ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਰਾਏਕੋਟ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ  ਵਿੱਚ  ਦੇਸ਼ ਬਦੇਸ਼ ਤੋਂ ਲੇਖਕ, ਕਲਾਕਾਰ ਤੇ ਬੁੱਧੀਜੀਵੀ ਸ਼ਾਮਿਲ ਹੋਏ

Ludhiana Punjabi

DMT : ਲੁਧਿਆਣਾ : (24 ਮਾਰਚ 2023) : – ਰਾਏਕੋਟ(ਲੁਧਿਆਣਾ) ਵਿੱਚ ਵਿਸ਼ਵ ਪੰਜਾਬੀ ਸਭਾ (ਰਜਿ:) ਕਨੇਡਾ ਅਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ (ਰਜਿ:) ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਅਤੇ ਪੰਜਾਬੀ ਸਾਹਿਤ ਦੇ ਨਾਮਵਰ ਸ਼ਾਇਰ ਪਾਸ਼ ਦੀ ਸ਼ਹਾਦਤ ਸਮਰਪਿਤ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਸਰਪ੍ਰਸਤ ਡਾ. ਸ਼ਵਿੰਦਰ ਸਿੰਘ ਗਿੱਲ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ) ਵੱਲੋਂ ਕੀਤੀ ਗਈ।ਇਸ ਸ਼ਰਧਾਂਜਲੀ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ਾਂ ਤੋਂ ਨਾਮਵਰ ਲੇਖਕ, ਸਮਾਜ ਸੇਵੀ, ਕਲਾਕਾਰ, ਰਾਜਨੀਤਕ ਆਗੂਆਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੇ ਸ਼ੁਰੂਆਤੀ ਸ਼ਬਦਾਂ ਰਾਹੀਂ ਲੈਕਚਰਾਰ ਨਿਰਪਾਲ ਸਿੰਘ ਦੱਦਾਹੂਰ ਨੇ ਸਾਹਿਤ ਸਭਾ ਰਾਏਕੋਟ ਦੀ ਸਮੁੱਚੀ ਟੀਮ ਵੱਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਰਾਏਕੋਟ ਵਿਖੇ ਅਜਿਹਾ ਪਹਿਲਾ ਪ੍ਰੋਗਰਾਮ ਹੋ ਰਿਹਾ ਹੈ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਕਲਾਕਾਰ ਵੱਡੀ ਗਿਣਤੀ ਵਿੱਚ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ਼ਾਮਿਲ ਹੋਏ ਹਨ।
ਉਹਨਾਂ ਨੇ ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਦੇ ਇਸ ਉੱਦਮ ਭਰੇ ਕਦਮ ਦੀ ਸ਼ਲਾਘਾ ਕੀਤੀ।
ਟੋਰੰਟੋ(ਕਨੇਡਾ )ਤੋਂ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਜੀ ਨੇ ਫੋਨ ਕਾਲ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ। ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਕੌਮੀ ਨਾਇਕਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਦਾ ਸੰਦੇਸ਼ ਦਿੱਤਾ ਤਾਂ ਜੋ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ।
ਮਾਰਕਫੈੱਡ ਦੇ ਸਾਬਕ ਐਡੀਸ਼ਨਲ ਮਾਨੇਜਿੰਗ ਡਾਇਰੈਕਟਰ ਸ਼੍ਰੀ ਬਾਲ ਮੁਕੰਦ ਸ਼ਰਮਾ (ਵਿਸ਼ਵ ਪ੍ਰਸਿੱਧ ਕਮੇਡੀਅਨ ਕਲਾਕਾਰ )ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਗੁਰਭਜਨ ਗਿੱਲ ਦੀ ਲਿਖੀ ਪਾਸ਼ ਨੂੰ ਸਮਰਪਿਤ ਗ਼ਜ਼ਲ ਪੇਸ਼ ਕਰਨ ਦੇ ਨਾਲ-ਨਾਲ ਸਕੂਲੀ ਬੱਚਿਆਂ ਲਈ ਹਾਸਰਸ ਵਿਅੰਗ ਰਾਹੀਂ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਕੌਮੀ ਨਾਇਕਾਂ ਨੂੰ ਯਾਦ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਵੀ ਚੱਲਣਾ ਚਾਹੀਦਾ ਹੈ। ਉਹਨਾਂ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਦੇ  ਪੰਜਾਬ ਅਸੈਂਬਲੀ ਵੱਲੋਂ ਪਾਸ ਮਤੇ ਦੀ ਸ਼ਲਾਘਾ ਕੀਤੀ।
ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ ਕਨੇਡਾ ਦੇ ਸਰਪ੍ਰਸਤ ਮੈਡਮ ਸੁੰਦਰਪਾਲ ਰਾਜਾਸਾਂਸੀ ਜੀ ਨੇ ਆਪਣੀ ਰਚਨਾ ਪੇਸ਼ ਕਰਨ ਦੇ ਨਾਲ ਨਾਲ ਉਨ੍ਹਾਂ ਵੱਲੋਂ ਕਨੇਡਾ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਲਈ ਕੀਤੇ ਜਾਂਦੇ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਬੂਟੇ ਵੰਡਣ ਦੀ ਸੇਵਾ ਵੀ ਕੀਤੀ। ਸਮਾਗਮ ਵਿੱਚ ਉਚੇਚੇ ਤੌਰ ਉੱਤੇ ਪਹੁੰਚੇ ਹਾਊਸਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਕ ਕ ਬਾਵਾ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਰਾਏਕੋਟ ਵਾਸੀਆਂ ਨੂੰ ਇਸ ਪ੍ਰਭਾਵਸ਼ਾਲੀ ਸਮਾਗਮ ਲਈ ਮੁਬਾਰਕ ਦਿੱਤੀ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਉਨ੍ਹਾਂ ਨੇ ਸ਼ਹੀਦਾਂ ਨੂੰ ਸਮਰਪਿਤ ਰਚਨਾ ਅਤੇ ਬੱਚਿਆਂ ਲਈ ਬਾਲ ਕਵਿਤਾ ਪੇਸ਼ ਕੀਤੀ। ਉਹਨਾਂ ਨੇ ਆਪਣੀ ਬਾਲ ਕਵਿਤਾ ਦਾ ਪੋਸਟਰ ਹਾਜ਼ਰ ਬੱਚਿਆਂ ਨੂੰ ਭੇਂਟ ਕੀਤਾ। ਜਲੰਧਰ ਤੋਂ ਆਏ ਕਵੀ ਸ਼੍ਰੀ ਜਗਦੀਸ਼ ਰਾਣਾ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਸ਼ਹੀਦਾਂ ਨੂੰ ਸਮਰਪਿਤ ਗ਼ਜ਼ਲ ਪੇਸ਼ ਕੀਤੀ। ਲੁਧਿਆਣਾ ਦੇ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮਾਗਮ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਏ ਲੇਖਕ ਮਹਿਮਾਨਾਂ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਸ਼ਵਿੰਦਰ ਸਿੰਘ ਗਿੱਲ ਜੀ ਨੇ ਕਿਹਾ ਕਿ ਸਾਨੂੰ ਸਰਦਾਰ ਭਗਤ ਸਿੰਘ ਦੀ ਬਜਾਏ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੜ੍ਹਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਦੇਸ਼ ਦੇ ਹਲਾਤ ਉਹੀ ਹਨ ਜੋ ਅੰਗਰੇਜ਼ੀ ਹਕੂਮਤ ਸਮੇਂ ਸਨ ਬਸ ਫ਼ਰਕ ਇਹ ਹੈ ਕਿ ਪਹਿਲਾਂ ਹਿੰਦੂ ਮੁਸਲਮਾਨ ਨੂੰ ਫਿਰਕਾਪ੍ਰਸਤੀ ਦਾ ਸ਼ਿਕਾਰ ਹੋਣਾ ਪਿਆ ਸੀ ਅੱਜ ਹਿੰਦੂ ਸਿੱਖਾਂ ਵਿਚਾਲੇ ਫ਼ਿਰਕੂ ਪ੍ਰਚਾਰ ਕੀਤਾ ਜਾ ਰਿਹਾ ਹੈ। ਜੋਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਾਨੀਕਾਰਕ ਹੈ।ਇਸ ਮੌਕੇ ਲੇਖਕ ਰਣਜੀਤ ਸਿੰਘ ਗਿੱਲ ਜੱਗਾ ਸੁਧਾਰ (ਅਮਰੀਕਾ), ਪ੍ਰਿੰਸੀਪਲ ਸੁਖਵੀਰ ਸਿੰਘ ਜਵੰਦਾ, ਨਿਰਮਲਾ ਗਰਗ ਪਟਿਆਲਾ, ਰਾਜਬੀਰ ਕੌਰ ਗਰੇਵਾਲ,  ਗੁਰਤੇਜ ਪਾਰਸਾ ਵੱਲੋਂ ਆਪਣੀ ਰਚਨਾ ਪੇਸ਼ ਕਰਨ ਦੇ ਨਾਲ ਹੀ ਵਿਦਿਆਰਥੀਆਂ ਵਿੱਚੋਂ ਇਵਨੀਤ ਕੌਰ, ਰਮਨਜੋਤ ਤੇ ਹਰਵਿੰਦਰ ਕੌਰ, ਮਨਜੋਤ ਕੌਰ, ਅਰਮਾਨ ਸਿੰਘ ਆਦਿ ਵੱਲੋਂ ਗੀਤ ਗਾਏ ਗਏ।
ਪ੍ਰੈੱਸ ਕਲੱਬ ਰਾਏਕੋਟ ਦੀ ਸਮੁੱਚੀ ਟੀਮ ਨੇ ਵੀ ਹਾਜ਼ਰੀ ਭਰੀ।ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਇੰਡੀਆ ਅਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਰਜਿ ਪੰਜਾਬ ਦੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਸਮਾਗਮ ਵਿੱਚ ਸ਼ਾਮਲ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਅਤੇ ਧੰਨਵਾਦੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਮਿਲ ਕੇ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਆਪਣੇ ਦੇਸ਼ ਦੇ ਕੌਮੀ ਨਾਇਕਾਂ ਦੀ ਵਿਚਾਰਧਾਰਾ ਨਾਲ ਜੋੜਿਆ ਜਾ ਸਕੇ। ਅੱਜ ਸਾਡੀ ਨੌਜਵਾਨ ਵਿਚਾਰਧਾਰਾ ਪੱਖੋਂ ਦਿਸ਼ਾ ਹੀਣ ਹੋ ਕੇ ਬਾਹਰਲੇ ਦੇਸ਼ਾਂ ਵੱਲ ਭੱਜ ਰਹੀ ਹੈ ਜਿਸ ਦੇ ਸਿੱਟੇ ਆਉਣ ਵਾਲੇ ਭਵਿੱਖ ਵਿੱਚ ਖ਼ਤਰਨਾਕ ਸਾਬਤ ਹੋਣਗੇ।ਇਸ ਮੌਕੇ ਬੱਚਿਆਂ ਨੂੰ ਬਾਲ ਸਾਹਿਤ ਦੀਆਂ ਕਿਤਾਬਾਂ ਵੀ ਵੰਡੀਆਂ ਗਈਆਂ। ਪ੍ਰੋਗਰਾਮ ਦੀ ਤਿਆਰੀ ਹੁਨਰ-ਏ-ਕਾਇਨਾਤ ਦੀ ਸਮੁੱਚੀ ਟੀਮ ਸਰਪ੍ਰਸਤ ਬੂਟਾ ਸਿੰਘ, ਜਨਰਲ ਸਕੱਤਰ ਸ ਜਗਮੇਲ ਸਿੰਘ, ਖ਼ਜ਼ਾਨਚੀ ਸ੍ਰੀਮਤੀ ਰਜਨੀ ਦੇਵੀ, ਮੀਤ ਜਨਰਲ ਸਕੱਤਰ ਸ ਦਲਵਿੰਦਰ ਸਿੰਘ ਰਛੀਨ,  ਮੈਂਬਰ ਬਲਜੀਤ ਕੌਰ, ਪਰਮਜੀਤ ਲੋਂਗੋਵਾਲ, ਆਕਾਸ਼ਦੀਪ ਸਿੰਘ ਵੱਲੋਂ ਕੀਤੀ ਗਈ। ਸਟੇਜੀ ਕਰਵਾਈ ਲੇਖਕ ਬਲਿਹਾਰ ਸਿੰਘ ਗੋਬਿੰਦਗੜੀਆ, ਬਲਵੀਰ ਕੌਰ ਸਿਵੀਆਂ ਅਤੇ ਨੀਰੂ ਨਾਗਪਾਲ ਜਲੰਧਰ ਵੱਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਹਾਜ਼ਰ ਮਹਿਮਾਨ ਸ਼ਖ਼ਸੀਅਤਾਂ ਵਿੱਚ ਸ ਬਲਬੀਰ ਸਿੰਘ ਬੱਲੀ ਸਕੱਤਰ ਕੇਂਦਰੀ ਲਿਖਾਰੀ ਸਭਾ (ਸੇਖੋਂ)ਸ ਜਗਦੇਵ ਸਿੰਘ ਕਲਸੀ, ਸ ਅਵਤਾਰ ਸਿੰਘ ਜਲਾਲਦੀਵਾਲ, ਹਰਮੇਸ਼ ਸਿੰਘ ਜੌਹਲਾਂ, ਸਤਿੰਦਰ ਸ਼ਰਮਾ, ਸ ਸੋਹਣ ਸਿੰਘ ਗੈਦੂ(ਹੈਦਰਾਬਾਦ)ਬਬਲੀ ਮੋਗਾ, ਏਲੀਨਾ ਧੀਮਾਨ ਮੋਗਾ ਅਤੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਦੇ ਪਰਿਵਾਰਕ ਮੈਂਬਰਾਂ ਨੇ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਸ਼ੋਭਾ ਵਧਾਈ। ਪ੍ਰਧਾਨ ਬਲਬੀਰ ਕੌਰ ਰਾਏਕੋਟੀ ਵੱਲੋਂ ਸਾਹਿਤ ਸਭਾ ਰਾਏਕੋਟ ਦੀ ਸਮੁੱਚੀ ਟੀਮ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮੀਤ ਪ੍ਰਧਾਨ ਕੰਵਲਜੀਤ ਸਿੰਘ ਲੱਕੀ ਲੁਧਿਆਣਾ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *