ਵੈਟਨਰੀ ਯੂਨੀਵਰਸਿਟੀ ਵੱਲੋਂ ਜੀ-20 ਪ੍ਰੋਗਰਾਮ ਅਧੀਨ ਆਈਡੀਆਥਨ-2023 (IDEATHON-2023) ਦਾ ਆਯੋਜਨ

Ludhiana Punjabi

DMT : ਲੁਧਿਆਣਾ : (19 ਜੁਲਾਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਵੱਲੋਂ ‘ਆਈਡੀਆਥਨ-2023’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਜੀ-20 ਪ੍ਰੋਗਰਾਮਾਂ ਦਾ ਇੱਕ ਹਿੱਸਾ ਸੀ। ਇਸ ਦਾ ਵਿਸ਼ਾ ਸੀ ‘ਸੁਚੱਜੇ ਪਸ਼ੂਧਨ ਕਿੱਤਿਆਂ ਲਈ ਬਾਇਓਤਕਨਾਲੋਜੀ ਦਾ ਯੋਗਦਾਨ’। ਪ੍ਰੋਗਰਾਮ ਨੂੰ ਇੰਡੀਅਨ ਸੋਸਾਇਟੀ ਫਾਰ ਵੈਟਨਰੀ ਇਮਯੂਨੋਲੋਜੀ ਐਂਡ ਬਾਇਓਤਕਨਾਲੋਜੀ ਅਤੇ ਸਟਾਰਟ-ਅੱਪ ਪੰਜਾਬ, ਪੰਜਾਬ ਸਰਕਾਰ ਵੱਲੋਂ ਸਹਿਯੋਗ ਦਿੱਤਾ ਗਿਆ ਸੀ।

ਆਯੋਜਨ ਦੇ ਪ੍ਰਧਾਨ ਅਤੇ ਕਾਲਜ ਦੇ ਡੀਨ ਡਾ. ਯਸ਼ਪਾਲ ਸਿੰਘ ਮਲਿਕ ਨੇ ਦੱਸਿਆ ਕਿ ਆਈਡੀਆਥਨ-2023 ਵਿੱਚ ਤਿੰਨ ਵਿਸ਼ੇ ਸਨ ‘ਪਸ਼ੂ ਸਿਹਤ ਵਿਚ ਬਾਇਓਤਕਨਾਲੋਜੀ’, ‘ਪਸ਼ੂ ਉਤਪਾਦਨ ਵਿਚ ਬਾਇਓਤਕਨਾਲੋਜੀ’, ‘ਵੇਸਟ ਟੂ ਵੈਲਥ: ਬਾਇਓਤਕਨਾਲੋਜੀ ਰਾਹੀਂ ਨਵੇਂ ਉਪਰਾਲੇ’। ਉਨ੍ਹਾਂ ਨੇ ਕਿਹਾ ਕਿ ਆਈਡੀਆਥਨ ਨੌਜਵਾਨਾਂ ਨੂੰ ਬਾਇਓਤਕਨਾਲੋਜੀ ਖੋਜ ਦੇ ਖੇਤਰ ਵਿੱਚ ਧਿਆਨ ਕੇਂਦਰਿਤ ਕਰਨ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕਰੇਗਾ। ਦੇਸ਼ ਭਰ ਵਿੱਚੋਂ ਮਿਲੇ ਭਰਵੇਂ ਹੁੰਗਾਰੇ ਨਾਲ ਦੋ ਸੈਸ਼ਨਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਮੁਕਾਬਲਾ ਕਰਵਾਇਆ ਗਿਆ। ਦੇਸ਼ ਦੇ ਅੱਠ ਰਾਜਾਂ ਦੇ 14 ਵੱਖ-ਵੱਖ ਰਾਸ਼ਟਰੀ ਅਤੇ ਸੂਬਾ ਪੱਧਰੀ ਸਰਕਾਰੀ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਆਯੋਜਨ ਲਈ ਨਾਂ ਦਰਜ ਕਰਵਾਏ ਸਨ। ਵਿਦਿਆਰਥੀਆਂ ਨੇ ਸਮਾਗਮ ਦੇ ਤਿੰਨ ਵੱਖ-ਵੱਖ ਉਪ-ਵਿਸ਼ਿਆਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਹਰੇਕ ਉਪ-ਵਿਸ਼ੇ ਤੋਂ ਤਿੰਨ ਬਿਹਤਰੀਨ ਵਿਚਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਡਾ.ਆਰ.ਕੇ. ਸਿੰਘ, ਪ੍ਰਧਾਨ, ਇੰਡੀਅਨ ਸੋਸਾਇਟੀ ਫਾਰ ਵੈਟਨਰੀ ਇਮਯੂਨੋਲੋਜੀ ਐਂਡ ਬਾਇਓਤਕਨਾਲੋਜੀ ਅਤੇ ਸਟਾਰਟ-ਅੱਪ ਪੰਜਾਬ ਤੋਂ ਸ਼੍ਰੀ ਦੀਪਇੰਦਰ ਢਿੱਲੋਂ ਵਰਗੀਆਂ ਨਾਮਵਰ ਸ਼ਖਸੀਅਤਾਂ ਦੀ ਮੌਜੂਦਗੀ ਨੇ ਇਸ ਸਮਾਗਮ ਨੂੰ ਹੋਰ  ਯਾਦਗਾਰੀ ਬਣਾ ਦਿੱਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਸਮਾਗਮ ਦੇ ਮੁੱਖ ਮਹਿਮਾਨ  ਨੇ ਕਾਲਜ ਆਫ਼ ਐਨੀਮਲ ਬਾਇਓਤਕਨਾਲੋਜੀ ਦੀ ਪ੍ਰਬੰਧਕੀ ਟੀਮ ਨੂੰ ਆਈਡੀਆਥਨ-2023 ਦੇ ਸਫਲਤਾਪੂਰਵਕ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਪ੍ਰਤਿਭਾਵਾਂ ਨੂੰ ਸਟਾਰਟ-ਅੱਪਸ ਅਤੇ ਉੱਦਮਸ਼ੀਲਤਾ ਲਈ ਪ੍ਰੇਰਿਤ ਕਰਨਗੇ। ਇਹ ਵਿਭਿੰਨ ਪਿਛੋਕੜ ਵਾਲੇ ਰੋਸ਼ਨ ਦਿਮਾਗ ਨੌਜਵਾਨਾਂ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਉਹਨਾਂ ਦੀ ਸਿਰਜਣਾਤਮਕ ਸਮਰੱਥਾ ਨੂੰ ਉਜਾਗਰ ਕਰਨ ਲਈ ਇੱਕ ਵਿਲੱਖਣ ਮੰਚ ਵਜੋਂ ਕੰਮ ਕਰੇਗਾ। ਆਈਡੀਆਥਨ ਵਿੱਚ ਪੇਸ਼ ਹੋਏ ਵਿਚਾਰ ਪਸ਼ੂ ਪਾਲਣ ਅਤੇ ਸਬੰਧਿਤ ਉਦਯੋਗ ਲਈ ਜ਼ਮੀਨੀ ਖੋਜ, ਤਕਨੀਕੀ ਤਰੱਕੀ, ਅਤੇ ਉੱਦਮਸ਼ੀਲਤਾ ਨੂੰ ਪ੍ਰੇਰਿਤ ਕਰਨਗੇ। ਡਾ.ਬੀ.ਵੀ.ਸੁਨੀਲ ਕੁਮਾਰ, ਪ੍ਰਬੰਧਕੀ ਸਕੱਤਰ ਨੇ ਸਮਾਗਮ ਦੇ ਸਮਾਪਤੀ ਸ਼ਬਦ ਸਾਂਝੇ ਕੀਤੇ। ਆਈਡੀਆਥਨ ਦੇ ਕਨਵੀਨਰ ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਨੇ ਸਮਾਗਮ ਦੇ ਸਮਾਪਤੀ ਸੈਸ਼ਨ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।

Leave a Reply

Your email address will not be published. Required fields are marked *