DMT : ਲੁਧਿਆਣਾ : (15 ਅਪ੍ਰੈਲ 2023) : – ਲੁਧਿਆਣਾ ਤੋਂ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਕੋਲ ਉਪਲਬਧ ਅਧਿਕਾਰਤ ਜਾਣਕਾਰੀ ਅਨੁਸਾਰ, ਲੋਕ ਨਿਰਮਾਣ ਵਿਭਾਗ (ਬੀਐਂਡਆਰ), ਪੰਜਾਬ ਨੇ ਨਿਰਮਾਣ ਅਧੀਨ ਹਲਵਾਰਾ ਏਅਰਪੋਰਟ ਵਿਖੇ ਬਕਾਇਆ ਕੰਮ ਕਰਨ ਲਈ ਕਬੀਰ ਇੰਫਰਾ ਪ੍ਰਾਈਵੇਟ ਲਿਮਿਟਿਡ ਨੂੰ ਟੈਂਡਰ ਅਲਾਟ ਕੀਤਾ ਗਿਆ ਹੈ।
ਅਧਿਕਾਰਤ ਜਾਣਕਾਰੀ ਅਨੁਸਾਰ ਸਬੰਧਤ ਫਰਮ ਵੱਲੋਂ ਹਲਵਾਰਾ ਹਵਾਈ ਅੱਡੇ ’ਤੇ ਅੰਦਰੂਨੀ ਸੜਕਾਂ, ਅਸਟੇਟ ਪਬਲਿਕ ਹੈਲਥ ਸਰਵਿਸਿਜ਼ ਅਤੇ ਕੈਂਪਸ ਲਾਈਟਿੰਗ ਸਮੇਤ ਹੋਰ ਕੰਮਾਂ ਦਾ ਨਿਰਮਾਣ ਕਰਨਾ ਹੈ, ਜਿੱਥੇ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਹ ਕੰਮ ਕਬੀਰ ਇਨਫਰਾ ਪ੍ਰਾਈਵੇਟ ਲਿਮਟਿਡ ਨੂੰ 15,37,15,100 ਰੁਪਏ ਵਿੱਚ ਦਿੱਤਾ ਗਿਆ ਹੈ, ਜੋ ਕਿ 15,87,14,658 ਰੁਪਏ ਦੇ ਟੈਂਡਰ ਮੁੱਲ ਤੋਂ 2.7 ਫੀਸਦੀ ਘੱਟ ਹੈ।
ਸਬੰਧਤ ਫਰਮ ਨੂੰ ਕੁਝ ਸ਼ਰਤਾਂ ਦੇ ਅਧੀਨ ਟੈਂਡਰ ਅਲਾਟ ਕੀਤਾ ਗਿਆ ਹੈ, ਜਿਸ ਵਿੱਚ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀਆਂ ਸਪੇਸੀਫਿਕੇਸ਼ਨ ਦੇ ਅਨੁਸਾਰ ਕੰਮ ਕਰਨਾ ਅਤੇ ਸਰਕਾਰ/ਵਿੱਤ ਵਿਭਾਗ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਾਰਨ ਵਰਗੀਆਂ ਸ਼ਰਤਾਂ ਸ਼ਾਮਲ ਹਨ।
ਨਿਰਮਾਣ ਫਰਮ ਨੂੰ ਟੈਂਡਰ ਵਿੱਚ ਦਰਜ ਸਾਰੇ ਕੰਮ ਪੂਰੇ ਕਰਨ ਲਈ ਪੰਜ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਅਧਿਕਾਰਤ ਜਾਣਕਾਰੀ ਮੁਤਾਬਕ ਇਸ ਸਾਲ ਅਪ੍ਰੈਲ ਦੇ ਦੂਜੇ ਹਫਤੇ ਟੈਂਡਰ ਅਲਾਟ ਕੀਤਾ ਗਿਆ ਸੀ।
ਅਰੋੜਾ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਤਾਜ਼ਾ ਘਟਨਾਕ੍ਰਮ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਚੰਗਾ ਲੱਗਾ ਕਿ ਸਭ ਕੁਝ ਸਮਾਂਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸਬੰਧਤ ਨਿਰਮਾਣ ਫਰਮ ਟੈਂਡਰ ਦੇਣ ਸਮੇਂ ਦੱਸੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰੇਗੀ ਅਤੇ ਸਮੇਂ ਸਿਰ ਤਕਨੀਕੀ ਸਪੇਸੀਫਿਕੇਸ਼ਨ ਅਨੁਸਾਰ ਕੰਮ ਕੀਤਾ ਜਾਵੇਗਾ।
ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਸਖ਼ਤੀ ਨਾਲ ਇਹ ਯਕੀਨੀ ਬਣਾ ਰਹੀ ਹੈ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ, ਭਾਵੇਂ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਲਟਕਦਾ ਰਿਹਾ ਹੈ। ਪਰ ਇਹ ਜਾਣਨਾ ਚੰਗਾ ਹੈ ਕਿ ਹੁਣ ਇਹ ਪ੍ਰੋਜੈਕਟ ਆਪਣੇ ਆਖਰੀ ਪੜਾਅ ‘ਤੇ ਹੈ।
ਅਰੋੜਾ ਨੇ ਉਮੀਦ ਜ਼ਾਹਰ ਕੀਤੀ ਕਿ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਵਿੱਚ ਕੁਝ ਮਹੀਨੇ ਬਾਕੀ ਹਨ।
ਇਸ ਤੋਂ ਇਲਾਵਾ ਅਰੋੜਾ ਨੇ ਦੁਹਰਾਇਆ ਕਿ ਇਹ ਪ੍ਰੋਜੈਕਟ ਇੱਕ ਵਾਰ ਅਮਲੀ ਰੂਪ ਵਿੱਚ ਆਉਣ ਤੋਂ ਬਾਅਦ ਨਾ ਸਿਰਫ਼ ਲੁਧਿਆਣਾ ਬਲਕਿ ਪੂਰੇ ਸੂਬੇ ਲਈ ਆਰਥਿਕ ਤੌਰ ‘ਤੇ ਲਾਹੇਵੰਦ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਨਿੱਜੀ ਦਖਲ ਨਾਲ ਸੂਬਾ ਸਰਕਾਰ ਨੇ ਸਿਵਲ ਏਅਰ ਟਰਮੀਨਲ ਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਲਈ ਪਹਿਲਾਂ ਹੀ 50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।