ਵੈਟਨਰੀ ਯੂਨੀਵਰਸਿਟੀ ਨੇ ‘ਵਨ ਹੈਲਥ’ ਨੂੰ ਉਤਸਾਹਿਤ ਕਰਨ ਲਈ ਕੀਤਾ ਇਕਰਾਰਨਾਮਾ

Ludhiana Punjabi

DMT : ਲੁਧਿਆਣਾ : (18 ਮਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ‘ਵਨ ਹੈਲਥ’ ਖੇਤਰ ਵਿਚ ਸਹਿਯੋਗ ਨੂੰ ਉਤਸਾਹਿਤ ਕਰਨ ਅਤੇ ਖੋਜ ਅਤੇ ਸਿਖਲਾਈ ਵਿਚ ਤੇਜ਼ੀ ਲਿਆਉਣ ਲਈ ਅਮਰੀਕਾ ਦੇ ਉਤਰੀ ਕੈਰੋਲੀਨਾ ਵਿਖੇ ਸਥਾਪਿਤ ‘ਏਪੀਪੁਆਇੰਟ’ ਨਾਲ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ। ਇਸ ਨਿਜੀ-ਜਨਤਕ ਭਾਈਵਾਲੀ ਰਾਹੀਂ ਬਹੁ-ਖੇਤਰੀ ਨੁਕਤਿਆਂ ’ਤੇ ਕੰਮ ਕੀਤਾ ਜਾਵੇਗਾ ਅਤੇ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਰੁਝਾਨਾਂ ਲਈ ਖੋਜ ਕੀਤੀ ਜਾਵੇਗੀ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਇਸ ਖੇਤਰ ਵਿਚ ਖੋਜ ਵਧਾਉਣ ਲਈ ਇਸ ਸੰਸਥਾ ਨਾਲ ਸਹਿਯੋਗ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਖਲਾਈ ਅਤੇ ਖੋਜ ਦੇ ਖੇਤਰ ਵਿਚ ਯੂਨੀਵਰਸਿਟੀ ਦਾ ਇਕ ਲੰਮਾ ਤਜਰਬਾ ਹੈ। ਇਸ ਇਕਰਾਰਨਾਮੇ ਨਾਲ ਅਸੀਂ ਵਿਸ਼ਵ ਪੱਧਰ ’ਤੇ ਮਜ਼ਬੂਤ ਹੋਵਾਂਗੇ ਅਤੇ ਉਭਰ ਰਹੀਆਂ ਲਾਗ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਨਵੀਨਤਮ ਹੱਲ ਲੱਭਣ ਦੇ ਉਪਰਾਲੇ ਕਰਾਂਗੇ।

          ਇਸ ਇਕਰਾਰਨਾਮੇ ’ਤੇ ਦਸਤਖ਼ਤ ਕਰਨ ਲਈ ‘ਏਪੀਪੁਆਇੰਟ’ ਸੰਸਥਾ ਦੇ ਡਾ. ਫਾਲਗੂਨੀ ਪਾਰੇਖ ਵਿਸ਼ੇਸ਼ ਤੌਰ ’ਤੇ ਅਮਰੀਕਾ ਤੋਂ ਇਥੇ ਆਏ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨਵੀਆਂਂ ਖੋਜਾਂ ਅਤੇ ਪਹੁੰਚ ਵਿਧੀਆਂ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਜਨਤਕ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ। ਸਾਂਝੇ ਸਹਿਯੋਗ ਨਾਲ ਅਸੀਂ ਲਾਗ ਵਾਲੀਆਂ ਬਿਮਾਰੀਆਂ ਅਤੇ ਮਹਾਂਮਾਰੀ ਵਿਗਿਆਨ ਸੰਬੰਧੀ ਕੰਮ ਕਰਾਂਗੇ।

          ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਇਸ ਇਕਰਾਰਨਾਮੇ ਤਹਿਤ ਵੈਟਨਰੀ ਯੂਨੀਵਰਸਿਟੀ ਤੋਂ ਮੁੱਖ ਨਿਰੀਖਣਕਾਰ ਦੇ ਤੌਰ ’ਤੇ ਕਾਰਜ ਕਰਨਗੇ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਯੂਨੀਵਰਸਿਟੀ ਪੰਜਾਬ ਦੇ ਪਸ਼ੂਧਨ ਅਤੇ ਕਿਸਾਨਾਂ ਦੀ ਸਿਹਤ ਨੂੰ ਬਿਹਤਰ ਬਨਾਉਣ ਲਈ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਾਰਜ ਕਰ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਸਹਿਮਤੀ ਪੱਤਰ ਨਾਲ ਦੂਸਰੇ ਰਾਜਾਂ ਨੂੰ ਵੀ ਇਸ ਤਰੀਕੇ ਦਾ ਨਮੂਨਾ ਅਪਨਾਉਣ ਵਿਚ ਹੱਲਾਸ਼ੇਰੀ ਮਿਲੇਗੀ।

          ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਕਿਹਾ ਕਿ ਇਸ ਦੁਵੱਲੇ ਸਹਿਯੋਗ ਨਾਲ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਸਥਿਤੀ ਦਾ ਪਤਾ ਲਗਾਉਣ ਅਤੇ ਇਸ ਦੇ ਬਚਾਅ ਸੰਬੰਧੀ ਨੀਤੀ ਅਤੇ ਅੰਕੜਾ ਇਕੱਠਾ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਡਾ. ਅਮਰਜੀਤ ਸਿੰਘ, ਕੰਪਟਰੋਲਰ ਅਤੇ ਡਾ. ਰਾਮ ਸਰਨ ਸੇਠੀ ਵਧੀਕ ਨਿਰਦੇਸ਼ਕ ਖੋਜ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *