ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਨੂੰ ਅਕਸ਼ੈ ਤ੍ਰਿਤੀਆ ਮੌਕੇ ਬਾਲ ਵਿਆਹ ਦੀ ਰੋਕਥਾਮ ਕਰਨ ਦੇ ਹੁਕਮ ਜਾਰੀ

Ludhiana Punjabi
  • ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਵੱਲੋਂ ਬਾਲ ਵਿਆਹ ਰੋਕੂ ਅਧਿਕਾਰੀਆਂ ਨੂੰ ਲੁਧਿਆਣਾ ‘ਚ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦੇ ਵੀ ਨਿਰਦੇਸ਼

DMT : ਲੁਧਿਆਣਾ : (29 ਮਾਰਚ 2023) : – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਗਾਮੀ 22 ਅਪ੍ਰੈਲ, 2023 ਨੂੰ ਅਕਸ਼ੈ ਤ੍ਰਿਤੀਆ ਜਾਂ ਅਕਸ਼ੈ ਤੀਜ ਮੌਕੇ ਬਾਲ ਵਿਆਹਾਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਣ।

ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਅਮਰਜੀਤ ਬੈਂਸ ਨੇ ਕਿਹਾ ਕਿ ਅਕਸ਼ੈ ਤ੍ਰਿਤੀਆ ਦਾ ਦਿਹਾੜਾ ਸ਼ੁਭ ਦਿਹਾੜਾ ਮੰਨਿਆ ਜਾਂਦਾ ਹੈ ਅਤੇ ਸਮਾਜ ਦੇ ਕੁਝ ਵਰਗ ਵੱਲੋਂ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਵਿਆਹ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਲ ਵਿਆਹ ਰੋਕੂ ਅਫ਼ਸਰ ਪਹਿਲਾਂ ਹੀ ਆਪਣੇ ਇਲਾਕਿਆਂ ਵਿੱਚ ਚੌਕਸੀ ਰੱਖਣ ਲਈ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਬਾਲ ਵਿਆਹ ਨਾ ਹੋਵੇ। ਉਨ੍ਹਾਂ ਕਿਹਾ ਕਿ ਬਾਲ ਵਿਆਹ ਰੋਕੂ ਕਾਨੂੰਨ 2006 ਤਹਿਤ ਬਾਲ ਵਿਆਹ ਗੈਰ-ਕਾਨੂੰਨੀ ਹੈ।

ਵਧੀਕ ਡਿਪਟੀ ਕਮਿਸ਼ਨਰ ਬੈਂਸ ਨੇ ਦੱਸਿਆ ਕਿ ਬਾਲ ਵਿਆਹ ਰੋਕੂ ਅਧਿਕਾਰੀ ਸਾਰੇ ਪਿੰਡਾਂ, ਬਲਾਕਾਂ ਅਤੇ ਵਾਰਡਾਂ ਵਿੱਚ ਪੁਜਾਰੀਆਂ, ਮੈਰਿਜ ਪੈਲੇਸਾਂ, ਮਿਊਜ਼ਿਕ ਬੈਂਡ, ਪ੍ਰਿੰਟਿੰਗ ਪ੍ਰੈਸ, ਡੈਕੋਰੇਟਰਾਂ, ਕੇਟਰਰਾਂ, ਕਮਿਊਨਿਟੀ ਹਾਲਾਂ ਅਤੇ ਹੋਰ ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਨਾਲ ਮੀਟਿੰਗਾਂ ਕਰਨਗੇ। ਇਸ ਤੋਂ ਇਲਾਵਾ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕੌਮੀ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਉਹ ਅਜਿਹੇ ਕਿਸੇ ਵੀ ਵਿਆਹ ਨੂੰ ਹੋਣ ਤੋਂ ਰੋਕਣ ਨੂੰ ਯਕੀਨੀ ਬਣਾਉਣ ਲਈ ਹਾਲ ਹੀ ਦੇ ਮਹੀਨਿਆਂ ਵਿੱਚ ਸਕੂਲ ਛੱਡਣ ਵਾਲੇ ਬੱਚਿਆਂ ਅਤੇ ਅਨਿਯਮਿਤ ਸਕੂਲੀ ਬੱਚਿਆਂ ‘ਤੇ ਤਿੱਖੀ ਨਜ਼ਰ ਰੱਖਣਗੇ। ਸਿੱਖਿਆ ਵਿਭਾਗ ਵੱਲੋਂ ਸਕੂਲ ਛੱਡਣ ਵਾਲੇ ਬੱਚਿਆਂ ਅਤੇ ਗੈਰ-ਹਾਜ਼ਰ ਰਹਿਣ ਵਾਲੇ ਬੱਚਿਆਂ ਦੀਆਂ ਸੂਚੀਆਂ ਵੀ ਤਿਆਰ ਕੀਤੀਆਂ ਗਈਆਂ ਹਨ ਜੋਕਿ ਪਰਿਵਾਰਕ ਕਾਊਂਸਲਿੰਗ ਨੂੰ ਯਕੀਨੀ ਬਣਾਉਣ ਲਈ ਬਾਲ ਵਿਆਹ ਰੋਕੂ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਸੰਭਾਵੀ ਬਾਲ ਵਿਆਹ ਨੂੰ ਰੋਕਣ ਲਈ ਅਜਿਹੇ ਸਾਰੇ ਚਿੰਨ੍ਹਹਿੱਤ ਕੀਤੇ ਗਏ ਬੱਚਿਆਂ ਦੀ ਪਰਿਵਾਰਕ ਕਾਉਂਸਲਿੰਗ ਅਤੇ ਸਹੀ ਜਾਂਚ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਤਿਆਰ ਰਿਪੋਰਟਾਂ ਅਨੁਸਾਰ ਜਨਵਰੀ ਤੋਂ ਹੁਣ ਤੱਕ ਅਧਿਕਾਰੀਆਂ ਵੱਲੋਂ 408 ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ ਹਨ।

ਇਸ ਮੌਕੇ ਐਸ.ਡੀ.ਐਮਜ਼ ਕੁਲਦੀਪ ਬਾਵਾ, ਜਸਲੀਨ ਕੌਰ, ਮਨਜੀਤ ਕੌਰ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *