ਸੋਧੇ ਤਨਖਾਹ ਸਕੇਲਾਂ ਲਈ ਪੀ.ਏ.ਯੂ. ਅਧਿਆਪਕਾਂ ਦਾ ਧਰਨਾ ਜੋਸ਼ ਖਰੋਸ਼ ਨਾਲ ਜਾਰੀ

Ludhiana Punjabi

DMT : ਲੁਧਿਆਣਾ : (22 ਫਰਵਰੀ 2023) : – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਧਿਆਪਕ ਜੱਥੇਬੰਦੀ (ਪੌਟਾ) ਦੀ ਅਗਵਾਈ ਵਿੱਚ ਜਾਰੀ ਯੂਨੀਵਰਸਿਟੀ ਅਧਿਆਪਕਾ ਦਾ ਧਰਨਾ ਅੱਜ ਵੀ ਪੂਰੇ ਜੋਸ਼ ਨਾਲ ਜਾਰੀ ਰਿਹਾ । ਅਧਿਆਪਕਾ ਦੇ ਵੱਡੇ ਹਜ਼ੂਮ ਨੇ ਸਵੇਰੇ ਵੱਖ-ਵੱਖ ਵਿਭਾਗਾਂ ਵਿੱਚੋਂ ਲੰਘ ਕੇ ਸਰਕਾਰ ਦੀਆਂ ਢਿੱਲੀਆਂ ਕਾਰਵਾਈਆਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਇਹ ਰੈਲੀ ਥਾਪਰ ਹਾਲ ਸਾਹਮਣੇ ਧਰਨੇ ਦੇ ਅਸਥਾਨ ਤੇ ਇੱਕ ਵੱਡੇ ਜਲਸੇ ਵਿੱਚ ਵੱਟ ਗਈ ਜਿਸ ਵਿੱਚ ਮੌਜੂਦਾ ਅਤੇ ਸਾਬਕਾ ਅਧਿਆਪਕਾ ਨੇ ਸਰਕਾਰ ਦੀਆਂ ਯੂਨੀਵਰਸਿਟੀ ਨੂੰ ਨਜ਼ਰਅੰਦਾਜ਼ ਕਰਨ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ । ਸਾਬਕਾ ਅਧਿਆਪਕ ਅਤੇ ਖੇਤੀ ਜੰਗਲਾਤ ਵਿਭਾਗ ਦੇ ਸਾਬਕਾ ਮੁਖੀ ਡਾ. ਸ਼ਿੰਦਰਜੀਤ ਗਿੱਲ, ਸਾਬਕਾ ਅਰਥਸ਼ਾਸਤਰੀ ਡਾ. ਅਮਰਜੀਤ ਸਿੰਘ ਭੁੱਲਰ ਅਤੇ ਪੌਟਾ ਦੇ ਸਾਬਕਾ ਪ੍ਰਧਾਨ ਡਾ. ਕੇ ਐੱਨ ਸ਼ਰਮਾ ਨੇ ਸੰਬੋਧਨ ਕੀਤਾ । ਇਹਨਾਂ ਬੁਲਾਰਿਆ ਨੇ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਲਈ ਸ਼ਰਮਨਾਕ ਗੱਲ ਹੈ ਕਿ ਉਹ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਵਾਲੀ ਵਿਸ਼ਵ ਦੀ ਚੋਟੀ ਦੀ ਸੰਸਥਾ ਦੇ ਅਧਿਆਪਕਾ ਨਾਲ ਮਤਰੇਆ ਵਤੀਰਾ ਕਰ ਰਹੀ ਹੈ ।

ਪੌਟਾ ਦੇ ਮੌਜੂਦਾ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ, ਸਕੱਤਰ ਡਾ. ਮਨਜੀਤ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਕਮਲਦੀਪ ਸਿੰਘ ਸਾਂਘਾ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਦੀ ਨਿੰਦਾ ਕੀਤੀ ਕਿ ਝੂਠੇ ਭਰੋਸੇ ਦੇਣ ਦੇ ਬਾਵਜੂਦ ਨੋਟੀਫਿਕੇਸ਼ਨ ਜਾਰੀ ਕਰਨ ਲਈ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ । ਬੁਲਾਰਿਆਂ ਨੇ ਮੰਗਾਂ ਮੰਨੇ ਜਾਣ ਤੱਕ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਲਗਾਤਾਰ ਜਾਰੀ ਰੱਖਣ ਦਾ ਪ੍ਰਣ ਲਿਆ । ਧਰਨੇ ਨੂੰ ਉਹਨਾਂ ਤੋਂ ਇਲਾਵਾ ਡਾ. ਜੀ ਐੱਸ ਢੇਰੀ, ਡਾ. ਮਹੇਸ਼ ਕੁਮਾਰ, ਡਾ. ਬਿਕਰਮਜੀਤ ਸਿੰਘ ਅਤੇ ਡਾ. ਦਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ ।

Leave a Reply

Your email address will not be published. Required fields are marked *