DMT : ਲੁਧਿਆਣਾ : (12 ਅਪ੍ਰੈਲ 2023) : – ਮੇਰੀ ਕਾਵਿ ਪੁਸਤਕ ਚਰਖ਼ੜੀ ਦਾ ਦੂਜਾ ਐਡੀਸ਼ਨ ਕੱਲ੍ਹ ਪਰਿੰਟਵੈੱਲ ਅੰਮ੍ਰਿਤਸਰ ਤੋਂ ਛਪ ਕੇ ਆ ਗਿਆ ਹੈ। ਇਸ ਵਿੱਚ ਕਵਿਤਾਵਾਂ ਤਾਂ ਪਿਛਲੇ ਸੰਸਕਰਣ ਵਾਲੀਆਂ ਹੀ ਹਨ 232 ਪੰਨਿਆਂ ਚ ਫ਼ੈਲੀਆਂ ਹੋਈਆਂ।
ਇਸ ਦੇ ਦੋਵੇਂ ਐਡੀਸ਼ਨ ਸਮਰੱਥ ਪੰਜਾਬੀ ਕਹਾਣੀ ਲੇਖਿਕਾ ਪਰਵੇਜ਼ ਸੰਧੂ (ਅਮਰੀਕਾ)ਨੇ ਆਪਣੀ ਧੀ ਸਵੀਨਾ ਦੀ ਯਾਦ ਵਿੱਚ ਸਵੀਨਾ ਪ੍ਰਕਾਸ਼ਨ ਵੱਲੋ ਪ੍ਰਕਾਸ਼ਿਤ ਕੀਤੇ ਹਨ। ਸਵੀਨਾ ਜਵਾਨ ਉਮਰੇ ਸਾਡਾ ਸਭ ਦਾ ਸਾਥ ਛੱਡ ਗਈ ਸੀ ਕੁਝ ਸਮਾਂ ਪਹਿਲਾਂ। ਯਾਦ ਸਲਾਮਤ ਹੈ।
ਚਰਖ਼ੜੀ ਦਾ ਪਹਿਲਾ ਐਡੀਸ਼ਨ 2021ਵਿੱਚ ਛਪਿਆ ਸੀ 1000 ਕਾਪੀਆਂ। 200 ਕਾਪੀਆਂ ਪੰਜਾਬੀ ਸਾਹਿੱਤ ਸਭਾ ਦਿੱਲੀ ਨੇ ਖ਼ਰੀਦ ਕੇ ਪੰਜਾਬ ਦੀਆਂ ਲਾਇਬਰੇਰੀਆਂ ਵਿੱਚ ਭੇਜੀਆਂ। ਬਾਕੀ ਪਰਚੂਨ ਚ ਘਰੋ ਘਰੀ ਪੁੱਜੀਆਂ।
ਲਗਪਗ 100 ਕਿਤਾਬਾਂ ਰੀਵੀਊ ਤੇ ਮਿੱਤਰ ਪਿਆਰਿਆਂ ਤੇ ਰਿਸ਼ਤੇਦਾਰਾਂ ਜਾਂ ਘਰ ਆਏ ਅਦਬ ਨਵਾਜ਼ ਮਹਿਮਾਨਾਂ ਨੂੰ ਦਿੱਤੀਆਂ ਹੋਣਗੀਆਂ।
ਇਨ੍ਹਾਂ ਕਵਿਤਾਵਾਂ ਦੇ ਪਹਿਲੇ ਐਡੀਸ਼ਨ ਵੇਲੇ ਚੋਣ ਦਾ ਅਧਿਕਾਰ ਮੈਂ ਸੁਖਦੇਵ ਸਿਰਸਾ ਨੂੰ ਦਿੱਤਾ ਪਰ ਉਹ ਕੌਮੀ ਜਥੇਬੰਦਕ ਕਾਰਜਾਂ ਚ ਰੁੱਝਿਆ ਹੋਣ ਕਾਰਨ ਇਹ ਜ਼ੁੰਮੇਵਾਰੀ ਜਾਃ ਸਰਬਜੀਤ ਸਿੰਘ, ਪ੍ਰੋਫੈਸਰ ਤੇ ਮੁਖੀ ਪੰਜਾਬੀ ਅਧਿਐਨ ਸਕੂਲ ਪੰਜਾਬ ਯੂਨੀਵਰਸਿਟੀ ਨੇ ਨਿਭਾਈ। ਉਸ ਨੇ ਹੀ ਇਸ ਦੀ ਮੁੱਲਵਾਨ ਭੂਮਿਕਾ ਲਿਖੀ। ਮੈਨੂੰ ਇਹ ਮੁੱਖ ਬੰਦ ਬਾਰ ਬਾਰ ਪੜ੍ਹਨਾ ਚੰਗਾ ਲੱਗਦੈ। ਇਹ ਸਮਝ ਆਉਂਦਾ ਹੈ, ਬੋਝਲ ਭਾਸ਼ਾ ਨਹੀਂ। ਇਸ ਕਿਤਾਬ ਬਾਰੇ ਬਹੁਤ ਚੰਗੇ ਰੀਵੀਊ ਆਏ। ਸੁਵਰਨ ਸਿੰਘ ਵਿਰਕ ਸਿਰਸੇ ਵਾਲਿਆਂ ਤੇ ਬੂਟਾ ਸਿੰਘ ਚੌਹਾਨ ਨੇ ਤਾਂ ਭਰਪੂਰ ਪ੍ਰਸੰਸਾ ਕੀਤੀ।
ਚਰਖ਼ੜੀ ਦਾ ਸਰਵਰਕ ਸਵਰਨਜੀਤ ਸਵੀ ਨੇ ਬਣਾਇਆ ਹੈ। ਮੈਨੂੰ ਬਹੁਤ ਚੰਗਾ ਲੱਗਦਾ ਹੈ। ਕਹਾਣੀਕਾਰ ਸੁਖਜੀਤ ਦਾ ਮੱਤ ਹੈ ਕਿ ਦੂਜੇ ਐਡੀਸ਼ਨ ਦਾ ਮੂੰਹ ਮੱਥਾ ਬਦਲਣਾ ਚਾਹੀਦਾ ਸੀ। ਸਹਿਮਤ ਹਾਂ, ਪਰ ਕੀ ਕਰਾਂ? ਮੈਨੂੰ ਇਹ ਰੰਗ ਰੂਪ ਚੋਖਾ ਚੰਗਾ ਲੱਗਦਾ ਹੈ। ਟਾਈਟਲ ਦੇ ਮਗਰਲੇ ਬੰਨੇ ਮੇਰੇ ਮਿੱਤਰ ਤੇਜ ਪਰਤਾਪ ਸਿੰਘ ਸੰਧੂ ਦੀ ਖਿੱਚੀ ਤਸਵੀਰ ਹੈ। ਇਹ ਮੈਨੂੰ ਹੀ ਨਹੀਂ, ਮੇਰੇ ਮਿੱਤਰਚਾਰੇ ਨੂੰ ਚੰਗੀ ਲੱਗਦੀ ਹੈ। ਇਹ ਮੇਰੀ ਉਮਰ ਦੀ ਚੁਗਲੀ ਨਹੀਂ ਕਰਦੀ। ਪਤਾ ਹੀ ਨਹੀਂ ਲੱਗਣ ਦੇਂਦੀ ਕਿ ਆਉਂਦੀ 2 ਮਈ ਨੂੰ ਮੇਰਾ 70ਵਾਂ ਜਨਮ ਦਿਨ ਹੈ।
ਇਸ ਕਿਤਾਬ ਦੇ ਵਿਤਰਕ ਸਿੰਘ ਬਰਦਰਜ਼, ਸਿਟੀ ਸੈਂਟਰ ਅੰਮ੍ਰਿਤਸਰ ਵਾਲੇ ਹਨ ਪਰ ਮਿਲ ਹਰ ਥਾਂ ਜਾਂਦੀ ਹੈ, ਐਮਾਜੋਨ ਤੋਂ ਔਨਲਾਈਨ ਮੰਗਣ ਤੇ ਵੀ।
ਜੇ ਕੋਈ ਨਹੀਂ ਖ਼ਰੀਦ ਸਕਦਾ ਤਾਂ ਇਸ ਦੀ ਸੌਫਟ ਕਾਪੀ ਵੀ ਭੇਜ ਦੇਂਦਾ ਹਾਂ। ਮੇਰੀ ਸਾਰੀ ਰਚਨਾ ਲੋਕ ਭਾਵਨਾ ਚੋਂ ਕਸ਼ੀਦੀ ਹੋਣ ਕਾਰਨ ਲੋਕ ਅਮਾਨਤ ਹੈ। ਇਸ ਨੂੰ ਕੋਈ ਵੀ ਲੋੜਵੰਦ ਪੰਜਾਬੀ ਕਵਿਤਾ ਡਾਟ ਕਾਮ ਵੈੱਬਸਾਈਟ ਤੋਂ ਵੀ ਲਾਹ ਸਕਦਾ ਹੈ। ਹੁਣ ਤੀਕ ਲਿਖਿਆ ਹਰ ਛਪਿਆ ਅਣਛਪਿਆ ਕਲਾਮ ਇਸ ਵਿੱਚ ਮੇਰੇ ਮਿਹਰਬਾਨ ਸਃ ਕਰਮਜੀਤ ਸਿੰਘ ਗਠਵਾਲਾ ਸੰਗਰੂਰ ਵਾਲਿਆਂ ਦਾ ਵੱਡੇ ਵੀਰਾਂ ਵਰਗਾ ਯੋਗਦਾਨ ਹੈ। ਮੇਰਾ ਸ਼ੁਕਰਾਨਾ ਪ੍ਰਵਾਨ ਕਰੋ ਭਾ ਜੀ। ਮੇਰੇ ਵਰਗੇ ਨਾਲਾਇਕਾਂ ਦਾ ਬੋਹਲ ਸਾਂਭਣ ਵਿੱਚ ਇਸ ਵੀਰ ਦਾ ਮੈਂ ਦੇਣ ਨਹੀਂ ਦੇ ਸਕਦਾ।
ਇਸ ਕਾਵਿ ਕਿਤਾਬ ‘ਚੋਂ ਦੋ ਕਵਿਤਾਵਾਂ ਤੁਹਾਡੇ ਸਨਮੁਖ ਪੇਸ਼ ਹਨ।
1.
ਚਰਖ਼ੜੀ
ਖੁਸ਼ੀਆਂ ਨਾਲ ਭਰੀਆਂ ਝੋਲੀਆਂ ਨੇ,
ਪਰ ਹੱਸਣ ਦਾ ਹੀ ਵਕਤ ਨਹੀਂ ।
ਦਿਨ ਰਾਤ ਦੌੜਦੀ ਦੁਨੀਆਂ ਵਿਚ,
ਬੱਸ ਆਪਣੇ ਲਈ ਹੀ ਵਕਤ ਨਹੀਂ ।
ਅੱਖੀਆਂ ਵਿੱਚ ਨੀਂਦਰ ਕਹਿਰਾਂ ਦੀ,
ਬੇਚੈਨ ਹੈ ਤਨ ਮਨ ਸਾਰਾ ਹੀ,
ਘਰ ਸੇਜ਼ ਮਖ਼ਮਲੀ ਸੁੰਨੀ ਹੈ,
ਬੱਸ ਸੌਣ ਲਈ ਹੀ ਵਕਤ ਨਹੀਂ ।
ਗ਼ਮਗੀਨ ਜਿਹਾ ਦਿਲ ਭਾਰੀ ਹੈ,
ਬਣ ਚੱਲਿਆ ਨਿਰੀ ਮਸ਼ੀਨ ਜਿਹਾ,
ਦਿਨ ਰਾਤ ਚਰਖ਼ੜੀ ਘੁੰਮੇ ਪਈ,
ਹੁਣ ਰੋਣ ਲਈ ਹੀ ਵਕਤ ਨਹੀਂ ।
ਅਸੀਂ ਸਾਰੇ ਰਿਸ਼ਤੇ ਮਾਰ ਲਏ,
ਉਨ੍ਹਾਂ ਦੇ ਅਸਥ ਵੀ ਤਾਰ ਲਏ,
ਇਸ ਤਨ ਦੇ ਲੀਰਾਂ ਚੋਲ਼ੇ ਨੂੰ
ਦਫ਼ਨਾਉਣ ਲਈ ਹੀ ਵਕਤ ਨਹੀਂ ।
ਪੈਸੇ ਦੀ ਹੋੜ ’ਚ ਦੌੜ ਰਹੇ,
ਕਰ ਆਪਣਾ ਅੱਗਾ ਚੌੜ ਰਹੇ,
ਰਾਹਾਂ ਵਿੱਚ ਅਸੀਂ ਗੁਆਚ ਗਏ,
ਬੱਸ ਥੱਕਣ ਲਈ ਹੀ ਵਕਤ ਨਹੀਂ ।
ਸਭ ਇੱਕ ਦੂਜੇ ਤੋਂ ਡਰੇ ਹੋਏ,
ਲੱਗਦਾ ਏ ਬੁੱਤ ਜਿਓਂ ਮਰੇ ਹੋਏ,
ਹੁਣ ਫ਼ੋਨ ਸੁਨੇਹੇ ਦੇਂਦਾ ਹੈ,
ਪਰ ਦੋਸਤੀ ਲਈ ਹੀ ਵਕਤ ਨਹੀਂ ।
ਦਿਨ ਰਾਤ ਸਰਕਦੇ ਸਭ ਪਹੀਏ,
ਹੁਣ ਹੋਰ ਕਿਸੇ ਨੂੰ ਕੀ ਕਹੀਏ,
ਆਪਣੀ ਜ਼ਿੰਦਗੀ ਨੂੰ ਜਿਊਣ ਲਈ,
ਬੱਸ ਆਪਣੇ ਕੋਲ ਹੀ ਵਕਤ ਨਹੀਂ ।
ਹੁਣ ਕਦਰ ਕਿਸੇ ਦੀ ਕੀ ਕਰੀਏ,
ਕਿਸ ਖ਼ਾਤਰ ਕਿੱਦਾਂ ਕਿਉਂ ਮਰੀਏ,
ਅੱਖੀਆਂ ਵਿਚ ਰੜਕ ਬਰਾਬਰ ਹੈ,
ਤੇ ਸੁਪਨਿਆਂ ਲਈ ਹੀ ਵਕਤ ਨਹੀਂ ।
ਹੁਣ ਤੂ ਹੀ ਦੱਸ ਦੇ ਜਿੰਦੜੀਏ,
ਇਸ ਬੰਦੇ ਦਾ ਕੀ ਬਣਨਾ ਹੈ,
ਜਿਸ ਕੋਲ ਮਰਨ ਦੀ ਵਿਹਲ ਨਹੀਂ,
ਤੇ ਜੀਣ ਲਈ ਹੀ ਵਕਤ ਨਹੀਂ ।
ਦੂਜੀ ਕਵਿਤਾ ਵੀ ਪੜ੍ਹੋ
2.
ਮੇਰੀ ਮਾਂ ਤਾਂ ਰੱਬ ਦੀ ਕਵਿਤਾ
ਮੇਰੀ ਮਾਂ ਤਾਂ ਰੱਬ ਦੀ ਕਵਿਤਾ,
ਸਤਰ ਸਤਰ ਸਰਸਬਜ਼ ਬਗ਼ੀਚਾ ।
ਨੂਰੀ ਚਸ਼ਮਾ ਮੋਹ ਮਮਤਾ ਦਾ ।
ਬਾਜ਼ ਨਜ਼ਰ ਸੂਰਜ ਤੋਂ ਅੱਗੇ ।
ਮੇਰੇ ਦਿਲ ਦੀ ਧੜਕਣ ਵਿੱਚੋਂ,
ਮੇਰੇ ਹੌਕੇ ਪੁਣ ਲੈਂਦੀ ਹੈ ।
ਮੱਥੇ ਅੰਦਰ ਖੁਭ ਗਏ ਕੰਡੇ,
ਬਿਨ ਦੱਸਿਆ ਹੀ ਚੁਣ ਲੈਂਦੀ ਹੈ ।
ਮਾਂ ਦੇ ਪਿਆਰ-ਤਰੌਂਕੇ ਸਦਕਾ
ਹਰ ਪਰਬਤ ਤੇ ਚੜ੍ਹ ਲੈਂਦਾ ਹਾਂ ।
ਸੂਰਜ ਤੀਕ ਪਹੁੰਚਦੀ ਪੌੜੀ,
ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ ।
ਵਕਤ-ਦੀਵਾਰ ਤੇ ਜੋ ਵੀ ਲਿਖਦੈ,
ਅੱਖਰ ਅੱਖਰ ਪੜ੍ਹ ਲੈਂਦਾ ਹਾਂ ।
ਹਿੱਕੜੀ ਅੰਦਰ ਜੜ ਲੈਂਦਾ ਹਾਂ ।
ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ ।
ਆਰ ਪਾਰ ਦੀ ਜਾਨਣਹਾਰਾ ।
ਘਰ ਵੜਦੇ ਹੀ ਬੁੱਝ ਲੈਂਦੀ ਸੀ,
ਅੱਜ ਤੇਰਾ ਮਨ ਠੀਕ ਨਹੀਂ ਲੱਗਦਾ ।
ਬੁਝਿਐ ਬੁਝਿਐਂ ਕੀ ਹੋਇਆ ਹੈ?
ਲੜ ਕੇ ਆਇਐਂ,
ਜਾਂ ਫਿਰ ਤੈਨੂੰ ਕਿਸੇ ਝਿੜਕਿਆ?
ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ ।
ਕਿਹੜਾ ਮੇਰੇ ਲਾਲ ਬਰਾਬਰ ।
ਇਹ ਹੀ ਭਰਮ ਅਜੇ ਤੱਕ ਜੀਂਦਾ ।
ਨਾਲ ਬਰਾਬਰ ਤੁਰਦਾ ਮੇਰੇ ।
ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ ।
ਹੌਂਸਲਿਆਂ ਦੀ ਭਰੀ ਪੋਟਲੀ ।
ਇਉਂ ਲੱਗਦਾ ਹੈ ਮੇਰੀ ਬੀਬੀ,
ਮੇਰੀ ਮਾਤਾ ਅੰਗ ਸੰਗ ਮੇਰੇ ।
ਕਿਧਰੇ ਗੀਤ ਗ਼ਜ਼ਲ ਵਿੱਚ ਢਲਦੀ ।
ਬਣ ਜਾਂਦੀ ਹੈ ਕਵਿਤਾ ਆਪੇ ।
ਸ਼ਬਦਾਂ ਅੰਦਰ ਰਸਦੀ ਵੱਸਦੀ,
ਮੇਰੀ ਸੁਣਦੀ, ਆਪਣੀ ਦੱਸਦੀ ।
ਜੀਆਂ ਦੀ ਸੁਖਸਾਂਦ ਜਾਣਦੀ ।
ਧਰਤੀ ਜਿੱਡੇ ਦਰਦ-ਹਾਣ ਦੀ ।
ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ,
ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ ।
ਮੱਥਾ ਚੁੰਮਦੀ, ਲਾਡ ਲਡਾਉਂਦੀ ।
ਖ਼ੁਦ ਨਾ ਉਹ ਸੁਪਨੇ ਵਿਚ ਆਉਂਦੀ ।
ਹਰ ਸਾਹ ਹਰ ਪਲ ਨਾਲ ਤੁਰਦਿਆਂ,
ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ ।
ਕਿੱਦਾਂ ਕਿੱਥੇ ਕੀ ਕਰਨਾ ਹੈ,
ਅੱਜ ਤੀਕਰ ਸਭ ਕੁਝ ਸਮਝਾਉਂਦੀ ।
ਬਿੜਕਾਂ ਰੱਖਦੀ, ਕਿੱਥੋਂ ਆਇਆਂ,
ਕਿੱਥੇ ਚੱਲਿਆ, ਦੱਸ ਵੇ ਬੱਲਿਆ?
ਬਹੁਤ ਵਾਰ ਮੈਂ ਤੱਕਿਆ ਅੱਖੀਂ,
ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ ।
ਰੂਪ ਅਨੂਪ ਸਰੂਪ ਵਿਹੂਣੀ,
ਕਾਲ-ਮੁਕਤ ਹਸਤੀ ਦੇ ਵਾਂਗੂੰ,
ਗੁਰਘਰ, ਮਸਜਿਦ ਬਣਦੀ ਮੰਦਰ ।
ਅੱਜ ਤਾਂ ਉਸਦੀ,
ਮਨ-ਪਰਿਕਰਮਾ ਕਰਦੇ ਕਰਦੇ,
ਰੂਹ ਵਿੱਚ ਜੀਕਣ ਚੰਬਾ ਖਿੜਿਆ ।
ਰੋਮ ਰੋਮ ਝਰਨਾਟ ਛਿੜੀ ਹੈ ।
ਤਰਬ-ਤਰੰਗਾਂ ਕਣ ਕਣ ਅੰਦਰ,
ਸੂਰਜ ਪਹਿਲਾਂ ਨਾਲੋਂ ਰੌਸ਼ਨ ।
ਪੌਣ ਵਜਦ ਵਿੱਚ ਗੀਤ ਸੁਣਾਵੇ ।
ਜਿਉਂ ਸ਼ਬਦਾਂ ਤੋਂ ਬਿਨ੍ਹਾਂ ਬਿਨ੍ਹਾਂ ਹੀ,
ਮੇਰੀ ਬਹੁਤ ਮਾਸੂਮ ਪੋਤਰੀ,
ਸਰਗਮ ਜਹੀ ਅਸੀਸ ਪਿਆਰੀ,
ਤਰਜ਼ਾਂ ਘੜਦੀ, ਆਪੇ ਗਾਉਂਦੀ ।
ਸੁਣਦੇ ਸੁਣਦੇ ਅਨਹਦ ਤੇ ਨਿਰਸ਼ਬਦ ਗੀਤ ਨੂੰ,
ਤਨ ਮਨ ਵਿੱਚ ਵਿਸਮਾਦ ਭਰ ਗਿਆ ।
ਮੇਰੀ ਮਾਂ ਦੀ ਸੱਜਰੀ ਟਾਹਣੀ,
ਉਸ ਦੀ ਇਸ ਪੜਪੋਤੀ ਦਾ ਨੂਰੀ ਝਲਕਾਰਾ,
ਮਾਰੂਥਲ ਆਬਾਦ ਕਰ ਗਿਆ ।
ਬਾਕੀ ਕਦੇ ਫਿਰ ਸਹੀ। ਹਾਲ ਦੀ ਘੜੀ ਏਨਾ ਹੀ ਪ੍ਰਵਾਨ ਕਰੋ।
ਅੰਤਿਕਾ
ਇਸ ਕਿਤਾਬ ਚ ਮੇਰੀ ਪੋਤਰੀ ਅਸੀਸ ਕੌਰ ਗਿੱਲ ਦਾ ਉਹ ਰੇਖਾਂਕਣ ਵੀ ਸ਼ਾਮਿਲ ਹੈ ਜੋ ਉਸ ਨੇ ਤਿੰਨ ਸਾਲ ਦੀ ਉਮਰੇ ਕੋਰੇ ਵਰਕੇ ਤੇ ਮੌਜ ਚ ਆ ਕੇ ਵਾਹਿਆ ਸੀ। ਉਸ ਨਾਲ ਮੈਂ ਕੁਝ ਸਤਰਾਂ ਛਾਪੀਆਂ ਜਿੰਨ੍ਹਾ ਤੇ ਕਿਸਾਨ ਮੋਰਚਾ ਸੰਘਰਸ਼ ਦਾ ਅਸਰ ਸੀ।
ਰੱਤ ਰੱਤੜੀ ਚਿੱਠੀ
ਭਰੋਸੇ ਯੋਗ ਸੂਤਰ ਦੱਸਦੇ ਨੇ
ਰੱਤ ਨਾਲ ਲਿਖੀ ਚਿੱਠੀ ਦਾ
ਦਿੱਲੀਓਂ ਜਵਾਬ ਆ ਗਿਆ ਹੈ ।
ਲਿਖ ਭੇਜਿਆ ਹੈ ਉਨ੍ਹਾਂ
ਜਵਾਨਾ!
ਕਾਲੀ ਸਿਆਹੀ ਨਾਲ
ਅੰਗਰੇਜ਼ੀ ‘ਚ ਦੋਬਾਰਾ ਲਿਖ ਕੇ
ਚਿੱਠੀ ਭੇਜ।