ਰਾਵੀ ਪਾਰੋਂ ਸਫੀਆ ਹਯਾਤ ਦੀ ਪੰਜਾਬੀ ਕਵਿਤਾ ਦਾ ਸੱਜਰਾ ਬੁੱਲਾ

Ludhiana Punjabi

DMT : ਲੁਧਿਆਣਾ : (31 ਮਾਰਚ 2023) : – ਫੈਸਲਾਬਾਦ(ਪਾਕਿਸਤਾਨ) ਵੱਸਦੀ ਲੇਖਕ ਸਫੀਆ ਹਯਾਤ ਉਰਦੂ ਤੇ ਪੰਜਾਬੀ ਵਿੱਚ ਲਿਖਦੀ ਕਵਿੱਤਰੀ ਕਹਾਣੀਕਾਰ ਅਤੇ ਨਿਬੰਧਕਾਰ ਹੈ। ਫਾਰਸੀ ਵਿੱਚ ਐਮ.ਏ ਐਮਫਿਲ
ਹੈ। ਲੈਕਚਰਾਰ ਵੀ ਹੈ ਤੇ ਸੋਸ਼ਲ ਵਰਕਰ ਵੀ।
ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
1. ਮਿੱਟੀ ਦੇ ਦੁੱਖ(ਕਹਾਣੀਆਂ)
2. ਹਵਾ ਤੋਂ ਸੰਵਾਦ (ਕਾਵਿ ਸੰਗ੍ਰਹਿ)
3. ਉਮਰਾਂ ਧੁੱਪਾਂ ਹੋਈਆਂ(ਪੰਜਾਬੀ ਕਵਿਤਾ)
ਹੁਣ ਇੱਕ ਨਾਵਲ ਅਤੇ ਨਵਾਂ ਕਾਵਿ ਸੰਗ੍ਰਹਿ ਛਪ ਰਿਹਾ ਹੈ।
ਉਸ ਦਾ ਕਲਾਮ ਬਲੋਚੀ-ਸਿੰਧੀ-ਹਿੰਦੀ-ਜਰਮਨ-ਅੰਗਰੇਜ਼ੀ ਵਿਚ ਵੀ ਅਨੁਵਾਦ ਹੋ ਚੁਕਾ ਹੈ।

ਜੀਸੀ ਯੂਨੀਵਰਸਿਟੀ ਫੈਸਲਾਬਾਦ ਵਿੱਚ ਉਸ ਬਾਰੇ ਖੋਜ ਥੀਸਿਸ ਸਫ਼ੀਆ ਹਯਾਤ ਦੀ ਕਵਿਤਾ ਵਿੱਚ ਨਾਰੀਵਾਦੀ ਚੇਤਨਾ ਤੇ ਸਫੀਆ ਹਯਾਤ ਦੀ ਵਾਰਤਕ ਸੇਵਾਵਾਂ ਖੋਜ ਥੀਸਿਸ ਸੁਮਨਾਬਾਦ ਯੂਨੀਵਰਸਿਟੀ ਫੈਸਲਾਬਾਦ
ਤੋਂ ਇਲਾਵਾ ਇਸਲਾਮਾਬਾਦ ਯੂਨੀਵਰਸਿਟੀ ਵਿੱਚ ਸਫ਼ੀਆ ਹਯਾਤ ਦੀ ਸ਼ਾਇਰੀ ਅਤੇ ਸਫ਼ੀਆ ਹਯਾਤ ਹੋ ਚੁਕਾ ਹੈ।
ਪਿਛਲੇ ਸਾਲ ਮਾਰਚ ਮਹੀਨੇ ਲਾਹੌਰ ਕਾਨਫਰੰਸ ਵਿੱਚ ਪਰਿਵਾਰ ਸਮੇਤ ਆਈ ਹੋਈ ਸੀ। ਆਪਣੀ ਮਾਂ ਤੇ ਬੱਚਿਆਂ ਸਮੇਤ। ਹਰਵਿੰਦਰ ਚੰਡੀਗੜ੍ਹ ਨੇ ਮਿਲਾਇਆ ਸਭ ਨੂੰ। ਮੇਰੀ ਜੀਵਨ ਸਾਥਣ ਨਾਲ ਉਦ ਦਾ ਟੱਬਰ ਘੁਲ਼ ਮਿਲ ਗਿਆ। ਇਹ ਪਰਿਵਾਰ 1947 ਚ ਏਧਰੋਂ ਹੁਸ਼ਿਆਰਪੁਰੋਂ ਓਧਰ ਗਿਆ ਹੈ। ਨਾਨਕੇ ਦਾਦਕੇ ਸਭ ਏਧਰ ਸਨ। ਅੰਬਾਂ ਦੇ ਬਾਗਬਾਨ। ਉਹ ਦਰਦ ਹੁਣ ਵੀ ਟਸਕਦਾ ਹੈ ਗੱਲਬਾਤ ਵਿੱਚੋਂ।
ਸਫੀਆ ਹਯਾਤ ਵੰਡ ਮਗਰੋਂ ਜੰਮੀ ਹੈ ਭਾਵੇ ਪਰ ਹੁਣ ਵੀ ਇਸ ਮਿੱਟੀ ਨੂੰ ਤਰਸਦੀ ਹੈ। ਅਫ਼ਜ਼ਲ ਸਾਹਿਰ ਵਾਂਗ। ਉਸ ਦੇ ਜੀਅ ਵੀ ਸ਼ਾਮ ਚੁਰਾਸੀ ਤੋਂ ਗਏ ਸਨ।
ਨਿਊਯਾਰਕ ਰਹਿੰਦੇ ਪੰਜਾਬੀ ਕਵੀ ਤਰਲੋਕਬੀਰ ਦੀ ਹਿੰਮਤ ਸਦਕਾ ਸ਼ਾਇਰਾ ਸਫੀਆ ਹਯਾਤ ਦੀ ਇਹ ਕਾਵਿ ਕਿਤਾਬ ਆੱਟਮ ਆਰਟ ਪਟਿਆਲਾ ਨੇ ਛਾਪੀ ਹੈ। ਮੁਬਾਰਕ ਪ੍ਰੀਤੀ ਸ਼ੈਲੀ ਨੂੰ ਸ਼ਬਦਾਂ ਦਾ ਸੁੰਦਰ ਪੁਲ਼ ਉਸਾਰਨ ਲਈ। ਸਫੀਆ ਹਯਾਤ ਨੂੰ ਏਧਰਲੇ ਪੰਜਾਬੀ ਸ਼ਬਦ ਰੂਪ ਚ ਮਿਲ ਸਕਣਗੇ।

ਸਫੀਆ ਹਯਾਤ ਦੀਆਂ ਕੁਝ ਕਵਿਤਾਵਾਂ ਨਾਲ ਸਾਂਝ ਪਾਉ ਤੁਸੀਂ ਵੀ। ਆਜ਼ਾਦ ਨਜ਼ਮ ਦੀ ਸਮਰੱਥ ਸਿਰਜਕ ਹੈ।

ਖੇਤ ਮੇਰੇ ਬਾਬਲ ਦਾ ਸ਼ਮਲਾ
————

ਪੈਲੀਆਂ ਸਾਡੀਆਂ ਮਾਵਾਂ ਵਰਗੀਆਂ ਫਸਲਾਂ ਧੀਆਂ ਭੈਣਾਂ
ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ ?

ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ ?
ਮਾਵਾਂ ਧੀਆਂ ਭੈਣਾਂ ਦੇ ਬਿਨ ਘਰ ਕਾਹਦਾ ਘਰ ਰਹਿਣਾ ?

ਪੈਲੀਆਂ ਦੇ ਵਿੱਚ ਬੀਜ ਬੀਜਦੇ ਰਲ ਮਿਲ ਬਾਬਲ ਵੀਰੇ
ਕੁੱਲ ਜਹਾਨ ਨੂੰ ਰਿਜ਼ਕ ਵੰਡਦੇ ਭਰਨ ਤਮਾਮ ਜ਼ਖ਼ੀਰੇ

ਖੇਤਾਂ ਦੇ ਸਿਰ ਉੱਤੇ ਬਾਬਲ ਮੇਰੇ ਦਾ ਘਰ ਵੱਸਦਾ
ਖਿੜਨ ਕਪਾਹਾਂ ਖੇਤਾਂ ਵਿੱਚ ਜਦ ਸਾਰਾ ਪਿੰਡ ਏ ਹੱਸਦਾ

 ਖੇਤ ਮੇਰੇ ਬਾਬਲ ਦਾ ਸ਼ਮਲਾ ਖੇਤ ਵੀਰੇ ਦੇ ਚੀਰੇ
ਖੇਤਾਂ ਦੇ ਵਿੱਚ ਉਗਣ ਧੀਆਂ ਦੇ ਵਰੀਆਂ ਦਾਜ ਕਲੀਰੇ

ਹਾਕਮ ਦਾ ਖੁਦਗਰਜ਼ ਹੈ ਕਾਇਦਾ ਤੇ ਬਦਕਾਰ  ਕਾਨੂੰਨ  
ਪਰਚਮ ਹੈ ਕਿਰਦਾਰ ਅਸਾਡਾ ਤੇ ਖ਼ੁਦਦਾਰ ਜਨੂੰਨ

ਖੇਤਾਂ ਤੇ ਡਾਕਾ ਏ ਸਾਡੀ ਪੱਤ ਤੇ ਪੱਗ ਤੇ ਡਾਕਾ
ਪੈਣ ਨੀ ਦੇਣਾ ਡਾਕਾ ਅਸਾਂ ਇਹ ਪੈਣ ਨੀ ਦੇਣਾ ਡਾਕਾ

ਧੀਆਂ ਦੀ ਰਾਖੀ ਨੇ ਕਰਦੇ ਸਦਾ ਪੰਜਾਬ ਦੇ ਜਾਏ
ਪੈਲੀਆਂ ਦੀ ਵੀ ਕਰਨਗੇ ਸ਼ਾਲਾ ਦੁੱਲੇ ਦੇ ਹਮਸਾਏ।

2.
ਇੱਕ ਵਾਰ ਹੋਰ
——

ਤੁਸੀਂ ਬਕਵਾਸ ਕਰਦੇ ਹੋ
ਭੌੰਕਦੇ ਹੋ
ਉਹ ਅੰਨ੍ਹਾ ਬੋਲਾ ਕੀ ਸੁਣੇਗਾ
ਚੜ੍ਹਾਵੇ ਵਸੂਲ ਕਬੂਲ ਕਰਦਾ ਉਹ
ਅਰਸ਼ਾਂ ਤੋਂ ਨਰਕ ਸੁਰਗ ਵੰਡਣ ਵਿੱਚ ਰੁੱਝਾ ਰਹਿੰਦਾ ਹੈ

ਕੁੱਤਿਆਂ ਨੂੰ ਐਸੀ ਵਹਿਸ਼ੀ ਖੁਰਕ ਪਈ
ਉਹਨਾ ਦੇ  ਜੁੱਸੇ ਵਿਚੋਂ ਪਾਣੀ ਨਿਕਲਿਆ ਸੀ ਕਿ ਤੇਜ਼ਾਬ
ਜਿਸਨੇ ਆਸਿਫਾ ਦੇ ਜਿਸਮ ਨੂੰ ਅੱਗ ਲਾ ਦਿੱਤੀ

ਇੱਕ ਵਾਰ ਹੋਰ
.
.
ਇੱਕ ਵਾਰ ਹੋਰ
.
.

ਦੇਵਤਾ ਨੇ ਕਹਿਰ ਤੇ ਕੀ ਵਰਸਾਉਣਾ ਸੀ
ਉਹ ਅਸਮਾਨ ਤੋਂ ਝਾਕਿਆ ਤੱਕ ਨਹੀ
ਨਿਰਭੈਆ ,ਜੈਨਬ,ਮਾਰੀਆ,ਮਾਰਥਾ ,ਆਸੀਆ ਤੇ ਲੂਸੀ
ਮੰਦਰ ਵਿੱਚ ਨਿਰਵਸਤਰ ਆਸਿਫਾ ਨੂੰ ਵੇਖ ਕੇ ਚੀਕੀਆਂ
“ਹਰ ਧਰਮ ਦੀਆਂ ਕੰਧਾਂ ਇੱਕੋ ਜਿਹੀਆਂ ਹਨ “

ਉਹ ਕੱਚੇ ਫਲ ਤੋੜ ਤੋੜ ਖਾਂਦੇ ਰਹੇ
ਚੀਕਾਂ ਥਰਥ੍ਰਾਉਂਦੀਆਂ ਰਹੀਆਂ
ਉਹ ਬਾਹਰ ਕੰਨ ਖੁਰਕਦਾ ਰਿਹਾ
ਪਰ ਉਸ ਦੇ ਕੰਨ ਤੇ ਜੂੰ ਨਾ ਸਰਕੀ
ਬੇਜਾਨ ਪੱਥਰ ਪਤਾ ਨਹੀਂ ਕਿਸ ਦੇ ਹੁਕਮ ਨਾਲ
ਆਸਿਫਾ ਨੂੰ ਸਦਾ ਦੀ ਨੀਦ ਸੰਵਾ ਗਿਆ।

3.

ਵਿਸਾਖੀ
…….
ਆਈ ਫੇਰ ਵਿਸਾਖੀ ਦੀ ਰੁੱਤ
ਖੁਸ਼ੀਆਂ ਝੂਮਰ ਪਾਏ
ਫੁੱਲ ਖਿੜੇ ਨੇ ਹਰ ਮਨ ਅੰਦਰ
ਮਹਿਕਾਂ ਨੇਂ ਰੰਗ ਲਾਏ
ਫਸਲਾਂ ਦੇ ਮੂੰਹਾਂ ਉਤੇ ਆਈ
ਚਮਕ ਗੁਲਾਬਾਂ ਵਰਗੀ
ਸਧਰ ਵਿੱਚ ਹਰਿਆਲੀ ਲੱਥੀ
ਸੱਚਿਆਂ ਖ਼ਾਬਾਂ ਵਰਗੀ
ਦਾਣੇ ਆਏ ਨੂਰ ਘਰਾਂ ਵਿੱਚ
ਕਮਲੇ ਹੋਏ ਸਿਆਣੇ
ਧਰਨ ਪਟੋਲੇ ਸੁੱਖਾਂ ਦੇ ਨਾਲ
ਵੰਡਣ ਲੇਖ ਮਖਾਣੇ
ਗੱਭਰੂਆਂ ਦੀ ਝਾਤ ਕਿਸੇ ਤੋਂ
ਮੂਲ ਨਾ ਜਾਵੇ ਝੱਲੀ
ਹਰ ਮੁਟਿਆਰ ਸੁਹਾਗਣ ਹੋ ਕੇ
ਖ਼ਾਬ ਨਗਰ ਵਿੱਚ ਚੱਲੀ
ਸਭ ਤੋਂ ਪਿਆਰੀ ਸਭ ਤੋਂ ਸੋਹਣੀ
ਦੇਸ ਪੰਜਾਬ ਦੀ ਬੋਲੀ
ਇੰਝ ਲੱਗੇ ਜਿਉਂ ਲਹਿਜੇ ਦੇ ਵਿੱਚ
ਰੱਬ ਨੇ ਮਿਸਰੀ ਘੋਲੀ।
4..
ਨਾ ਮੈਂ ਕੱਤਾਂ ਨਾ ਮੈਂ ਤੁੰਬਾਂ
ਨਾ ਕੋਈ ਮੈਂ ਸੁਫ਼ਨਾ ਵੇਖਾਂ
ਚੁੱਪ ਚੁਪੀਤੀ
ਕੱਲਮ ਕੱਲੀ
ਹਲਦੀ ਰੰਗ ਦੇ ਪੱਤਰ ਵਾਂਗੂੰ
ਉੱਡਦੀ ਫਿਰਦੀ ਸੋਚਾਂ
ਵਰ੍ਹਦੇ ਮੀਂਹ ਵਿੱਚ
ਕਦੀ ਓਹ ਆਵੇ
ਮੈਂ ਪਾਗਲਾਂ ਵਾਂਗੂੰ ਨੱਚਾਂ।

5.
ਸੂਰਜ ਤੇਰੇ ਬੂਹੇ ਆਇਆ

ਰਾਤੀਂ ਜਦੋਂ ਚਾਨਣ ਦੀਆਂ ਝੜੀਆਂ ਪਈਆਂ
ਤਾਰੇ ਝੱਜਰਾਂ ਭਰਨ ਡਏ ਸੀ
ਲੰਘਦੀ ਲੰਘਦੀ ਰਾਤ
ਨਹਿਰ ਦੇ ਕੰਢੇ ਆਣ ਖਲੋਈ

ਤੇ ਮੈਂ
ਮਨ ਦੀ ਸ਼ਰਾਬ ਦਾ ਘੁੱਟ ਭਰ ਕੇ
ਸਮੁੰਦਰ ਵੱਲ ਤੱਕਦੀ ਰਹੀ
ਕੁਝ ਸੁਪਨੇ, ਕੁਝ ਆਸਾਂ ਘੋਲ ਕੇ
ਆਪਣੀ ਚੁੰਨੀ ਰੰਗੀ
ਧੁੱਪ ਨੇ ਚੁੰਨੀ ਉੱਤੇ
ਪੀਲੇ ਫੁੱਲ ਕੱਢੇ
ਜਿੰਦੜੀ ਦੇ ਨਵੇਂ ਨਕੋਰ ਕਾਗ਼ਜ਼ ਉੱਤੇ
ਕਿਸਮਤ ਮੇਰੀ ਨੇ
ਅਨੋਖੜਾ ਗੀਤ ਜਦੋਂ ਲਿਖਿਆ

ਹੋਣੀ ਮੈਨੂੰ ਵਾਜਾਂ ਮਾਰਦੀ
ਲੱਭਦੀ ਲੱਭਾਉਂਦੀ
ਸੱਦਣ ਆਈ :
“ਚੱਲ ਨੀ ਕੁੜੀਏ !
ਤੇਰਾ ਸੂਰਜ ਤੇਰੇ ਬੂਹੇ ਆਇਆ !!!”

Leave a Reply

Your email address will not be published. Required fields are marked *