ਸ਼ਹੀਦ ਹੌਲਦਾਰ ਮਨਦੀਪ ਸਿੰਘ ਦੀ ਪਿੰਡ ਚਣਕੋਈਆਂ ਕਲਾਂ (ਪਾਇਲ) ਵਿਖੇ ਹੋਈ ਅੰਤਿਮ ਅਰਦਾਸ

Ludhiana Punjabi

DMT : ਲੁਧਿਆਣਾ : (30 ਅਪ੍ਰੈਲ 2023) : – ਪੰਜਾਬ ਸਰਕਾਰ ਦੀ ਤਰਫੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ  ਜਸਲੀਨ ਕੌਰ ਭੁੱਲਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਐਸ.ਐਸ.ਪੀ ਅਮਨੀਤ ਕੋਂਡਲ ਨੇ ਸ਼ਹੀਦ ਹੌਲਦਾਰ ਮਨਦੀਪ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਂਟ
ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਤ ਨਹੀਂ ਹੁੰਦੇ ਸਗੋਂ ਉਹ ਪੂਰੀ ਕੌਮ ਦਾ ਮਾਣ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ : ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ

ਪਾਇਲ/ਲੁਧਿਆਣਾ, 30 ਅਪ੍ਰੈਲ (000)- ਭਾਰਤੀ ਫੌਜ ਦੀ 49 ਆਰ.ਆਰ (ਸਿਖਲਾਈ) ਬਟਾਲੀਅਨ ਦੇ ਹੌਲਦਾਰ ਮਨਦੀਪ ਸਿੰਘ ਜਿਨ੍ਹਾਂ ਦੀ 20 ਅਪ੍ਰੈਲ ਨੂੰ ਜੰਮੂ-ਕਸ਼ਮੀਰ ਪੰੁਛ ਨੈਸ਼ਨਲ ਹਾਈਵੇ ਤੇ ਤੋਤਾ ਗਲੀ ਵਿੱਚ ਅੱਤਵਾਦੀ ਹਮਲੇ ਦੌਰਾਨ ਸ਼ਹੀਦੀ ਹੋਈ ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ  ਅੰਤਿਮ ਅਰਦਾਸ ਪਿੰਡ ਚਣਕੋਈਆਂ ਕਲਾਂ (ਪਾਇਲ) ਜਿ਼ਲ੍ਹਾ ਲੁਧਿਆਣਾ ਵਿਖੇ ਹੋਈ। ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਜਸਲੀਨ ਕੌਰ ਭੁੱਲਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੀਨੀਅਰ ਪੁਲਿਸ ਕਪਤਾਨ ਖੰਨਾ ਅਮਨੀਤ ਕੋਂਡਲ ਨੇ ਸ਼ਹੀਦ ਹੌਲਦਾਰ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਐਮ.ਪੀ ਡਾ. ਅਮਰ ਸਿੰਘ,  ਭਾਰਤੀ ਫੌਜ ਦੇ 11 ਸਿਖਲਾਈ ਬਟਾਲੀਅਨ ਦੇ ਸੂਬੇਦਾਰ ਮੇਜਰ ਅਸ਼ੋਕ ਸਿੰਘ ਅਤੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਵੀ 26 ਅਪ੍ਰੈਲ ਨੂੰ ਸ਼ਹੀਦ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਸੀ ਅਤੇ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾਂ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਵੀ ਪਰਿਵਾਰ ਨੂੰ ਭੇਟ ਕੀਤਾ ਗਿਆ ਸੀ। ਉਹਨਾਂ ਕਿਹਾ ਸੀ ਕਿ ਸ਼ਹੀਦ ਜਵਾਨ ਨੇ ਦੇਸ਼ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਈ ਹੈ, ਹੁਣ ਪਰਿਵਾਰ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਸਰਕਾਰ ਨਿਭਾਏਗੀ। ਉਹਨਾਂ ਇਹ ਵੀ ਕਿਹਾ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਵੀ ਹੌਲਦਾਰ ਸ਼ਹੀਦ ਮਨਦੀਪ ਸਿੰਘ ਦੇ ਨਾਮ ਤੇ ਕਰ ਦਿੱਤਾ ਗਿਆ ਹੈ ਅਤੇ ਦੋਰਾਹੇ ਤੋਂ ਪਿੰਡ ਚਣਕੋਈਆਂ ਕਲਾਂ ਨੂੰ ਆਉਣ ਵਾਲੀ ਸੜਕ ਦਾ ਨਾਮ ਵੀ ਸ਼ਹੀਦ ਮਨਦੀਪ ਸਿੰਘ ਦੇ ਨਾਮ ਤੇ ਰੱਖਣ ਦੀ ਪ੍ਰਕਿਰਿਆ ਚੱਲ ਰਹੀਂ ਹੈ ਬੜੀ ਜਲਦੀ ਉਸ ਸੜਕ ਦਾ ਨਾਮ ਵੀ ਸ਼ਹੀਦ ਮਨਦੀਪ ਸਿੰਘ ਦੇ ਨਾਮ ਤੇ ਰੱਖ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਤ ਨਹੀਂ ਹੁੰਦੇ ਸਗੋਂ ਉਹ ਪੂਰੀ ਕੌਮ ਦਾ ਮਾਣ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ।

ਉਪ ਮੰਡਲ ਮੈਜਿਸਟਰੇਟ ਪਾਇਲ ਸ੍ਰੀਮਤੀ ਜਸਲੀਨ ਕੌਰ ਨੇ ਕਿਹਾ ਕਿ ਜਦੋਂ ਕੋਈ ਜਵਾਨ ਦੇਸ਼ ਲਈ ਸ਼ਹੀਦ ਹੁੰਦਾ ਹੈ ਤਾਂ ਉਹਨਾਂ ਦੀ ਸ਼ਹਾਦਤ ਤੇ ਸਾਰਿਆਂ ਨੂੰ ਬਹੁਤ ਮਾਣ ਹੁੰਦਾ ਹੈ ਅਤੇ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਕਿ ਸ਼ਹੀਦ ਜਵਾਨ ਮਨਦੀਪ ਸਿੰਘ ਨੇ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦੀ ਪਾਈ ਹੈ ਪਰ ਉਸ ਦੇ ਨਾਲ ਹੀ ਪਰਿਵਾਰ ਨੇ ਆਪਣਾ ਇੱਕ ਜੀਅ ਵੀ ਖੋਇਆ ਹੈ। ਉਸ ਲਈ ਸਾਨੂੰ ਅਫਸੋਸ ਹੈ। ਉਹਨਾਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਪਰਿਵਾਰ ਨੂੰ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਹੋਵੇਗੀ ਤਾਂ ਬਿਨ੍ਹਾਂ ਝਿਜਕ ਪ੍ਰਸ਼ਾਸ਼ਨ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਹਮੇਸ਼ਾਂ ਉਹਨਾਂ ਨਾਲ ਖੜ੍ਹਾ ਹੈ।

ਇੱਥੇ ਦੱਸਣਯੋਗ ਹੋਵੇਗਾ ਕਿ ਭਾਰਤੀ ਫੌਜ ਦੇ ਜਵਾਨ ਹੌਲਦਾਰ ਮਨਦੀਪ ਸਿੰਘ 20 ਅਪ੍ਰੈਲ ਨੂੰ  ਜੰਮੂ-ਕਸ਼ਮੀਰ ਪੰੁਛ ਨੈਸ਼ਨਲ ਹਾਈਵੇ ਤੇ ਤੋਤਾ ਗਲੀ ਵਿੱਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸਨ। ਸ਼ਹੀਦ ਹੌਲਦਾਰ ਮਨਦੀਪ ਸਿੰਘ ਆਪਣੇ ਪਿੱਛੇ ਮਾਤਾ ਸ੍ਰੀਮਤੀ ਬਲਵਿੰਦਰ ਕੌਰ (60 ਸਾਲ), ਪਤਨੀ ਜਗਦੀਪ ਕੌਰ (36 ਸਾਲ), ਪੁੱਤਰ ਕਰਨਦੀਪ ਸਿੰਘ (8 ਸਾਲ) ਅਤੇ ਪੁੱਤਰੀ ਖੁਸ਼ਦੀਪ ਕੌਰ (11 ਸਾਲ) ਛੱਡ ਗਏ ਹਨ। ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਵੱਖ-ਵੱਖ ਕੀਰਤਨੀ ਜੱਥਿਆਂ ਵੱਲੋਂ ਵੈਰਾਗਮਈ ਕੀਰਤਨ ਵੀ ਕੀਤਾ ਗਿਆ।

ਸ਼ਹੀਦ ਹੌਲਦਾਰ ਮਨਦੀਪ ਸਿੰਘ ਦੀ ਮਾਤਾ ਸ੍ਰੀਮਤੀ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ, ਭੈਣ ਗਗਨਦੀਪ ਕੌਰ, ਦੋਵੇਂ ਭਰਾ ਸ੍ਰੀ ਜਗਪਾਲ ਸਿੰਘ ਅਤੇ ਜਗਜੀਤ ਸਿੰਘ ਅਤੇ ਚਾਚੇ ਸੂਬੇਦਾਰ ਜਸਵੀਰ ਸਿੰਘ, ਸ੍ਰੀ ਬੂਟਾ ਸਿੰਘ ਅਤੇ ਮੋਹਣ ਸਿੰਘ ਨੇ ਕਿਹਾ ਕਿ ਸਾਨੂੰ ਮਨਦੀਪ ਸਿੰਘ ਦੀ ਸ਼ਹੀਦੀ ਤੇ ਮਾਣ ਹੈ ਕਿਉਂਕਿ ਉਸ ਨੇ ਦੇਸ਼ ਲਈ ਕੁਰਬਾਨੀ ਕੀਤੀ ਹੈ।

ਇਸ ਮੌਕੇ ਸੰਪਰਦਾ ਰਾੜਾ ਸਾਹਿਬ ਦੇ ਮੁੱਖੀ ਸੰਤ ਬਲਜਿੰਦਰ ਸਿੰਘ, ਐਸ.ਪੀ ਪ੍ਰਿਗਿਆ ਜੈਨ, ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਡੀ.ਐਸ.ਪੀ ਹਰਸਿਮਰਤ ਸਿੰਘ ਛੇਤਰਾ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ, ਇਲਾਕਾ ਨਿਵਾਸੀ ਅਤੇ ਸਾਕ ਸਬੰਧੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *