ਸੈਂਟਰਲ ਕਮਿਸ਼ਨ ਫਾਰ ਏਅਰ ਕਵਾਲਿਟੀ ਮੈਨੇਜਮੈਂਟ, ਨਵੀਂ ਦਿੱਲੀ ਵੱਲੋਂ ਲੁਧਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਸਭ ਤੋਂ ਵੱਧ ਕਮੀ ਕਰਨ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ

Ludhiana Punjabi
  • ਪਰਾਲੀ ਸਾਂਭਣ ਦੇ ਅਗਾਊਂ ਪ੍ਰਬੰਧਾਂ ਲਈ ਆਨਲਾਈਨ ਮੀਟਿੰਗ ਆਯੋਜਿਤ

DMT : ਲੁਧਿਆਣਾ : (07 ਫਰਵਰੀ 2023) : – ਝੋਨੇ ਦੀ ਪਰਾਲੀ ਨੂੰਂ ਅੱਗ ਨਾ ਲਗਾਉਣ ਲਈ ਅਤੇ ਬਿਨ੍ਹਾਂ ਸਾੜੇ ਪਰਾਲੀ ਸੰਭਾਲਣ ਲਈ ਅਗਾਊਂ ਪ੍ਰਬੰਧ ਕਰਨ ਲਈ, ਸੈਂਟਰਲ ਕਮਿਸ਼ਨ ਫਾਰ ਏਅਰ ਕਵਾਲਿਟੀ ਮੈਨੇਜਮੈਂਟ, ਨਵੀਂ ਦਿੱਲੀ ਵਲੋਂ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਐਮ.ਐਮ.ਕੁੱਟੀ, ਆਈ.ਏ.ਐਸ. ਵਲੋਂ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਰਾਜ ਦੇ ਮੁੱਖ ਸਕੱਤਰ ਸ਼੍ਰੀ ਵੀ.ਕੇ.ਜੰਜੂਆ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ. ਵਲੋਂ ਜ਼ਿਲ੍ਹੇ ਦੀ ਟੀਮ ਨਾਲ ਇਸ ਮੀਟਿੰਗ ਵਿੱਚ ਭਾਗ ਲਿਆ ਗਿਆ। ਟੀਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ, ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਅਮਨਜੀਤ ਸਿੰਘ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਲੁਧਿਆਣਾ ਸ਼੍ਰੀ ਗੁਰਜੋਤ ਸਿੰਘ, ਇੰਜ: ਅਮਨਪ੍ਰੀਤ ਸਿੰਘ ਘਈ, ਖੇਤੀਬਾੜੀ ਇੰਜੀਨਿਅਰ ਆਦਿ ਸ਼ਾਮਿਲ ਸਨ।

ਮੀਟਿੰਗ ਵਿੱਚ ਚੇਅਰਮੈਨ ਵਲੋਂ ਜ਼ਿਲ੍ਹੇਵਾਰ ਸਬੰਧਤ ਡਿਪਟੀ ਕਮਿਸ਼ਨਰ ਨਾਲ ਪਰਾਲੀ ਸੰਭਾਲ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਹਦਾਇਤ ਕੀਤੀ ਗਈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰਂ ਹੋਰ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਕਮਿਸ਼ਨ ਦੇ ਚੇਅਰਮੈਨ ਵਲੋਂ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਸਭ ਤੋਂ ਵੱਧ ਕਮੀ ਕਰਨ ਲਈ ਸ਼੍ਰੀਮਤੀ ਸੁਰਭੀ ਮਲਿਕ, ਡਿਪਟੀ ਕਮਿਸ਼ਨਰ ਲੁਧਿਆਣਾ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲਧਿਆਣਾ ਵਲੋਂ ਵਧੀਆ ਕਾਰਗੁਜ਼ਾਰੀ ਵਿਖਾਉਂਦੇ ਹੋਏ ਪੰਜਾਬ ਰਾਜ ਵਿੱਚ ਅੱਗ ਦੀਆਂ ਘਟਨਾਵਾਂ ਵਿੱਚ ਸਭ ਤੋਂ ਵੱਧ 53.8 ਫੀਸਦ ਦੀ ਕਮੀ ਕੀਤੀ ਗਈ ਹੈ। ਇਹ ਡਾਟਾ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਲੋਂ ਸੈਟੇਲਾਈਟ ਨਾਲ ਕੀਤੀ ਗਈ ਮੌਨੀਟਰਿੰਗ ਤੋਂ ਪ੍ਰਾਪਤ ਹੋਇਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਕਮਿਸ਼ਨ ਦੇ ਚੇਅਰਮੈਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਾਲ 2021 ‘ਚ ਪਰਾਲੀ ਸਾੜਨ ਦੀਆਂ 5817 ਘਟਨਾਵਾਂ ਦੇ ਮੁਕਾਬਲੇ ਸਾਲ 2022 ਵਿੱਚ ਕੇਵਲ 2682 ਘਟਨਾਵਾਂ ਹੋਈਆਂ ਹਨ ਅਤੇ ਉਹ ਅਗਲੇ ਝੋਨੇ ਦੇ ਸੀਜ਼ਨ ਦੌਰਾਨ ਇਨ੍ਹਾਂ ਘਟਨਾਵਾਂ ਵਿੱਚ ਹੋਰ ਵੀ ਕਮੀ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਇਸ ਕੰਮ ਲਈ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਕੀਤੇ ਗਏ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਲਈ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਬਾਕੀ ਕਿਸਾਨ ਵੀ ਪਰਾਲੀ ਨੂੰਂ ਸੰਭਾਲ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਵਾਤਾਵਰਨ ਦੀ ਬੱਚਤ ਕਰਨ। ਡਾ. ਅਮਨਜੀਤ ਸਿੰਘ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਪਰਾਲੀ ਸੰਭਾਲਣ ਲਈ ਤਕਰੀਬਨ 7000 ਮਸ਼ੀਨਾਂ ਕਿਸਾਨਾਂ, ਕਿਸਾਨ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ ਕੋਲ ਉਪਲਭਧ ਹਨ, ਜਿੰਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰਾਲੀ ਸੰਭਾਲਣ ਵਿੱਚ ਸਹਿਯੋਗ ਦਿੱਤਾ ਜਾਵੇ।

Leave a Reply

Your email address will not be published. Required fields are marked *