ਵਿਧਾਇਕ ਸਹਿਬਾਨ ਅਤੇ ਡਿਪਟੀ ਕਮਿਸ਼ਨਰ ਵਲੋਂ ਸ਼ਹੀਦ ਸੁਖਦੇਵ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ

Ludhiana Punjabi
  • ਸ਼ਹੀਦ ਸੁਖਦੇਵ ਦੇ ਜੱਦੀ ਘਰ ਤੱਕ ਸਿੱਧੀ ਪਹੁੰਚ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਆਖਰੀ ਪੜਾਅ ‘ਤੇ ਪਹੁੰਚੀ – ਵਿਧਾਇਕ ਪੱਪੀ ਅਤੇ ਡਿਪਟੀ ਕਮਿਸ਼ਨਰ
  • ਆਈ.ਜੀ. ਡਾ. ਕੋਸਤੁਭ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਵੀ ਜਨਮ ਦਿਹਾੜੇ ਮੌਕੇ ਸਰਧਾਂਜਲੀ ਭੇਂਟ

DMT : ਲੁਧਿਆਣਾ : (15 ਮਈ 2023) : – ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਬੱਸੀ ਗੋਗੀ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸਾਡੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਸੁਖਦੇਵ ਜੀ ਨੂੰ ਉਨ੍ਹਾਂ ਦੇ ਸਥਾਨਕ ਜੱਦੀ ਘਰ ਮੁਹੱਲਾ ਨੌਘਰਾ ਵਿਖੇ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਆਈ.ਜੀ. ਲੁਧਿਆਣਾ ਰੇਂਜ ਡਾ. ਕੌਸਤੁਭ ਸ਼ਰਮਾ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਹੋਰਨਾਂ ਵਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਚੌੜਾ ਬਾਜ਼ਾਰ ਤੋਂ ਸ਼ਹੀਦ ਦੇ ਜੱਦੀ ਘਰ ਤੱਕ ਸਿੱਧੀ ਪਹੁੰਚ ਵਾਲੀ ਸੜਕ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਈ ਹੈ ਅਤੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨ ਪ੍ਰਾਪਤੀ ਵਿੱਚ ਨਿਰਪੱਖ ਮੁਆਵਜ਼ੇ ਅਤੇ ਪਾਰਦਰਸ਼ਤਾ ਦੇ ਅਧਿਕਾਰ ਤਹਿਤ ਜਾਇਦਾਦ ਐਕਵਾਇਰ ਕਰਨ ਸਬੰਧੀ ਫਾਈਲ ਸਾਰੀਆਂ ਕਾਨੂੰਨੀ ਅਤੇ ਤਕਨੀਕੀ ਪੇਚਿਦਗੀਆਂ ਮੁਕੰਮਲ ਕਰਨ ਉਪਰੰਤ ਸਬੰਧਤ ਅਥਾਰਟੀ ਨੂੰ ਭੇਜ ਦਿੱਤੀ ਗਈ ਹੈ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚੌੜਾ ਬਾਜ਼ਾਰ ਤੋਂ ਕ੍ਰਾਂਤੀਕਾਰੀ ਆਗੂ ਦੇ ਘਰ ਤੱਕ ਸਿੱਧੀ ਪਹੁੰਚ ਵਾਲੀ ਸੜਕ ਨੂੰ ਯਕੀਨੀ ਬਣਾਉਣ ਦੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸੁਖਦੇਵ ਜੀ, ਸ਼ਹੀਦ ਭਗਤ ਸਿੰਘ ਜੀ ਅਤੇ ਸ਼ਹੀਦ ਰਾਜਗੁਰੂ ਜੀ ਨੇ ਦੇਸ਼ ਦੀ ਖਾਤਰ ਬਲਿਦਾਨ ਦਿੱਤੇ ਹਨ ਅਤੇ ਦੇਸ਼ ਵਾਸੀ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਧਰਤੀ ਦੇ ਇਨ੍ਹਾਂ ਮਹਾਨ ਸਪੂਤਾਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਸ਼ਾਂਤੀਪੂਰਨ ਮਾਹੌਲ ਅਤੇ ਭਾਈਚਾਰਕ ਸਾਂਝ ਵਿੱਚ ਰਹਿ ਰਹੇ ਹਾਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ, ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਕੌਮੀ ਪ੍ਰਧਾਨ ਅਸ਼ੋਕ ਥਾਪਰ, ਤ੍ਰਿਭੁਵਨ ਥਾਪਰ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *