ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਦਾ ਦੌਰਾ

Ludhiana Punjabi

DMT : ਲੁਧਿਆਣਾ : (30 ਮਈ 2023) : – ਸ. ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਅਤੇ ਯੂਨੀਵਰਸਿਟੀ ਦੇ ਡੀਨ ਅਤੇ ਨਿਰਦੇਸ਼ਕਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਦੇ ਕੁੱਲ ਘਰੇਲੂ ਉਤਪਾਦ ਵਿਚ ਪਸ਼ੂ ਪਾਲਣ ਕਿੱਤਿਆਂ ਦਾ 38 ਪ੍ਰਤੀਸ਼ਤ ਯੋਗਦਾਨ ਹੈ ਜਦਕਿ ਖੇਤੀਬਾੜੀ ਖੇਤਰ ਦੇ ਬਜਟ ਵਿਚ ਪਸ਼ੂ ਪਾਲਣ ਖੇਤਰ ਦੇ ਬਜਟ ਦਾ ਹਿੱਸਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਨੂੰ ਵਧਾਉਣਾ ਲੋੜੀਂਦਾ ਹੈ ਇਸ ਨਾਲ ਪਸ਼ੂ ਪਾਲਣ ਖੇਤਰ ਦਾ ਸਮੱਗਰ ਵਿਕਾਸ ਹੋ ਸਕੇਗਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਯੂਨੀਵਰਸਿਟੀ ਮੁਲਕ ਦੀ ਪਹਿਲੇ ਨੰਬਰ ਦੀ ਵੈਟਨਰੀ ਯੂਨੀਵਰਸਿਟੀ ਹੈ ਇਸ ਲਈ ਯੂਨੀਵਰਸਿਟੀ ਨੂੰ ਵਿਤੀ ਤੌਰ ’ਤੇ ਵਧੇਰੇ ਗਰਾਂਟ ਮਿਲਣੀ ਚਾਹੀਦੀ ਹੈ।

          ਸ. ਸੰਧਵਾਂ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਪੰਜਾਬ ਦੇ ਪਸ਼ੂ ਪਾਲਣ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਯੂਨੀਵਰਸਿਟੀ ਦੀਆਂ ਵਿਤੀ ਮੰਗਾਂ ਨੂੰ ਵਿੱਤ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਉਣਗੇ ਅਤੇ ਇਨ੍ਹਾਂ ਦਾ ਹੱਲ ਕਰਵਾਉਣਗੇ।

          ਮੀਟਿੰਗ ਵਿਚ ਬੇਸਹਾਰਾ ਪਸ਼ੂਆਂ ਕਾਰਣ ਸੜਕਾਂ ’ਤੇ ਹੁੰਦੀਆਂ ਦੁਰਘਟਨਾਵਾਂ, ਖੇਤਾਂ ਵਿਚ ਹੁੰਦੇ ਨੁਕਸਾਨ ਅਤੇ ਇਨ੍ਹਾਂ ਪਸ਼ੂਆਂ ਦੇ ਦੁਖਦਾਈ ਜੀਵਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸ. ਸੰਧਵਾਂ ਨੇ ਕਿਹਾ ਕਿ ਇਹ ਇਕ ਬਹੁਤ ਗੰਭੀਰ ਮਸਲਾ ਹੈ ਅਤੇ ਇਸ ਦਾ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਸਾਰੀਆਂ ਭਾਈਵਾਲ ਧਿਰਾਂ ਨਾਲ ਇਕ ਮੀਟਿੰਗ ਕਰਨਗੇੇ ਜਿਸ ਵਿਚ ਸਾਰਿਆਂ ਦੇ ਵਿਚਾਰ ਜਾਣ ਕੇ ਇਕ ਆਮ ਰਾਏ ’ਤੇ ਪਹੁੰਚਣ ਦਾ ਯਤਨ ਕੀਤਾ ਜਾਏਗਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਮਸਲੇ ਦੇ ਨਿਪਟਾਰੇ ਲਈ ਯੂਨੀਵਰਸਿਟੀ ਦੇ ਮਾਹਿਰ ਪੂਰਨ ਮਾਰਗ ਦਰਸ਼ਨ ਦੇਣ ਦੇ ਸਮਰੱਥ ਹਨ।

          ਸ. ਸੰਧਵਾਂ ਨੇ ਡਾ. ਇੰਦਰਜੀਤ ਸਿੰਘ ਅਤੇ ਅਧਿਕਾਰੀਆਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਵਿਧਾਨ ਸਭਾ ਦੇ ਦੇ ਆਉਂਦੇ ਸੈਸ਼ਨ ਦੌਰਾਨ ਯੂਨੀਵਰਸਿਟੀ ਦਾ ਵਫ਼ਦ ਲੈ ਕੇ ਵਿਧਾਨ ਸਭਾ ਦਾ ਦੌਰਾ ਵੀ ਕਰਨ।

Leave a Reply

Your email address will not be published. Required fields are marked *