ਪੰਜਾਬ ਸਰਕਾਰ ਦੇ ਰਾਜ ਵਿੱਚ ਗੈੰਗਸਟਰ ਅਤੇ ਵੱਖਵਾਦੀ ਹੋਏ ਬੇਲਗਾਮ, ਸਰਕਾਰ ਦਾ ਨਹੀਂ ਕੋਈ ਡਰ, ਦੇ ਰਹੇ ਘਟਨਾਵਾਂ ਨੂੰ ਅੰਜਾਮ:–– ਜੀਵਨ ਗੁਪਤਾ

Ludhiana Punjabi
  • ਅੰਮ੍ਰਿਤਪਾਲ ਤੇ ਉਸਦੇ ਸਾਥੀਆ ਤੇ ਪੰਜਾਬ ਸਰਕਾਰ ਕਰੇ ਸਖਤ ਕਾਰਵਾਈ : –·ਕੇਵਲ ਢਿੱਲੋਂ

DMT : ਲੁਧਿਆਣਾ : (12 ਮਾਰਚ 2023) : – ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਜਿਲਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਉਲੀਕੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੜੇ ਚਿੰਤਾਜਨਕ ਬਣ ਚੁੱਕੇ ਹਨ। ਗੈੰਗਸਟਰ ਅਤੇ ਵੱਖਵਾਦੀ ਤਾਕਤਾਂ ਬੇਲਗਾਮ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਲੋਕਾਂ ‘ਚ ਡਰ ਅਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ।
ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਜਿੰਨਾ ਪੁਲਿਸ ਥਾਣੇ ਤੇ ਕਬਜ਼ਾ ਕਰਕੇ ਪੰਜਾਬ ਪੁਲਿਸ ਤੇ ਹਮਲਾ ਕੀਤਾ ਤੇ ਪੰਜਾਬ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਾਇਆ, ਪੰਜਾਬ ਸਰਕਾਰ ਸਾਰਿਆਂ ਖਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਗਿਰਫਤਾਰ ਕਰੇ। ਉਹਨਾਂ ਨੇ ਕਿਹਾ ਕਿ ਡੀਜੀਪੀ ਨੇ ਖੁਦ ਦੱਸਿਆ ਕਿ ਹਥਿਆਰਾਂ ਦੇ ਜ਼ੋਰ ਤੇ ਥਾਣੇ ਤੇ ਕਬਜ਼ਾ ਕੀਤਾ ਗਿਆ ਤੇ ਪੁਲਿਸ ਦੀ ਕੁੱਟ-ਮਾਰ ਕੀਤੀ ਗਈ, ਪਰ 17 ਦਿਨ ਬੀਤ ਜਾਣ ਦੇ ਬਾਅਦ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜਿਸ ਤਰਾਂ ਸਰਕਾਰ ਨੇ ਵੱਖਵਾਦੀ ਤੇ ਸ਼ਮਾਜ ਵਿਰੋਧੀ ਅਨਸਰਾਂ ਨੂੰ ਇਕੱਠੇ ਹੋਣ ਦਿੱਤਾ ਅਤੇ ਉਹਨਾਂ ਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਖੁੱਲ ਦਿੱਤੀ, ਉਸ ਨਾਲ ਭਗਵੰਤ ਮਾਨ ਦੀ ਸਰਕਾਰ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਅੰਮ੍ਰਿਤਪਾਲ ਤੇ ਉਸਦੇ ਸਾਥੀ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਧੜੱਲੇ ਨਾਲ ਖੁਲੇਆਮ ਘੁੰਮ ਰਹੇ ਹਨ, ਇਸ ਨਾਲ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹੋਣਗੇ ਤੇ ਕਾਨੂੰਨ ਦਾ ਡਰ ਖਤਮ ਹੋ ਜਾਵੇਗਾ, ਜੋ ਕਿ ਸਾਰੀਆਂ ਲਈ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਤਰਾਂ ਵੱਖਵਾਦੀ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਘਟਨਾ ਨੂੰ ਅੰਜਾਮ ਦਿੱਤਾ ਇਹ ਵੀ ਇੱਕ ਵੱਡੀ ਬੇਅਦਬੀ ਹੈ। ਇਸ ਨੇ ਸਮੁੱਚੇ ਸਿੱਖ ਜਗਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰੇ।
ਜੀਵਨ ਗੁਪਤਾ ਨੇ ਕਿਹਾ ਕਿ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ 11 ਮਹੀਨਿਆਂ ਦੇ ਰਾਜ ਦੌਰਾਨ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਬਣ ਗਏ ਹਨ। ਪੰਜਾਬ ਵਿੱਚ ਕਾਨੂੰਨ-ਵਿਵਸਥਾ ਢਹਿ-ਢੇਰ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਲੈ ਕੇ ਲਗਾਤਾਰ ਕੋਰਾ ਝੂਠ ਬੋਲ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਦੇਸ਼ ਵਿਰੋਧੀ ਤਾਕਤਾ, ਵੱਖਵਾਦੀਆਂ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਵਾਲਿਆਂ ਦੀਆਂ ਕਾਰਵਾਈਆਂ ਵਿੱਚ ਭਾਰੀ ਵਾਧਾ ਹੋਇਆ ਹੈ। ੳਹਨਾਂ ਕਿਹਾ ਕਿ ਪੰਜਾਬ ਵਿੱਚ ਨਿੱਤ ਦਿਨ ਵਾਪਰ ਰਹੀਆਂ ਕਤਲਾਂ, ਫਿਰੌਤੀ ਮੰਗਣ ਅਤੇ ਨਾ ਦੇਣ ਬਦਲੇ ਕਤਲ ਦੀਆਂ ਘਟਨਾਵਾਂ, ਪੁਲਿਸ ਦੀ ਨੱਕ ਹੇਠ ਡਕੈਤੀਆਂ, ਲੁਟਾਂ-ਖੋਹਾਂ ਆਦਿ ਕਾਰਨ ਪੰਜਾਬ ਦੇ ਲੋਕ ਬਹੁਤ ਡਰੇ ਹੋਏ ਹਨ। ਉਹਨਾ ਕਿਹਾ ਕਿ ਮੈ ਇੰਨੀ ਕਮਜ਼ੋਰ ਸਰਕਾਰ ਕਦੇ ਨਹੀਂ ਦੇਖੀ, ਜਿਸ ਨੇ ਬਹਾਦਰ ਪੁਲਿਸ ਦਾ ਮਨੋਬਲ ਤੋੜ ਦਿੱਤਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰਾਂ ਸਰੇਆਮ ਲੋਕਾ ਦੇ ਭਾਰੀ ਇਕੱਠ ਵਿੱਚ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦਾ ਕਤਲ, ਦੇਸ਼ ਦੇ ਮਸਹੂਰ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਹੱਤਿਆ ‘ਤੇ ਨਕੋਦਰ ਦੇ ਵਪਾਰੀ ਤੇ ਗੰਨਮੈਨ ਦੀ ਹੱਤਿਆ ਕੀਤੀ ਗਈ ਹੈ, ‘ਤੋਂ ਪਤਾ ਚੱਲਦਾ ਹੈ ਕਿ ਅਪਰਾਧੀਆਂ ਦੇ ਹੌਸਲੇ ਮੌਜੂਦਾ ਸਰਕਾਰ ਦੇ ਰਾਜ ਵਿੱਚ ਕਿੰਨੇ ਬੁਲੰਦ ਹਨ। ਕਿਸੇ ਨੂੰ ਕਾਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ‘ਚ ਆਏ ਐਨਆਰਆਈ ਨੌਜਵਾਨ ਦਾ ਨਹਿੰਗ ਬਾਣੇ ਵਿੱਚ ਕਤਲ ਕੀਤਾ ਗਿਆ ਹੈ, ਇਸ ਨਾਲ ਵਿਦੇਸ਼ਾਂ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਬਹੁਤ ਚਿੰਤਤ ਹੈ। ਉਹਨਾਂ ਕਿਹਾ ਇਹ ਬਹੁਤ ਨਿੰਦਣਯੋਗ ਹੈ, ਪੰਜਾਬ ਭਾਜਪਾ ਇਸਦੀ ਪੁਰਜੋਰ ਨਿੰਦਾ ਕਰਦੀ ਹੋਈ ਦੋਸ਼ੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੈ। ਪੰਜਾਬ ਦੀਆਂ ਜੇਲ੍ਹਾਂ ਵੀ ਸੁਰੱਖਿਅਤ ਨਹੀਂ ਹਨ, ਉੱਥੇ ਵੀ ਗੈਂਗਵਾਰ ਹੋ ਰਹੀ ਹੈ ਅਤੇ ਗੈੰਗਸਟਰ ਇੱਕ ਦੂਜੇ ਨੂੰ ਮਾਰ ਰਹੇ ਹਨ। ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਅਗਰ ਸਮਾਂ ਰਹਿੰਦੇ ਇਸ ਤੇ ਕੰਟਰੋਲ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਬਰਬਾਦ ਹੋਣ ਤੋ ਕੋਈ ਨਹੀਂ ਬਚਾ ਸਕੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਵਪਾਰੀ ਵਰਗ ਨਾਲ ਹਮੇਸ਼ਾ ਖੜ੍ਹੀ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਉਹਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦੇ ਪੂਰੇ ਕਰਨ ਲਈ ਕੁਝ ਸਮਾਂ ਮੰਗਿਆ ਸੀ, ਪਰ ਇਕ ਸਾਲ ਬੀਤ ਜਾਣ ਦੇ ਬਾਅਦ ਸਰਕਾਰ ਨੇ ਜੋ ਕੱਲ ਬਜਟ ਪੇਸ਼ ਕੀਤਾ, ਉਸਨੇ ਸਾਰੇ ਪੰਜਾਬੀਆ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸੇ ਵੀ ਵਰਗ ਲਈ ਕੁਝ ਵੀ ਨਹੀਂ ਦਿੱਤਾ ‘ਤੇ ਨਾ ਹੀ ਆਪਣੇ ਵਾਅਦੇ ਪੂਰੇ ਕੀਤੇ। ਉਹਨਾਂ ਕਿਹਾ ਕਿ ਪੰਜਾਬੀ ਇਸ ਸਰਕਾਰ ਤੋਂ ਅੱਕ-ਥੱਕ ਚੁੱਕੇ ਹਨ ‘ਤੇ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰੀਨ, ਗੁਰਦੀਪ ਸਿੰਘ ਗੋਸ਼ਾ, ਜ਼ਿਲ੍ਹਾ ਜਨਰਲ ਸਕੱਤਰ ਡਾ: ਕਨਿਕਾ ਜਿੰਦਲ, ਸਰਦਾਰ ਨਰਿੰਦਰ ਸਿੰਘ ਮੱਲੀ, ਸਕੱਤਰ ਨਵਲ ਜੈਨ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਸੰਜੀਵ ਧੀਮਾਨ, ਮਨੀਸ਼ਾ ਸੈਣੀ, ਰਾਜਨ ਪਾਂਧੇ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *