੁਤ ਸਾਰੇ ਲੋਕ ਇਸ ਨੂੰ ਖਿੱਚ-ਧੂਹ ਕੇ ਉਸ ਦੇ ਚੌੜੇ ਮੱਥੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ ਪਰ ‘ਮੋਟੇ’ ਹੋਣ ਦੇ ਜ਼ਿਆਦਾ ਨਜ਼ਦੀਕ ਹੈ।

ਖੂਬਸੂਰਤ ਤੇ ਦਾਨਿਸ਼ਮੰਦ

ਫਰਾਈਨ ਦਾ ਜਨਮ 371 ਈਸਾ ਪੂਰਵ ਵਿੱਚ ਥਸੇਪੀਆ ਵਿੱਚ ਹੋਇਆ ਪਰ ਉਹ ਏਥਨਜ਼ ਵਿੱਚ ਆ ਕੇ ਵਸ ਗਈ ਸੀ। ਏਥਨਜ਼ ਵਿੱਚ ਸਮਾਂ ਪਾ ਕੇ ਉਹ ਇੰਨੀ ਮਸ਼ਹੂਰ ਹੋ ਗਈ ਕਿ ਲੋਕਾਂ ਦੀ ਅੱਖ ਤੋਂ ਛੁਪੇ ਰਹਿਣ ਲਈ ਹਮੇਸ਼ਾ ਇੱਕ ਪਰਦੇ ਪਿੱਛੇ ਰਹਿੰਦੀ ਸੀ।

ਆਪਣੀ ਸ਼ਖ਼ਸ਼ੀਅਤ ਦੇ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਵੇਂ ਪੱਖਾਂ ਵਿੱਚ ਵੀ ਫਰਾਈਨ ਇੱਕ ਬੇਹੱਦ ਖ਼ੂਬਸੂਰਤ ਔਰਤ ਸੀ। ਉਸ ਨੂੰ ਨਗਨ ਦੇਖਣਾ ਅਸਾਨ ਨਹੀਂ ਸੀ। ਉਹ ਇੱਕ ਅਜਿਹਾ ਚੋਗਾ ਪਾਉਂਦੀ ਸੀ ਜੋ ਉਸ ਨੂੰ ਢਕ ਕੇ ਰੱਖਦਾ ਸੀ ਅਤੇ ਨਾ ਹੀ ਉਹ ਕਦੇ ਜਨਤਕ ਇਸ਼ਨਾਨ-ਘਰਾਂ ਦੀ ਵਰਤੋਂ ਹੀ ਕਰਦੀ ਸੀ।

ਇਸ ਲਈ ਸਿਰਫ਼ ਮੁੱਲ ਤਾਰਨ ਵਾਲੇ ਹੀ ਉਸ ਨੂੰ ਉਸ ਹਾਲਤ ਵਿੱਚ ਦੇਖ ਸਕਦੇ ਸਨ।

ਜਿਹੜੇ ਉਸ ਦੇ ਸੰਗ ਦੀ ਕੀਮਤ ਤਾਰਨ ਤੋਂ ਅਸਮਰੱਥ ਸਨ ਉਹ ਵੀ ਉਸ ਦੀ ਤਾਰੀਫ਼ ਤਾ ਕਰ ਹੀ ਸਕਦੇ ਸਨ। ਇਹ ਮੌਕਾ ਉਨ੍ਹਾਂ ਨੂੰ ਮਿਲਦਾ ਸੀ।

ਜਦੋਂ ਫਰਾਈਨ ਆਪਣੇ ਸਮੇਂ ਦੇ ਉੱਘੇ ਪੇਂਟਰਾਂ ਅਤੇ ਬੁੱਤਘਾੜਿਆਂ ਲਈ ਨਗਨ ਮਾਡਲ ਬਣਦੀ ਸੀ ਅਤੇ ਉਹ ਉਸ ਦੇ ਬੇਪਨਾਹ ਹੁਸਨ ਨੂੰ ਪੱਥਰਾਂ ਜਾਂ ਕੈਨਵਸ ਉੱਪਰ ਸਾਕਾਰ ਕਰਦੇ ਸਨ।

ਉਸ ਦੇ ਮਸਕਾਲੀ ਬੁੱਤਤਰਾਸ਼ ਪਰੈਕਸੀਟਲੀਜ਼ ਨੇ ਉਸ ਦਾ ਸ਼ਾਹਕਾਰ ਬੁੱਤ ਬਣਾਇਆ, ਜਿਸ ਨੇ ਫਰਾਈਨ ਨੂੰ ਅਮਰ ਕਰ ਦਿੱਤਾ।ਪਿਆਰ ਦੀ ਦੇਵੀ-ਐਫ਼ਰੋਡਾਈਟਸ

ਰੋਮਨ ਮਹਾਂਕੋਸ਼ਾਂ ਉੱਪਰ ਕੰਮ ਕਰਨ ਵਾਲੇ ਪਲਿਨੀ ਦਿ ਐਲਡਰ ਮੁਤਾਬਕ 330 ਈਸਾ ਪੂਰਵ ਵਿੱਚ ਗਰੀਸ ਦੇ ਇੱਕ ਦੀਪ ਨੇ ਪਰੈਕਸੀਟਲੀਜ਼ ਨੂੰ ਪਿਆਰ ਦੀ ਦੇਵੀ ਦਾ ਬੁੱਤ ਬਣਾਉਣ ਦਾ ਆਰਡਰ ਦਿੱਤਾ।

ਪਰੈਕਸੀਟਲੀਜ਼ ਨੇ ਦੇਵੀ ਦਾ ਇੱਕ ਨਹੀਂ ਸਗੋਂ ਦੋ ਬੁੱਤ ਬਣਾਏ- ਇੱਕ ਕੱਪੜਿਆਂ ਸਣੇ ਅਤੇ ਇੱਕ ਨਗਨ।

ਦੀਪ ਦੇ ਲੋਕ ਦੋਵੀ ਦੇ ਨਗਨ ਰੂਪ ਨੂੰ ਦੇਖ ਕੇ ਇੰਨਾ ਘਬਰਾ ਗਏ ਕਿ ਉਨ੍ਹਾਂ ਨੇ ਕੱਪੜਿਆਂ ਵਾਲ਼ੇ ਨੂੰ ਹੀ ਅਪਣਾਇਆ ਪਰ ਉਨ੍ਹਾਂ ਦੇ ਗੁਆਂਢੀਆਂ ਨੇ ਦੇਵੀ ਦਾ ਨਗਨ ਰੂਪ ਅਪਣਾਇਆ।

ਦੀਪ ਦਾ ਰਾਜਾ ਬੁੱਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਕਲਾਕਾਰ ਦਾ ਸਾਰਾ ਕਰਜ਼ ਮਾਫ਼ ਕਰ ਦੇਣ ਦੀ ਪੇਸ਼ਕਸ਼ ਕੀਤੀ।ਥਿਬੋਸ ਦੀਆਂ ਕੰਧਾਂ

ਆਪਣੀ ਜਿਸਮਾਨੀ ਖ਼ੂਸਬਸੂਰਤੀ ਤੋਂ ਇਲਾਵਾ ਫਰਾਈਨ ਨੂੰ ਉਸ ਦੀਆਂ ਜੁਗਤਾਂ ਅਤੇ ਅਮਲੀ ਸੋਚਣੀ ਲਈ ਵੀ ਜਾਣਿਆ ਜਾਂਦਾ ਸੀ।

ਐਥਨਿਓਸ ਮੁਤਾਬਕ ਸ਼ਾਇਦ ਉਹ ਆਪਣੇ ਸਮੇਂ ਦੀ ਸਭ ਤੋਂ ਧਨਾਢ ਔਰਤ ਸੀ ਜਿਸ ਨੇ ਆਪਣੀ ਕਮਾਈ ਆਪ ਕੀਤੀ ਸੀ।

ਉਸ ਕੋਲ ਇੰਨਾ ਧਨ ਸੀ ਕਿ ਉਸ ਨੇ ਸਿਕੰਦਰ ਮਹਾਨ ਵੱਲੋਂ 336 ਵਿੱਚ ਢਾਹੀਆਂ ਥਿਬੋਸ ਦੀਆਂ ਕੰਧਾਂ ਦੀ ਮੁੜ ਉਸਾਰੀ ’ਤੇ ਲੱਗਣ ਵਾਲਾ ਸਾਰਾ ਪੈਸਾ ਦੇਣ ਦੀ ਪੇਸ਼ਕਸ਼ ਕੀਤੀ ਸੀ।

ਉਸ ਦੀ ਸਿਰਫ਼ ਇੱਕੋ ਮੰਗ ਸੀ ਕਿ ਜਦੋਂ ਕੰਧਾਂ ਮੁੜ ਬਣ ਜਾਣ ਤਾਂ ਉਨ੍ਹਾਂ ਉੱਪਰ ਲਿਖਿਆ ਜਾਵੇ ਕਿ ‘ਸਿਕੰਦਰ ਨੇ ਢਾਹੀਆਂ ਅਤੇ ਫਰਾਈਨ ਨੇ ਮੁੜ ਉਸਰਾਈਆਂ’।

ਇੱਕ ਔਰਤ, ਉਹ ਵੀ ਵੇਸਵਾ ਵੱਲੋਂ ਕੀਤੀ ਇਹ ਪਹਿਲ ਕਦਮੀ ਉਸ ਸਮੇਂ ਦੇ ਪਿੱਤਰਸੱਤਾ ਦੇ ਮੁਹਤਬਰਾਂ ਨੂੰ ਇੰਨੀ ਨਾਗਵਾਰ ਗੁਜ਼ਰੀ ਕਿ ਉਨ੍ਹਾਂ ਨੇ ਇਹ ਕੰਧਾਂ ਬਣਵਾਉਣ ਦੀ ਥਾਂ ਖੰਡਰਾਂ ਨੂੰ ਸਲਾਮਤ ਰੱਖਣ ਨੂੰ ਪਹਿਲ ਦਿੱਤੀ।

ਫਰਾਈਨ ਵਿੱਚ ਜੋ ਗੁਣ ਸਨ ਉਹ ਅਜੋਕੀਆਂ ਆਧੁਨਿਕ ਔਰਤਾਂ ਵਾਲੇ ਕਹੇ ਜਾ ਸਕਦੇ ਹਨ। ਖ਼ਾਸ ਕਰ ਕੇ ਉਦੋਂ ਜਦੋਂ ਉਸ ਦੇ ਸਮਕਾਲ ਦੀਆਂ ਬਹੁਤੀਆਂ ਔਰਤਾਂ ਇੱਕ ਨੀਰਸ ਜ਼ਿੰਦਗੀ ਜਿਊਂਦੀਆਂ ਸਨ। ਉਸ ਸਮੇਂ ਉੱਚ ਵਰਗ ਦੀਆਂ ਔਰਤਾਂ ਉਦੋਂ ਹੀ ਬਾਹਰ ਦੇਖੀਆਂ ਜਾਂਦੀਆਂ ਸਨ ਜਦੋਂ ਕੋਈ ਮਰਦ ਉਨ੍ਹਾਂ ਦੇ ਨਾਲ ਹੁੰਦਾ ਸੀ।

ਇਸ ਦੇ ਮੁਕਾਬਲੇ ਇੱਕ ਵੇਸਵਾ ਬਹੁਤ ਖੁੱਲ੍ਹੀ ਜ਼ਿੰਦਗੀ ਜਿਊਂਦੀਆਂ ਸਨ। ਉਹ ਸਿੱਖਿਅਤ ਹੁੰਦੀਆਂ ਸਨ। ਉਹ ਆਪਣੇ ਗਾਹਕਾਂ ਨਾਲ ਦਾਰਸ਼ਨਿਕ ਅਤੇ ਕਲਾਤਮਿਕ ਮਸਲਿਆਂ ਉੱਪਰ ਵਿਚਾਰ-ਵਟਾਂਦਰਾ ਕਰ ਸਕਦੀਆਂ ਸਨ।

ਤੀਜੀ ਸਦੀ ਈਸਾ ਪੂਰਵ ਵਿੱਚ ਜੀਵੀ ਫਰਾਈਨ ਬਾਰੇ ਅਜਿਹੀਆਂ ਕਈ ਕਥਾਵਾਂ ਹਨ ਜਿਨ੍ਹਾਂ ਵਿੱਚ ਉਹ ਦਾਰਸ਼ਨਿਕਾਂ ਨਾਲ ਖਾਣਿਆਂ ਵਿੱਚ ਸ਼ਾਮਲ ਹੁੰਦੀ ਸੀ। ਅਜਿਹੀਆਂ ਕਹਾਣੀਆਂ ਵਿੱਚ ਹੀ ਫਰਾਈਨ ਨੂੰ ਸ਼ਬਦ-ਖੇਡਾਂ ਅਤੇ ਜੁਗਤਾਂ ਦੀ ਮਾਹਰ ਦੱਸੀ ਜਾਂਦੀ ਹੈ। ਅਜਿਹੀਆਂ ਜੁਗਤਾਂ ਜਿਨ੍ਹਾਂ ਦਾ ਤਰਜਮਾ ਨਹੀਂ ਕੀਤਾ ਸਕਦਾ।

Share:

Leave a Reply

Your email address will not be published. Required fields are marked *