ਡਾ. ਅਮਨਦੀਪ ਸ਼ਰਮਾ ਨੂੰ ਅਮਰੀਕਾ ਦੀ ਯੂਨੀਵਰਸਿਟੀ ਨੇ ਅਧਿਆਪਨ ਸੰਬੰਧੀ ਦਿੱਤੀ ਨਿਯੁਕਤੀ

Ludhiana Punjabi

DMT : ਲੁਧਿਆਣਾ : (26 ਅਪ੍ਰੈਲ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਸਹਿਯੋਗੀ ਪ੍ਰੋਫੈਸਰ, ਡਾ. ਅਮਨਦੀਪ ਸ਼ਰਮਾ ਨੂੰ ਅਮਰੀਕਾ ਦੀ ਦੱਖਣੀ ਇਲੀਨੌਏ ਯੂਨੀਵਰਸਿਟੀ ਨੇ ਸਹਾਇਕ ਪ੍ਰੋਫੈਸਰ ਦੇ ਤੌਰ ’ਤੇ ਨਿਯੁਕਤ ਕੀਤਾ। ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਸਾਇੰਸ ਨੇ ਦੱਸਿਆ ਕਿ ਡਾ. ਸ਼ਰਮਾ ਇਸ ਯੂਨੀਵਰਸਿਟੀ ਵਿਖੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਸੰਯੁਕਤ ਨਿਗਰਾਨ ਵਜੋਂ ਸਿੱਖਿਅਤ ਕਰਨਗੇ। ਉਹ ਉਨ੍ਹਾਂ ਨੂੰ ਯੋਗਰਟ ਨੂੰ ਬਤੌਰ ਖਾਧ ਪਦਾਰਥ ਵਧੇਰੇ ਸਮੇਂ ਤਕ ਵਰਤੋਂ ਯੋਗ ਰੱਖਣ ਸੰਬੰਧੀ ਗਿਆਨ ਦੇਣਗੇ। ਡਾ. ਸ਼ਰਮਾ ਦੀਆਂ ਹੁਣ ਤਕ 28 ਖੋਜ ਪ੍ਰਕਾਸ਼ਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹ ਮਸਨੂਈ ਗਿਆਨ ਨਾਲ ਪਨੀਰ ਦੇ ਕਵਾਲਿਟੀ ਮਾਪਦੰਡਾਂ ਬਾਰੇ ਦੱਸਣ ਸੰਬੰਧੀ ਇਕ ਸਾਫਟਵੇਅਰ ਵੀ ਵਿਕਸਤ ਕਰ ਚੁੱਕੇ ਹਨ। ਉਨ੍ਹਾਂ ਨੇ ਵੱਖੋ-ਵੱਖਰੀਆਂ ਖੋਜ ਏਜੰਸੀਆਂ ਵੱਲੋਂ ਵਿਤੀ ਸਹਾਇਤਾ ਪ੍ਰਾਪਤ 08 ਖੋਜ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਸੰਪੂਰਨ ਕੀਤਾ ਹੈ। ਉਨ੍ਹਾਂ ਨੇ ਸੂਰਜੀ ਊਰਜਾ ਦੀ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਵਰਤੋਂ ਬਾਰੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਦੁੱਧ ਨੂੰ ਠੰਡਾ ਰੱਖਣ ਸੰਬੰਧੀ ਵੀ ਤਕਨਾਲੋਜੀ ਦਾ ਵਿਕਾਸ ਕਰਕੇ ਉਸ ਨੂੰ ਵੀ ਉਦਯੋਗਿਕ ਖੇਤਰ ਵਿਚ ਲਿਆਂਦਾ ਹੈ। ਡਾ. ਸ਼ਰਮਾ ਕੁਝ ਸਮਾਂ ਪਹਿਲਾਂ ਹੀ ਸੰਸਥਾ ਵਿਕਾਸ ਯੋਜਨਾ ਅਧੀਨ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਕਰਕੇ ਆਏ ਹਨ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਸ਼ਰਮਾ ਨੂੰ ਮੁਬਾਰਕਬਾਦ ਦਿੱਤੀ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦਾ ਸਿਰ ਉੱਚਾ ਹੋਇਆ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਅਤੇ ਖੋਜ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਸ਼ਲਾਘਾ ਕੀਤੀ।

Leave a Reply

Your email address will not be published. Required fields are marked *