ਖੇਡਾਂ ਅਤੇ ਖਿਡਾਰੀਆਂ ਦਾ ਪ੍ਰਛਾਵਾਂ ਹੈ: ਜਗਰੂਪ ਸਿੰਘ ਜਰਖੜ 

Ludhiana Punjabi

DMT : ਲੁਧਿਆਣਾ : (29 ਮਾਰਚ 2023) : –  ਮੌਜੂਦਾ ਸਮੇਂ ਵਿਚ ਮਾਡਰਨ ਖੇਡਾਂ ਵਜੋਂ ਮਸਹੂਰ ਹੋਈਆਂ ਜਰਖੜ ਪਿੰਡ ਦੀਆਂ ਖੇਡਾਂ ਨੂੰ ਜੇਕਰ ਜਗਰੂਪ ਸਿੰਘ ਜਰਖੜ ਦੀਆਂ ਖੇਡਾਂ ਕਹਿ ਦੇੇਈਏ ਤਾਂ ਕੋਈ ਅੱਥਕਥਨੀ ਨਹੀਂ ਹੋਵੇਗੀ | ਕਿਉਂਕੇ ਇਹਨਾਂ ਖੇਡਾਂ ਨੂੰ ਸਾਲ 1986 ਤੋਂ , ਪਿੰਡ ਦੇ ਟੋਭੇ ਨੂੰ ਭਰਤ ਵਾਲੀ ਮਿੱਟੀ ਨਾਲ ਪੂਰਕੇ ਖੇਡ ਗਰਾਉਂਡ ਬਣਾਕੇ  ਸ਼ੁਰੂ ਕਰਨ ਵਾਲਾ, ਖੇਡਾਂ ਨੂੰ ਅੱਗੇ ਤੋਰਨ ਵਾਲਾ ਤੇ ਇਹਨਾਂ ਖੇਡਾਂ ਦੀ ਦੇਸ਼-ਵਿਦੇਸ਼ ਵਿਚ ਭੱਲ ਬਣਾਉਣ ਵਾਲਾ ਬੰਦਾ ਜਗਰੂਪ ਸਿੰਘ ਜਰਖੜ ਹੀ ਹੈ | ਇਹਨਾਂ ਖੇਡਾਂ ਦੀ ਤਰੱਕੀ ਲਈ  ਉਸਦੀ ਭੂਮਿਕਾ ਹਮੇਸ਼ਾ ਮੋਹਰੀਆਂ ਵਾਲੀ ਹੀ ਰਹੀ | ਜਰਖੜ ਪਿੰਡ ਦੀਆਂ  ਮਾਡਰਨ ਖੇਡਾਂ ਬੀਤੇ 37 ਸਾਲ ਪਹਿਲਾਂ ਜਦੋਂ ਸ਼ੁਰੂ ਹੋਈਆਂ ਤਾਂ ਇਹਨਾਂ ਖੇਡਾਂ ਦਾ ਬਜਟ ਸਿਰਫ਼ ,ਹਜਾਰ-ਬਾਰਾਂ ਸੌ ਰੁਪਏ ਤੱਕ ਹੀ ਸੀ, ਜੋ ਮੌਜੂਦਾ ਸਮੇਂ ਚ ਵਧ ਕੇ 30 ਲੱਖ ਤਕ ਦਾ ਹੋ ਗਿਆ | ਕਦੇ ਇਹ ਕਿਹਾ ਜਾਂਦਾ ਸੀ ਕਿ,” ਜਿਹਨੇ ਕਿਲਾ ਰਾਏਪੁਰ ਦੀਆਂ ਖੇਡਾਂ ਨੀ ਦੇਖੀਆਂ ਉਹ ਅਜੇ ਜੰਮਿਆ ਹੀ ਨੀ ” ਪਰ ਹੁਣ ਇਹੋ ਗੱਲ ਜਰਖੜ ਖੇਡਾਂ ਤੇ ਵੀ ਢੁਕਣ ਲੱਗ ਪਈ ਹੈ | ਜਿਸ ਦਾ ਸਿਹਰਾ ਜਗਰੂਪ ਸਿੰਘ ਜਰਖੜ ਦੇ ਸਿਰ ਤੇ ਹੀ ਬੰਨਿਆ ਜਾਵੇਗਾ |  

    ਦਿੱਖ ਪੱਖੋਂ ਉਹ ਜਮਾ ਹੀ ਯੋਗੀ ਲਗਦੈ , ਰਮਤਾ ਯੋਗੀ ,ਜਿਵੇਂ ਹੁਣੇ ਪਹਾੜੋਂ ਉੱਤਰ ਕੇ ਆਇਆ ਹੋਵੇ | ਉਹਦਾ ਨਾਂ ਜਗਰੂਪ ਸਿੰਘ ਜਮੀਂ ਉਹਦੇ ਸੁਭਾਅ ਨਾਲ ਮੇਲ ਖਾਂਦੈ ਕਿਉਂਕਿ ਉਹ ਜੱਗ ਨਾਲ  ਵਿਚਰਦਾ ਵੀ ਜੱਗ ਦਾ ਰੂਪ ਬਣਕੇ ਹੀ ਹੈ | ਜਿਹਨੂੰ ਵੀ ਮਿਲਦੈ ਪੂਰੀ ਅਪਣੱਤ ਨਾਲ, ਜਿਵੇਂ ਉਸਨੂੰ ਅਗਾਊਂ ਹੀ ਜਾਣਦਾ ਹੋਵੇ | ਉਹ ਕਦੇ ਵੀ ਵਿਹਲਾ ਨੀ ਦਿਸਦਾ ,ਹਮੇਸ਼ਾ ਰੁਝੇਵੇਂ ਤੇ ਤੋਰੇ ਫੇਰੇ ਚ ਰਹਿੰਦਾ | ਕਦੇ ਉਹ ਆਪਣੇ ਪਿੰਡ ਜਰਖੜ ਦੇ ਸਟੇਡੀਅਮ ਵਿਚ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਕੋਲ  ਹੁੰਦੈ , ਕਦੇ ਕਿਸੇ ਖੇਡ ਮੇਲੇ ਜਾਂ ਟੂਰਨਾਮੈਂਟ ਦੀ ਖੇਡ ਪੱਤਰਕਾਰ ਵਜੋਂ  ਕਵਰੇਜ਼ ਕਰਦਾ ਹੋਇਆ ਨਜ਼ਰ ਆਉਂਦੈ, ਕਦੇ ਖੇਡ ਮੇਲੇ ਦੀ ਕੁਮੈਂਟਰੀ ਕਰਦਾ ਦਿਸਦੈ ,ਕਦੇ ਕਿਸੇ ਉੱਘੇ ਖਿਡਾਰੀ ਦੀ ਇੰਟਰਵਿਉ ਲੈਂਦਾ ਨਜ਼ਰੀ ਪੈਂਦੈ ਤੇ ਕਦੇ ਕਿਸੇ ਖੇਡ ਸੈਮੀਨਾਰ ਵਿਚ ਸਿਰਕਤ ਕਰ ਰਿਹਾ ਹੁੰਦੈ | ਗੱਲ ਕੀ, ਉਹ ਹਮੇਸ਼ਾ ਖੇਡਾਂ ਤੇ ਖਿਡਾਰੀਆਂ ਦਾ ਪ੍ਰਛਾਵਾਂ ਬਣ ਵਿਚਰਦੈ | ਉਹਦਾ ਹਰੇਕ ਪਲ ਹਰੇਕ ਦਿਨ ਖੇਡਾਂ ਤੇ ਖਿਡਾਰੀਆਂ ਲਈ ਹੈ | ਜਗਰੂਪ ਸਿੰਘ ਜਰਖੜ ਇਕੋ ਵੇਲੇ ਖੇਡ ਪ੍ਰੋਮੋਟਰ , ਖੇਡ ਲੇਖਕ ,ਖੇਡ ਪੱਤਰਕਾਰ, ਖੇਡ ਕਮੈਂਟੇਟਰ ਅਤੇ ਆਨ ਲਾਈਨ ਖੇਡ ਮੈਗਜ਼ੀਨ ” ਖੇਡ ਮੈਦਾਨ ਬੋਲਦਾ ਹੈ ” ਦਾ ਸੰਸਥਾਪਕ ਹੈ | ਖੇਡਾਂ ਅਤੇ ਖਿਡਾਰੀਆਂ ਬਾਰੇ ਉਹ ਪਿਛਲੇ 33 ਸਾਲਾਂ ਤੋਂ ਵੱਖ ਵੱਖ ਅਖਬਾਰਾਂ ਵਿਚ ਨਿਰਵਿਘਨ ਲਿਖਦਾ ਆ ਰਿਹਾ ਹੈ | ਉਸਨੇ ਕੌਮਾਂਤਰੀ ਖੇਡ ਪੱਤਰਕਾਰੀ ਕਰਦਿਆਂ ਉਲੰਪਿਕ ਖੇਡਾਂ ,ਵਿਸ਼ਵ ਕੱਪ ਹਾਕੀ, ਰਾਸ਼ਟਰਮੰਡਲ ਖੇਡਾਂ ,ਏਸ਼ੀਆਈ ਖੇਡਾਂ ਅਤੇ ਅਨੇਕਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਦੀ ਬਤੋਰ ਮੀਡੀਆ ਨੁਮਾਂਇਦੇ ਵਜੋਂ ਕਵਰੇਜ਼ ਕੀਤੀ ਹੈ |       

    ਸਨਅਤੀ ਸ਼ਹਿਰ ਲੁਧਿਆਣਾ ਦੇ ਨਜ਼ਦੀਕ ਵਸੇ ਛੋਟੇ ਜਿਹੇ ਪਿੰਡ ਜਰਖੜ ਵਿਖੇ ਮਿਤੀ 1 ਜਨਵਰੀ 1964 ਨੂੰ  ਪਿਤਾ ਹਰਨੇਕ ਸਿੰਘ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਜਨਮੇ ਜਗਰੂਪ ਸਿੰਘ ਨੇ ਬਚਪਨ ਵਿਚ ਗੁਰਬਤ ਨਾਲ ਆਢਾ ਲਾ ਕੇ ਜਵਾਨੀ ਨੂੰ ਸੁਹੁਲਤਾਂ ਜੋਗਾ ਕੀਤਾ | ਉਸਨੇ ਆਪਣੀ ਮੁੱਢਲੀ ਪੜ੍ਹਾਈ ਜਰਖੜ  ਤੋਂ ਮੈਟ੍ਰਿਕ ਆਲਮਗੀਰ ਤੋਂ, ਤੇ ਬੀ.ਏ. ਗੁਰੂ ਨਾਨਕ ਨੈਸ਼ਨਲ  ਕਾਲਜ, ਦੋਰਾਹੇ ਤੋਂ ਕਰ ਸਰਕਾਰੀ ਕਾਲਜ ਮਲੇਰਕੋਟਲੇ ਜਾ ਕੇ ਐਮ.ਏ. ਅਰਥ ਸਾਸਤਰ ਵਿਚ ਦਾਖਲਾ ਲੈ ਲਿਆ, ਜੋ ਘਰ ਦੀ ਮਜ਼ਬੂਰੀ ਕਾਰਨ ਵਿਚੇ ਛੱਡਣੀ ਪਈ | ਬਚਪਨ ਵਿਚ ਉਸਦੀ  ਹਾਕੀ ਖੇਡਣ ਦੀ ਚਾਹਤ ਸੀ ਪਰ ਘਰ ਦੀ ਆਰਥਿਕ ਤੰਗੀ ਕਾਰਨ ਉਹ ਹਾਕੀ ਨਾ ਖਰੀਦ ਸਕਿਆ | ਜਦੋਂ ਉਹ ਆਰਥਿਕ ਪੱਖੋਂ ਸਮਰੱਥ ਹੋਇਆ ਤਾਂ ਪੰਜ ਤੋਂ ਛੇ ਹਜ਼ਾਰ ਰੁਪਏ ਕੀਮਤ ਵਾਲੀਆਂ ਸੈਂਕੜੇ ਹਾਕੀਆਂ ਬੱਚਿਆਂ ਨੂੰ ਹਰ ਸਾਲ ਮੁਫ਼ਤੋ ਮੁਫ਼ਤੀ ਲੰਗਰ ਦੀ ਰਸਦ ਵਾਂਗ ਵੰਡੀ ਜਾ ਰਿਹੈ | ਤੇ ਇਸ ਕੰਮ ਲਈ ਉਹ ਰੱਬ ਦਾ ਸ਼ੁਕਰਾਨਾ ਵੀ ਨਾਲੋਂ ਨਾਲ ਕਰੀ ਜਾਂਦੈ | ਜਗਰੂਪ ਸਿੰਘ ਨੇ ਦੱਸਿਆ ਕਿ ਉਸਦੀ ਹਾਕੀ ਖੇਡ ਵਿਚ ਦਿਲਚਸਪੀ ਉਦੋਂ ਪੈਦਾ ਹੋਈ ਜਦੋਂ ਉਸਨੇ 1975 ਦੇ ਵਿਸ਼ਵ ਹਾਕੀ ਕੱਪ  ਦੀ ਕਮੈਂਟਰੀ ਨੂੰ ਕਮੈਂਟੇਟਰ ਜਸਦੇਵ ਸਿੰਘ ਦੀ ਆਵਾਜ਼ ਵਿਚ ਰੇਡੀਓ ਤੋਂ ਸੁਣਿਆ | ਕਮੈਂਟਰੀ ਸੁਣ ਉਹਦੇ ਦਿਲ ਵਿਚ ਵੀ ਹਾਕੀ ਖੇਡਣ ਦਾ ਉਬਾਲ ਜਿਹਾ ਉਠਿਆ | ਉਸਨੇ ਸਕੂਲ ਪੱਧਰ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ ਤੇ ਸਟੇਟ, ਅੰਤਰ ਯੂਨੀਵਰਸਿਟੀ ਪੱਧਰ ਤੱਕ ਖੇਡੀ , ਵਿੱਚੇ ਉਹ ਜਿਲ੍ਹਾ ਪੱਧਰ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਰੇਡਾਂ ਪਾਉਂਦਾ ਰਿਹਾ | ਲੇਕਿਂਨ ਹਾਕੀ ਖੇਡ ਵਿਚ ਕਮਾਏ ਖੇਡ ਸਰਟੀਫਿਕੇਟਾਂ ਨੇ ਉਸਨੂੰ ਬਿਜਲੀ ਬੋਰਡ ਵਿਚ ਨੌਕਰੀ ਦਿਵਾਈ ਤੇ ਰੋਟੀ ਜੋਗਾ ਕੀਤਾ | ਬਾਅਦ ਵਿਚ ਜਗਰੂਪ ਸਿੰਘ ਨੇ ਲੋਕ ਸੰਪਰਕ ਅਫ਼ਸਰ ਦੀ ਨੌਕਰੀ ਵੀ ਕੀਤੀ ਜੋ ਉਸਨੇ ਛੱਡ ਦਿੱਤੀ | ਮੁੜ ਰਾਜਨੀਤੀ ਵੱਲ ਰੁੱਖ ਕੀਤਾ ਤਾਂ ਆਪ ਪਾਰਟੀ ਦਾ ਮੁੱਢਲਾ ਵਰਕਰ ਬਣ ਸਮਾਜ ਸੇਵਾ ਕਰ ਹਲਕੇ ਵਿਚ ਚੰਗੀ ਭੱਲ ਬਣਾਈ ਤੇ ਉਦੋਂ ਲੋਕਾਂ ਨੇ ਕਿਹਾ ਕਿ ਪਾਰਟੀ ਟਿਕਟ ਜਗਰੂਪ ਸਿੰਘ ਨੂੰ ਮਿਲਣੀ ਚਾਹੀਦੀ ਹੈ | ਪਰ ਸਾਧ ਬਿਰਤੀ ਇਸ ਬੰਦੇ ਨੇ ਲੋਕ ਸੇਵਾ ਨੂੰ ਹੀ ਪਹਿਲ ਦਿੱਤੀ | 

     ਕੋਈ ਵਿਅਕਤੀ ਜਦੋਂ ਚੰਗਾ ਕੰਮ ਸ਼ੁਰੂ ਕਰਦੈ ਤਾਂ ਵਿਰੋਧ ਕਰਨ ਵਾਲੇ ਵੀ ਉੱਠ ਖੜ੍ਹਦੇ ਨੇ | ਜਗਰੂਪ ਸਿੰਘ ਨਾਲ ਵੀ ਏਦਾਂ ਹੀ ਹੋਇਆ | ਉਹਨੇ ਵੀ ਇਹਨਾਂ ਖੇਡਾਂ ਦੇ ਸ਼ੁਰੂ ਹੋਣ ਤੋਂ ਲੈ ਕੇ ਵੱਖ ਵੱਖ ਸਮੇਂ ਤਕ ਕਈ  ਆਰਥਿਕ ,ਸਮਾਜਿਕ ,ਰਾਜਸੀ ਅੜਚਨਾਂ ਅਤੇ ਜ਼ਿੰਦਗੀ ਨੂੰ ਖਤਰੇ ਚ ਪਾਉਣ ਵਾਲੀਆਂ ਕਈ ਔਕੜਾਂ ਦਾ ਸਾਹਮਣਾ ਕੀਤਾ | ਗਾਇਕ ਸੰਦੀਲੇ ਦੇ ਗੀਤ ਵਾਂਗੂ ,” ਉਹ ਸੀਪ ਲਾਉਣ ਨੂੰ ਫਿਰਦੇ ਸੀ ਉਹਨੇ ਖੋਹ ਕੇ ਤਾਂਸ ਹੀ ਪਾੜ ਦਿੱਤੀ ” | ਜਗਰੂਪ ਸਿੰਘ ਨੇ ਮਿਹਨਤ ਕਰ ਜਰਖੜ ਖੇਡਾਂ ਨੂੰ ਤਰੱਕੀ ਵੱਲ ਤੋਰਿਆ ਤੇ ਸਾਰੇ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦਿੱਤੇ | ਇਹਨਾਂ ਖੇਡਾਂ ਨੂੰ ਉਪਰ ਚੁੱਕਣ ਵਿਚ ਜਗਰੂਪ ਸਿੰਘ ਦਾ ਸਾਥ ਦਿੱਤਾ ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਅਤੇ ਬੀਬੀ ਸੁਰਜੀਤ ਕੌਰ ਨੇ ਜੋ  ਗੁਰਦਵਾਰਾ ਮਾਤਾ ਸਾਹਿਬ ਸਾਹਿਬ ਕੌਰ ਮੰਜੀ ਸਾਹਿਬ ,ਜਰਖੜ ਦੀ ਮੁੱਖ ਸੇਵਾਦਾਰ ਹੈ | ਜਗਰੂਪ ਸਿੰਘ ਨੇ ਆਪਣੀ ਅਪਣੱਤ ਨਾਲ ਸਾਬਕਾ ਡੀ. ਜੀ.ਪੀ . ਸ੍ਰ . ਰਾਜਦੀਪ ਸਿੰਘ ਗਿੱਲ ਅਤੇ ਸ੍ਰ . ਨਰਿੰਦਰਪਾਲ ਸਿੰਘ ” ਰੂਬੀ ਸਿੱਧੂ ” ਹੋਰਾਂ ਤੋਂ ਵੀ ਇਹਨਾਂ ਖੇਡਾਂ ਦੀ ਭਲਾਈ ਲਈ ਸਹਿਯੋਗ ਨੂੰ ਲੰਬਾ ਸਮਾਂ ਮਾਣਿਆ | 

    ਸ਼ੁਰੂ ਵਿਚ ਜਰਖੜ ਦਾ ਖੇਡ ਮੈਦਾਨ ਬੜਾ ਛੋਟਾ ਤੇ ਮਿੱਟੀ ਵਾਲਾ ਸੀ ਜੋ ਅੱਜ ਇੱਕ ਵਿਸ਼ਾਲ ਖੇਡ ਕੰਪਲੈਕਸ ਦਾ ਰੂਪ ਲੈ ਚੁੱਕਾ ਹੈ ,ਜਿਸ ਵਿਚ ਇੱਕੋ ਸਮੇਂ ਫਲੱਡ ਲਾਈਟਾਂ ਵਾਲੇ ਨੀਲੇ ਐਸਟਰੋਟਰਫ ਤੇ ਹਾਕੀ , ਵੱਖੋ ਵੱਖਰੇ ਖੇਡ ਮੈਦਾਨਾਂ ਉਪਰ ਕੱਬਡੀ ,ਹੈਂਡਬਾਲ ,ਬਾਸਕਿਟਬਾਲ ,ਕੁਸ਼ਤੀ, ਵਾਲੀਬਾਲ ਖੇਡਾਂ ਹੋ ਸਕਦੀਆਂ ਨੇ ਅਤੇ ਮੁੱਕੇਬਾਜ਼ੀ ਲਈ ਰਿੰਗ ਵੀ  ਉਪਲੱਭਧ  ਹੈ | ਜਰਖੜ ਦੀ ਹਾਕੀ ਅਕੈਡਮੀ ਸੈਂਕੜੇ ਹਾਕੀ ਖਿਡਾਰੀ ਨੈਸ਼ਨਲ ਖੇਡਾਂ ਅਤੇ ਅੰਤਰ ਵਰਸਿਟੀ ਖੇਡ ਮੁਕਾਬਲੇ ਖੇਡ ਨਾਮਣਾ ਖੱੱਟ ਚੁੱਕੇ ਨੇ | ਇੰਨ੍ਹਾ ਵਿਚੋਂ ਅਨੇਕਾਂ ਸਰਕਾਰੀ ਨੌਕਰੀ ਵੀ ਪ੍ਰਾਪਤ ਕਰ ਚੁੱਕੇ ਹਨ | ਹਰ ਸਾਲ ਜਰਖੜ ਹਾਕੀ ਅਕੈੈਡਮੀ ਤੇ 20 ਤੋਂ 22 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਜਿਸ ਨੂੰ ਉਹ ਦੇਸ਼ ਵਿਦੇਸ਼ ਦੇ ਦਾਨੀ ਸੱਜਣਾ ਕੋਲੋਂ ਇਕੱਤਰ ਕਰ ਕੰਮ ਚਲਾ ਰਿਹਾ ਹੈ | ਉਸਨੇ ਆਪਣੀ ਸਰਕਾਰੀ ਨੌਕਰੀ ਦੀ ਰਿਟਾਇਰਮੈਂਟ ਵੇਲੇ ਮਿਲੀ ਸਾਰੀ ਪੂੰਜੀ ਵੀ ਖੇਡ ਸਟੇਡੀਅਮ ਦੀ ਉਸਾਰੀ ਤੇ ਲਗਾ ਦਿੱਤੀ ਤੇ ਖੇਡ ਸਟੇਡੀਅਮ ਨੂੰ ਸੋਹਣੀ ਦਿੱਖ ਪ੍ਰਦਾਨ ਕੀਤੀ  | ਲੋਕਾਂ ਨੇ ਬਥੇਰਾ ਕਿਹਾ ਓ ਭਾਈ , ਕੁਝ ਆਪਣੇ ਬੱਚਿਆਂ ਲਈ ਵੀ ਬਚਾ ਲੈ ਤਾਂ ਜਗਰੂਪ ਸਿੰਘ ਨੇ ਕਿਹਾ , ਖੇਡ ਮੈਦਾਨ ਵਿਚ ਖੇਡਣ ਵਾਲੇ ਸਾਰੇ ਬੱਚੇ ਵੀ ਮੇਰੇ ਬੱਚਿਆਂ ਵਾਂਗ ਹੀ ਨੇ |”  

     ਜਰਖੜ ਦਾ ਖੇਡ ਸਟੇਡੀਅਮ ਪਹਿਲਾ ਅਜਿਹਾ ਖੇਡ ਸਟੇਡੀਅਮ ਬਣ ਗਿਆ ਹੈ ਜਿਥੇ ਦੌੜਾਕ ਮਿਲਖਾ ਸਿੰਘ , ਹਾਕੀ ਖਿਡਾਰੀ ਧਿਆਨ ਚੰਦ ,ਪਿਰਥੀਪਾਲ ਸਿੰਘ ,ਊਧਮ ਸਿੰਘ ,ਸੁਰਜੀਤ ਸਿੰਘ ਅਤੇ ਸੀਨੀਅਰ ਬਲਬੀਰ ਸਿੰਘ ਹੋਰਾਂ ਦੇ ਆਦਮ ਕਦ ਬੁੱਤ ਸਥਾਪਿਤ ਕੀਤੇ ਗਏ ਨੇ | ਇਸ ਤੋਂ ਇਲਾਵਾ ਜਰਖੜ ਖੇਡ ਮੇਲੇ ਉਪਰ ਹਰ ਸਾਲ ਉੱਘੀਆਂ ਖੇਡ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਇਸ ਸਾਲ ਦੇ ਖੇਡ ਮੇਲੇ ਵਿਚ ਖੇਡ ਸਾਹਿਤ ਰਚਣ ਵਾਲੇ ਲੇਖਕਾਂ ਲਈ ਵੀ ਸਨਮਾਨ ਸ਼ੁਰੂ ਕੀਤਾ ਗਿਆ ਹੈ ਤੇ ਇਹ ਸਨਮਾਨ ” ਖੇਡ ਲੇਖਣੀ ਦੇ ਬਾਬਾ ਬੋਹੜ ” ਪ੍ਰਿੰਸੀਪਲ ਸਰਵਣ ਸਿੰਘ ਨੂੰ ਦੇ ਕੇ ਚੰਗੀ ਸ਼ੁਰੂਆਤ ਕੀਤੀ ਗਈ ਹੈ | 

      ਖੇਡਾਂ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਜਗਰੂਪ ਸਿੰਘ ਜਰਖੜ ਆਖਦਾ ਹੈ ਕਿ ਪ੍ਰਮਾਤਮਾ ਨੇ ਉਸਨੂੰ ਜਿੰਨ੍ਹੇ ਸੁਆਸ ਦਿੱਤੇ ਨੇ ਉਹਨਾਂ ਦੀ ਆਖਰੀ ਲੜੀ ਤਕ ਉਹ ਆਪਣੇ ਯਤਨ ਜਾਰੀ ਰੱਖੇਗਾ | ਉਸਦਾ ਹਰ ਇਕ ਪਲ ਜਰਖੜ ਖੇਡ ਮੈਦਾਨਾਂ ਅਤੇ ਇਹਨਾਂ ਮੈਦਾਨਾਂ ਤੇ ਖੇਡ ਰਹੇ ਖਿਡਾਰੀਆਂ ਨੂੰ ਸਮਰਪਿਤ ਹੁੰਦੈ | ਵਾਹਿਗੁਰੂ ਅੱਗੇ  ਅਰਦਾਸ ਹੈ ਕਿ ਖਿਡਾਰੀਆਂ ਦੇ ਇਸ ਫ਼ਰਿਸ਼ਤੇ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਕਸੇ| 

Leave a Reply

Your email address will not be published. Required fields are marked *