ਜੋ ਦਿਖਾ, ਸੋ ਲਿਖਾ’, ਜਲੰਧਰ ਜਿਮਨੀ ਚੋਣ ਲਈ ਲੱਗੀ ਸਿਰ ਧੜ ਦੀ ਬਾਜ਼ੀ, ਵੋਟਰਾਂ ਨੂੰ ਲੁਭਾਉਣ ਲਈ ਲੀਡਰ ਹੋਏ ਪੱਬਾਂ ਭਾਰ

Ludhiana Punjabi

DMT : ਲੁਧਿਆਣਾ : (01 ਮਈ 2023) : – ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਲਈ ਪ੍ਰਚਾਰ ਅਖਾੜਾ ਪੂਰੀ ਤਰਾਂ ਭਖ ਚੁੱਕੈ। 10 ਮਈ ਨੂੰ ਪੈਣਗੀਆਂ ਵੋਟਾਂ ਅਤੇ 13 ਮਈ ਨੂੰ ਆਵੇਗਾ ਨਤੀਜਾ। ਪੰਜਾਬ ਦੇ ਮੌਜੂਦਾ ਹ‍ਲਾਤਾਂ ਵਿਚ ਚੋਣ ਦੀ ਮੁੱਖ ਪਾਰਟੀਆਂ ਲਈ ਅਹਿਮੀਅਤ ਬਹੁੱਤ ਵਧ ਚੁੱਕੀ ਹੈ। ਚੋਣ ਪ੍ਰਚਾਰ ਲਈ ਗਿਣਤੀ ਦੇ ਦਿਨ ਹੀ ਬਾਕੀ ਬਚੇ ਨੇ। ਚੋਣ ਮੈਦਾਨ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ ਅਤੇ ਅਕਾਲੀ ਦਲ ਵਿਚ ਫਸਵੀਂ ਟੱਕਰ ਵਿਚ ਮੰਨੀਆਂ ਜਾਂਦੀਆਂ ਨੇ। 2019 ਵਿਚ ਸੀਟ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ-ਬੀਜੇਪੀ ਦੇ ਚਰਨਜੀਤ ਸਿੰਘ ਅਟਵਾਲ ਨੂੰ 19491 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤੀ ਸੀ। ਬੀਐਸਪੀ ਦੇ ਉਮੀਦਵਾਰ ਨੂੰ 2.04 ਲੱਖ ਵੋਟਾਂ ਮਿਲੀਆਂ ਸਨ। ਇਸ ਸਮੇੰ 5 ਹਲਕਿਆਂ ਵਿਚ ਕਾਂਗਰਸ ਅਤੇ 4 ਤੋਂ ‘ਆਪ’ ਦੇ ਵਧਾਇਕ ਨੇ। ਹਲਕੇ ਵਿਚ 37.97% ਦਲਿਤ ਵੋਟਰਾਂ ਤੇ ਪਾਰਟੀਆਂ ਦਾ ਖਾਸ ਫੋਕਸ ਹੈ। ਪਾਰਟੀਆਂ ਨੇ ਆਪਣੇ ਵੱਡੇ ਲੀਡਰ ਚੋਣ ਪ੍ਰਚਾਰ ਲਈ ਝੋੰਕੇ ਹੋਏ ਨੇ। ਨਤੀਜਾ ਪਾਰਟੀਆਂ ਲਈ ਕਿਵੇਂ ਰਹੇਗਾ ਅਹਿਮ?
‘ਆਪ’ ਦੇ ਵਕਾਰ ਦਾ ਸਵਾਲ
ਸੱਤਾਧਾਰੀ ‘ਆਪ’ ਚੋਣ ਨੂੰ ਸੰਗਰੂਰ ਹਾਰ ਦੀ ਨਿਮੋਸ਼ੀ ਤੋਂ ਬਾਹਰ ਨਿਕਲਣ ਦੇ ਮੌਕੇ ਵਜੋਂ ਲੈ ਰਹੀ ਹੈ। ਪਾਰਟੀ ਨੇ ਆਪਣੇ ਸਾਰੇ ਵੱਡੇ ਲੀਡਰ ਮੈਦਾਨ ਵਿਚ ਉਤਾਰੇ ਨੇ। ਵਧਾਇਕ ਸਮੱਰਥਕਾਂ ਨਾਲ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਨੇ। ਮੁੱਖ ਮੰਤਰੀ ਰੋਡ ਸ਼ੋ ਅਤੇ ਸਭਾਵਾਂ ਵਿਚ ਰੁੱਝੇ ਨੇ। ਦੂਜੀਆਂ ਪਾਰਟੀਆਂ ਦੇ ਲੀਡਰ ਪਾਰਟੀ ਵਿਚ ਸ਼ਾਮਿਲ ਕਰਾਏ ਜਾ ਰਹੇ ਨੇ। ਉਮੀਦਵਾਰ ਵੀ ਕਾਂਗਰਸ ਦੇ ਸਾਬਕਾ ਵਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਬਣਾਇਆ ਗਿਐ। ਕੇਜਰੀਵਾਲ ਦੌਰੇ ਕਰਕੇ ਚੋਣ ਗਰੰਟੀਆਂ ਲਾਗੂ ਕਰਨ ਦਾ ਵਿਸ਼ਵਾਸ ਦਵਾ ਰਹੇ ਨੇ। ਪਿੱਛਲੀਆਂ ਵਿਧਾਨ ਸਭਾ ਚੋਣਾਂ ਸਮੇਂ 9 ਵਿਚੋਂ 4 ਸੀਟਾਂ ਪਾਰਟੀ ਨੇ ਜਿੱਤੀਆਂ ਅਤੇ ਵੋਟ ਸ਼ੇਅਰ ਵੀ ਵਧਿਆ। ਇਸ ਦਾ ਫਾਇਦਾ ਮਿਲ ਸਕਦੈ। ਹਲਕੇ ਵਿਚ ਦਲਿਤ ਵੋਟਰਾਂ ਨੂੰ ਰਿਝਾਉਣ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਬੱਲਾਂ ਡੇਰੇ ਜਾ ਕੇ 25 ਕਰੋੜ ਦਾ ਚੈਕ ਭਗਤ ਰਵਿਦਾਸ ਖੋਜ ਕੇਂਦਰ ਲਈ ਸੌਂਪਿਆ ਗਿਐ। ਦਿੱਲੀ ਅਤੇ ਪੰਜਾਬ ਦੇ ਲੀਡਰਾਂ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਪਾਰਟੀ ਦਾ ਕੱਟੜ ਇਮਾਨਦਾਰੀ ਦਾ ਅਕਸ਼ ਧੁੰਦਲਾ ਹੋ ਚੁੱਕੈ। ਵੱਡੇ ਸੁਰੱਖਿਆ ਘੇਰੇ ਅਤੇ ਕੋਠੀਆਂ ਨਾਲ ਆਮ ਆਦਮੀ ਵਾਲਾ ਅਕਸ਼ ਵੀ ਨਹੀੰ ਰਿਹਾ। ਪਾਰਟੀ ਰਵਾਇਤੀ ਪਾਰਟੀਆਂ ਤੋਂ ਕਿਸੇ ਤਰਾਂ ਵੀ ਵੱਖਰੀ ਨਹੀਂ ਦਿਸਦੀ। ਪਾਰਟੀ ਨੂੰ ਸਿਖਿਆ, ਸਿਹਤ, ਮੁੱਫਤ ਬਿਜਲੀ, ਨੌਕਰੀਆਂ, ਭ੍ਰਿਸ਼ਟਾਂ ਤੇ ਕਾਰਵਾਈ ਵਰਗੇ ਕੰਮਾਂ ਦਾ ਲਾਭ ਜਰੂਰ ਮਿਲੇਗਾ। ਨਾਲ ਹੀ ਵਿਗੜੇ ਅਮਨ ਕਨੂੰਨ ਅਤੇ ਰੁੱਕੇ ਵਿਕਾਸ ਤੇ ਵੀ ਸਵਾਲ ਉਠਦੇ ਨੇ। ਚੋਣ ਇੰਨਚਾਰਜ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਜਲੰਧਰ ਡੇਰੇ ਲਗਾ ਕੇ ਚੋਣ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਕਾਂਗਰਸ ਦੀ ਰਵਾਇਤੀ ਸੀਟ
ਬਹੁਤੀ ਵਾਰ ਇਸ ਹਲਕੇ ਤੋਂ ਕਾਂਗਰਸ ਪਾਰਟੀ ਹੀ ਜਿੱਤਦੀ ਰਹੀ ਹੈ । 2019 ਚੋਣਾਂ ਵਿਚ ਜਿੱਤੇ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਦੀ ਮੌਤ ਕਾਰਨ ਹੀ ਜਿਮਨੀ ਚੋਣ ਹੋ ਚੋਣ ਹੋ ਰਹੀ ਹੈ। ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਉਣ ਨਾਲ ਹਮਦਰਦੀ ਵੋਟ ਦੀ ਸੰਭਾਵਨਾ ਹੈ। ਟਕਸਾਲੀ ਕਾਂਗਰਸੀ ਚੌਧਰੀ ਪਰਵਾਰ ਦਾ ਜਲੰਧਰ ਵਿਚ ਕਾਫੀ ਪ੍ਰਭਾਵ ਸਮਝਿਆ ਜਾਂਦੈ। ਉਮੀਦਵਾਰ ਦਾ ਪੁੱਤਰ ਚੌਧਰੀ ਵਿਕਰਮ ਸਿੰਘ ਫਿਲੌਰ ਹਲਕੇ ਤੋਂ ਵਧਾਇਕ ਹੈ, ਜਿਸ ਦ‍ਾ ਲਾਭ ਪਾਰਟੀ ਨੂੰ ਮਿਲ ਸਕਦੈ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਪ੍ਰਚਾਰ ਮੁਹਿੰਮ ਇੰਨਚਾਰਜ ਬਣਾਇਆ ਗਿਐ। ਪਰ ਉਸ ਦੇ ਭਤੀਜੇ ਰਾਣਾ ਹਰਦੀਪ ਨੇ ‘ਆਪ’ ਵਿਚ ਸ਼ਾਮਿਲ ਹੋ ਕੇ ਝਟਕਾ ਜਰੂਰ ਦਿਤੈ। ਸ਼ੁਰੂਆਤੀ ਦਿਨਾਂ ਵਿਚ ਕਾਂਗਰਸ ਲੀਡਰਾਂ ਵਿਚ ਕਾਫੀ ਫੁੱਟ ਉਭਰੀ ਦਿਖਦੀ ਸੀ ਅਤੇ ਨਵਜੋਤ ਸਿੱਧੂ ਦੇ ਬਾਹਰ ਆਉਣ ਤੇ ਫੁੱਟ ਵਧਣ ਦੇ ਅੰਦੇਸ਼ੇ ਸਨ। ਪਰ ਇਸ ਸਮੇਂ ਸਿੱਧੂ ਸਮੇਤ ਸਾਰੇ ਵੱਡੇ ਲੀਡਰ ਪ੍ਰਚਾਰ ਵਿਚ ਇੱਕਜੁਟ ਦਿਖਾਈ ਦਿੰਦੇ ਨੇ। ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ, ਸੂਬਾ ਪ੍ਰਧਾਨ ਰਾਜਾ ਵੜਿੰਗ, ਨਵਜੋਤ ਸਿੱਧੂ ਸਮੇਤ ਸਾਰੇ ਵੱਡੇ ਲੀਡਰ ਚੋਣ ਸਭਾਵਾਂ ਨੂੰ ਸੰਬੋਧਨ ਕਰ ਰਹੇ ਨੇ ਅਤੇ ‘ਆਪ’ ਤੇ ਵਾਅਦੇ ਪੂਰੇ ਨਾ ਕਰਨ ਅਤੇ ਵਿਗੜ ਚੁੱਕੀ ਅਮਨ ਕਨੂੰਨ ਦੀ ਹਾਲਤ ਤੇ ਸੱਤਾਧਾਰੀ ਪਾਰਟੀ ਤੇ ਹਮਲੇ ਕਰ ਰਹੇ ਨੇ। ਪਾਰਟੀ ਦ‍ਾ ਸੂਬੇ ਵਿਚ ਖੋਇਆ ਆਧਾਰ ਮੁੜ ਉਭਾਰਨ ਲਈ ਚੋਣ ਬਹੁਤ ਅਹਿਮ ਬਣ ਚੁੱਕੀ ਹੈ।
ਬੀਜੇਪੀ ਜਿੱਤਣ ਲਈ ਗੰਭੀਰ
ਬੀਜੇਪੀ ਨੇ ਸੂਬੇ ਵਿਚ ਆਧਾਰ ਵਧਿਆ ਸਾਬਿਤ ਕਰਨ ਲਈ ਚੋਣ ਤੇ ਪੂਰੀ ਤਾਕਤ ਲਗਾਈ ਹੈ। ਸਥਾਨਕ ਨੇਤਾਵਾਂ ਨਾਲ ਕੇਂਦਰੀ ਲੀਡਰ ਅਤੇ ਮੰਤਰੀ ਉਤਾਰੇ ਜਾ ਚੁੱਕੇ ਨੇ। ਬੀਜੇਪੀ ਦੂਜੀਆਂ ਪਾਰਟੀਆਂ ਦੇ ਬਹੁਤ ਸਾਰੇ ਵੱਡੇ ਲੀਡਰਾਂ ਨੂੰ ਸ਼ਾਮਿਲ ਕਰਕੇ ਕਬੀਲਾ ਕਾਫੀ ਵਧਾ ਚੁੱਕੀ ਹੈ। ਪਾਰਟੀ ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਪਿੱਛੋਂ ਸੰਗਰੂਰ ਦੀ ਜਿਮਨੀ ਚੋਣ ਵਿਚ ਅਕਾਲੀ ਦਲ ਤੋਂ ਵੱਧ ਵੋਟ ਹਾਸਿਲ ਕਰਕੇ ਕਾਫੀ ਉਤਸ਼ਾਹਿਤ ਹੈ। ਬੀਜੇਪੀ ਦੇ ਪੱਖ ‘ਚ ਕੇਂਦਰ ਵਿਚ ਸੱਤਾਧਾਰੀ ਹੋਣ ਦਾ ਲਾਭ ਵੀ ਦਿੱਸਦੈ। ਪਾਰਟੀ ਨੇ ਅਕਾਲੀ ਦਲ ਦੇ ਵੱਡੇ ਦਲਿਤ ਚੇਹਰੇ ਅਤੇ 2019 ਚੋਣਾਂ ਦੌਰਾਨ ਅਕਾਲੀ-ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਬਣਾਇਆ ਹੈ। ਅਟਵਾਲ ਪਰਵਾਰ ਦਾ ਦੋਆਬੇ ਵਿਚ ਕਈ ਚੋਣਾਂ ਲੜਨ ਕਾਰਨ ਕਾਫੀ ਪ੍ਰਭਾਵ ਸਮਝਿਆ ਜਾਂਦੈ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਅਤੇ ਬੈਂਸ ਭਰਾਵਾਂ ਨੇ ਵੀ ਬੀਜੇਪੀ ਦੀ ਹਮਾਇਤ ਦਾ ਐਲਾਨ ਕੀਤੈ। ਬੀਜੇਪੀ ਹਰ ਹਾਲਤ ਵਿਚ ਅਕਾਲੀ ਦਲ ਤੋਂ ਉੱਪਰ ਰਹਿਣ ਲਈ ਜੋਰ ਲਗਾਏਗੀ। ਪਾਰਟੀ ਚੋਣ ਨੂੰ 2024 ਦੀਆਂ ਚੋਣਾਂ ਲਈ ਸੂਬੇ ਵਿਚ ਆਪਣਾ ਆਧਾਰ ਵਧਾਉਣ ਲਈ ਅਹਿਮੀਅਤ ਦਿੰਦੀ ਹੈ। ਚੋਣ ਪੂਰੀ ਤਰਾਂ ਬੀਜੇਪੀ ਦੇ ਵਕਾਰ ਦਾ ਸਵਾਲ ਬਣ ਚੁੱਕੀ ਹੇੈ।

ਅਕਾਲੀ ਦਲ ਲਈ ਮਾਹਨੇ*
ਪਿਛਲੇ 6 ਸਾਲਾਂ ਵਿਚ ਲਗਾਤਾਰ ਹਾਰਾਂ ਕਾਰਨ ਰਾਜਨੀਤੀ ਦੇ ਹਾਸ਼ੀਏ ਤੇ ਗਏ ਅਕਾਲੀ ਦਲ ਲਈ ਇਹ ਚੋਣ ਕਰੋ ਜਾਂ ਮਰੋ ਵਾਲੀ ਸਥਿਤੀ ਹੈ। ਇਸ ਵਾਰ ਅਕਾਲੀ ਦਲ-ਬੀਐਸਪੀ ਗੱਠਜੋੜ ਵਲੋਂ ਬੰਗਾ ਤੋਂ ਅਕਾਲੀ ਦਲ ਦੇ ਵਧਾਇਕ ਡਾ. ਸੁਖਵਿੰਦਰ ਸੁੱਖੀ ਮੈਦਾਨ ਵਿਚ ਨੇ। ਪਿੱਛਲੀ ਵਾਰ ਅਕਾਲੀ-ਬੀਜੇਪੀ ਗੱਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਪਾਰਟੀ ਛੱਡਕੇ ਬੀਜੇਪੀ ਦੇ ਉਮੀਦਵਾਰ ਆਪਣੇ ਪੁਤਰ ਇੰਦਰ ਇਕਬਾਲ ਅਟਵਾਲ ਲਈ ਪ੍ਰਚਾਰ ਕਰ ਰਹੇ ਨੇ। ਸੁਖਬੀਰ ਤੋਂ ਨਾਰਾਜ਼ ਤਲਵੰਡੀ, ਢੀਂਡਸਾ, ਅਜਨਾਲਾ, ਅਟਵਾਲ ਅਤੇ ਬੀਬੀ ਜਗੀਰ ਕੌਰ ਅਦਿ ਟਕਸਾਲੀ ਪਰਵਾਰ ਪਾਰਟੀ ਛੱਡ ਚੁੱਕੇ ਨੇ। ਕੋਟਕਪੂਰਾ ਫਾਇਰਿੰਗ ਮਾਮਲੇ ਵਿਚ ਬਾਦਲਾਂ ਦੇ ਨਾਮ ਆਉਣ ਨਾਲ ਅਕਾਲੀ ਦਲ ਕਸੂਤੀ ਸਥਿਤੀ ਵਿਚ ਫਸਿਆ ਦਿਸਦੈ ਅਤੇ ਵਰਕਰ ਨਿਰਾਸ਼ਾ ਵਿਚ ਨੇ। ਅਕਾਲੀ ਦਲ 2019 ਵਿਚ ਬੀਐਸਪੀ ਨੂੰ ਮਿਲੇ 2 ਲੱਖ ਵੋਟਾਂ ਨੂੰ ਵੱਡਾ ਸਹਾਰਾ ਮੰਨਦੈ। ਉਂਝ ਇਸ ਵਾਰ ਬੀਜੇਪੀ ਵਾਲੀ ਵੋਟ ਦ‍ਾ ਵੱਡਾ ਨੁਕਸਾਨ ਵੀ ਰਹੇਗਾ। ਵੱਡੇ ਬਾਦਲ ਦੀ ਮੌਤ ਨਾਲ ਵੀ ਪਾਰਟੀ ਨੂੰ ਝੱਟਕਾ ਲੱਗਿਐ। ਸੁਰਜੀਤ ਜਿਆਣੀ ਦੇ ਬੀਜੇਪੀ ਨਾਲ ਗਠਜੋੜ ਦੀ ਲੋੜ ਵਾਲੇ ਬਿਆਨ ਤੇ ਬਹੁਤੇ ਪਾਰਟੀ ਨੇਤਾਵਾਂ ਵਲੋਂ ਹਾਂਭੀ ਭਰਨ ਨਾਲ ਬਸਪਾ ਵਰਕਰਾਂ ਵਿਚ ਖੜੇ ਹੋਏ ਸ਼ੰਕੇ ਵੀ ਨੁਕਸਾਨਦੇਹ ਹੋ ਸਕਦੇ ਨੇ। ਵੱਡੇ ਬਾਦਲ ਨਮਿਤ 4 ਮਈ ਦੇ ਭੋਗ ਤੱਕ ਸੁਖਬੀਰ ਬਾਦਲ ਦੇ ਪ੍ਰਚਾਰ ਤੋਂ ਬਾਹਰ ਰਹਿਣ ਨਾਲ ਵੀ ਚੋਣ ਮੁਹਿੰਮ ਪ੍ਰਭਾਵਿਤ ਹੋਏਗੀ। ਪ੍ਰੰਤੂ ਬਾਕੀ ਸਾਰੀ ਲੀਡਰਸ਼ਿਪ ਮੁੜ ਪਰਤ ਕੇ ਮੋਰਚਾ ਸੰਭਾਲ ਚੁੱਕੀ ਹੈ। ਪਾਰਟੀ ਦੇ ਮੁੜ ਉਭਾਰ ਲਈ ਇਹ ਚੋਣ ਅਕਾਲੀ ਦਲ ਲਈ ਕਰੋ ਜਾਂ ਮਰੋ ਦੀ ਸਥਿਤੀ ਬਣ ਚੁੱਕੀ ਹੈ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸਾਰੀਆਂ ਪਾਰਟੀਆਂ ਚੋਣ ਜਿੱਤਣ ਲਈ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਜਿੱਤ ਕਿਸੇ ਪਾਰਟੀ ਦੀ ਵੀ ਹੋਵੇ, ਪਰ ਇਸ ਦਾ ਨਤੀਜਾ ਸੂਬੇ ਵਿਚ ਭਵਿਖ ਦੀ ਰਾਜਨੀਤੀ ਦੀ ਦਿਸ਼ਾ ਜਰੂਰ ਤੈਅ ਕਰੇਗਾ।

ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)

Leave a Reply

Your email address will not be published. Required fields are marked *