ਡਿਪਟੀ ਕਮਿਸ਼ਨਰ ਵਲੋਂ ਵਸਨੀਕਾਂ ਨੂੰ ਅਪੀਲ, ਆਪਣਾ ਆਧਾਰ ਕਾਰਡ ਜਲਦ ਕਰਵਾਇਆ ਜਾਵੇ ਅਪਡੇਟ

Ludhiana Punjabi

DMT : ਲੁਧਿਆਣਾ : (11 ਅਪ੍ਰੈਲ 2023) : – ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਆਧਾਰ ਦੀ ਜਾਣਕਾਰੀ ਨੂੰ ਅਪਡੇਟ ਕਰਵਾਉਣ।

ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਸਰਕਾਰ ਵਲੋਂ ਨਵੀਨਤਮ ਪਛਾਣ ਪੱਤਰ ਦੇ ਸਬੂਤ (ਪੀ.ਓ.ਆਈ.) ਅਤੇ ਰਿਹਾਇਸ਼ ਦੇ ਸਬੂਤ (ਪੀ.ਓ.ਏ) ਵਜੋਂ ਦਸਤਾਵੇਜ਼ਾਂ ਨੂੰ ਅਪਡੇਟ ਕਰਕੇ ਨਾਗਰਿਕਾਂ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਸਨੀਕਾਂ ਨੇ 2015 ਤੋਂ ਪਹਿਲਾਂ ਆਧਾਰ ਕਾਰਡ ਬਣਵਾਏ ਸਨ, ਨੂੰ ਆਧਾਰ ਵਿੱਚ ਦਸਤਾਵੇਜ਼ ਅੱਪਡੇਟ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਵਾਸੀਆਂ ਨੂੰ ਨਜ਼ਦੀਕੀ ਆਧਾਰ ਕੇਂਦਰ ‘ਤੇ ਨਵੀਨਤਮ ਪਛਾਣ ਦੇ ਸਬੂਤ (ਪੀ.ਓ.ਆਈ.) ਜਾਂ ਪਤੇ ਦੇ ਸਬੂਤ (ਪੀ.ਓ.ਏ) ਦਸਤਾਵੇਜ਼ਾਂ ਸਮੇਤ ਸਹਾਇਕ ਦਸਤਾਵੇਜ਼ਾਂ ਨੂੰ ਅਪਲੋਡ ਕਰਕੇ ਆਪਣਾ ਆਧਾਰ ਅਪਡੇਟ ਕਰਵਾਉਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਸਨੀਕਾਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਜਾਣਕਾਰੀ ਨੂੰ ਮੁੜ ਪ੍ਰਮਾਣਿਤ ਕਰਨ ਦੀ ਲੋੜ ਹੈ, ਭਾਵੇਂ ਕਿ ਉਨ੍ਹਾਂ ਦੇ ਜਨਸੰਖਿਆ ਅੰਕੜਿਆਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਬਾਈਲ ਨੰਬਰ ਆਧਾਰ ‘ਤੇ ਰਜਿਸਟਰਡ ਹੈ, ਤਾਂ ਨਿਵਾਸੀ https://myaadhaar.uidai.gov.in ‘ਤੇ ਲਾਗਇਨ ਕਰਕੇ ਆਨਲਾਈਨ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਧਾਰ ਬਾਇਓਮੀਟ੍ਰਿਕ ਪ੍ਰਮਾਣਿਕਤਾ ਨਾਲ ਇੱਕ ਨਿਵਾਸੀ ਦੀ ਪਛਾਣ ਕਰਨ ਦੇ ਪ੍ਰਬੰਧ ਦੇ ਨਾਲ ਪਛਾਣ ਦੇ ਸਭ ਤੋਂ ਵੱਧ ਪ੍ਰਵਾਨਿਤ ਸਬੂਤ ਵਜੋਂ ਮੰਨਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਵੱਖ-ਵੱਖ ਸਰਕਾਰੀ ਸੇਵਾਵਾਂ/ਸੁਵਿਧਾਵਾਂ ਦਾ ਲਾਭ ਲੈਣ ਲਈ ਕੀਤੀ ਜਾ ਰਹੀ ਹੈ।

ਆਧਾਰ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ, ਡਿਪਟੀ ਕਮਿਸ਼ਨਰ ਮਲਿਕ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵੀ ਆਧਾਰ ਕਾਰਡ ਬਣਵਾਉਣ ਅਤੇ ਮੋਬਾਇਲ ਨੰਬਰ ਅਪਡੇਟ ਕਰਦੇ ਰਹਿਣ। ਉਨ੍ਹਾਂ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਇਸਦੀ ਪੁਸ਼ਟੀ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਕਿਉਂਕਿ ਇਹ ਪ੍ਰਕਿਰਿਆ ਜਾਅਲੀ/ਫੋਟੋਸ਼ਾਪ ਵਾਲੇ ਆਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਸਹਾਈ ਸਿੱਧ ਹੋਵੇਗੀ।

Leave a Reply

Your email address will not be published. Required fields are marked *