ਕਿਸਾਨ ਉਤਪਾਦਕ ਸੰਗਠਨ – ਕਿਸਾਨਾਂ ਨੂੰ ਮੰਡੀ ਨਾਲ ਜੋੜਨ ਦਾ ਦਰਵਾਜ਼ਾ : ਵੈਟਨਰੀ ਮਾਹਿਰ

Ludhiana Punjabi

DMT : ਲੁਧਿਆਣਾ : (11 ਮਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਕਿਸਾਨ ਉਤਪਾਦਕ ਸੰਗਠਨਾਂ ਦੀ ਕਾਰਜਸ਼ੈਲੀ ਨੂੰ ਕਿਸਾਨਾਂ ਨਾਲ ਸਾਂਝਿਆ ਕਰਨ ਅਤੇ ਜਾਗਰੂਕਤਾ ਹਿਤ ਪਿੰਡ, ਮੁਸ਼ਕਾਬਾਦ ਅਤੇ ਖਰੀਨੀਆਂ ਵਿਖੇ ਦੋ ਵਿਸ਼ੇਸ਼ ਕੈਂਪ ਲਗਾਏ ਗਏ। ਇਨ੍ਹਾਂ ਪ੍ਰੋਗਰਾਮਾਂ ਵਿਚ 40 ਡੇਅਰੀ ਕਿਸਾਨਾਂ ਨੇ ਹਿੱਸਾ ਲਿਆ। ਡਾ. ਰਾਜੇਸ਼ ਕਸਰੀਜਾ, ਮੁੱਖ ਨਿਰੀਖਕ ਨੇ ਇਨ੍ਹਾਂ ਸੰਗਠਨਾਂ ਦੇ ਮੁੱਖ ਉਪਰਾਲਿਆਂ ਅਤੇ ਉਦੇਸ਼ਾਂ ਦੀ ਗੱਲ ਕੀਤੀ ਅਤੇ ਦੱਸਿਆ ਕਿ ਭਾਰਤ ਸਰਕਾਰ ਕਿਸਾਨਾਂ ਨੂੰ ਇਸ ਮਾਧਿਅਮ ਰਾਹੀਂ ਇਕ ਸਮੂਹ ਵਿਚ ਲਿਆਉਣ ਲਈ ਪ੍ਰੇਰਿਤ ਕਰਦੀ ਹੈ। ਕਿਸਾਨ ਦੇ ਕਾਰੋਬਾਰ ਨੂੰ ਇਕ ਵਪਾਰਕ ਢਾਂਚਾ ਬਨਾਉਣ ਅਤੇ ਬਿਹਤਰ ਮੰਡੀਕਾਰੀ ਰਾਹੀਂ ਉਸਦੀ ਸਮਾਜਿਕ ਆਰਥਿਕ ਸਥਿਤੀ ਨੂੰ ਬਿਹਤਰ ਕਰਨਾ ਇਨ੍ਹਾਂ ਸੰਗਠਨਾਂ ਦਾ ਪ੍ਰਯੋਜਨ ਹੈ। ਇਸ ਮਾਧਿਅਮ ਰਾਹੀਂ ਕਿਸਾਨ ਅਤੇ ਮੰਡੀ ਵਿਚਕਾਰ ਵਿਚੋਲੀਏ ਦੀ ਭੂਮਿਕਾ ਖ਼ਤਮ ਹੋ ਜਾਂਦੀ ਹੈ ਤੇ ਕਿਸਾਨ ਦਾ ਮੁਨਾਫ਼ਾ ਵਧਦਾ ਹੈ। ਕਿਸਾਨ ਮੰਡੀ ਦੀ ਮੰਗ ਨੂੰ ਸਮਝਦੇ ਹੋਏ ਕਾਰਜ ਕਰਦਾ ਹੈ ਅਤੇ ਉਸੇ ਢੰਗ ਨਾਲ ਆਪਣੀਆਂ ਵਸਤਾਂ ਵੀ ਖਰੀਦਦਾ ਹੈ। ਡਾ. ਨਰਿੰਦਰ ਕੁਮਾਰ ਚਾਂਡਲਾ, ਸਹਿ-ਮੁੱਖ ਨਿਰੀਖਕ ਨੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਉਨ੍ਹਾਂ ਤੋਂ ਵਧੇਰੇ ਮੁਨਾਫ਼ਾ ਲੈਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ।

          ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰੋਗਰਾਮ ਇਕ ਖੋਜ ਪ੍ਰਾਜੈਕਟ ਦੇ ਅਧੀਨ ਕਰਵਾਏ ਗਏ ਸਨ ਜੋ ਕਿ ਨਾਬਾਰਡ ਬੈਂਕ ਰਾਹੀਂ ਪ੍ਰਾਯੋਜਿਤ ਹੈ। ਇਥੇ ਇਹ ਦੱਸਣਾ ਵਰਣਨਯੋਗ ਹੈ ਕਿ ਛੇਤੀ ਹੀ ਸਮਰਾਲਾ ਬਲਾਕ ਵਿਖੇ ਵਿਸ਼ੇਸ਼ ਤੌਰ ’ਤੇ ਡੇਅਰੀ ਕਿਸਾਨਾਂ ਲਈ ਇਕ ਕਿਸਾਨ ਉਤਪਾਦਕ ਸੰਗਠਨ ਕਾਰਜ ਕਰਨਾ ਸ਼ੁਰੂ ਕਰ ਦੇਵੇਗਾ। ਇਸ ਦੇ ਮੈਂਬਰ ਬਣ ਕੇ ਕਿਸਾਨ ਸਿੱਧਿਆਂ ਮੰਡੀ ਨਾਲ ਜੁੜਨਗੇ ਅਤੇ ਵਕਤ ਸਿਰ ਤੇ ਬਿਹਤਰ ਮੁਨਾਫ਼ਾ ਕਮਾ ਸਕਣਗੇ। ਇਹ ਪ੍ਰੋਗਰਾਮ ਕਰਵਾਉਣ ਲਈ ਪਿੰਡ, ਮੁਸ਼ਕਾਬਾਦ ਦੇ ਸ. ਦਵਿੰਦਰ ਸਿੰਘ ਨੇ ਉੱਘਾ ਯੋਗਦਾਨ ਪਾਇਆ।

Leave a Reply

Your email address will not be published. Required fields are marked *