ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਸਿਵਲ ਕੰਮ ਜੁਲਾਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ – ਹਰਭਜਨ ਸਿੰਘ ਈ.ਟੀ.ਓ

Ludhiana Punjabi
  • ਉਸਾਰੀ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੀਤਾ ਦੌਰਾ, ਅਧਿਕਾਰੀਆਂ ਨੂੰ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਜਲਦ ਮੁਕੰਮਲ ਕਰਦਨ ਦੇ ਨਿਰਦੇਸ਼
  • ਆਮ ਆਦਮੀ ਪਾਰਟੀ ਦੀ ਸਰਕਾਰ ਅਹਿਮ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਵਚਨਬੱਧ – ਕੈਬਨਿਟ ਮੰਤਰੀ

DMT : ਲੁਧਿਆਣਾ : (16 ਅਪ੍ਰੈਲ 2023) : – ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਜੁਲਾਈ 2023 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਨਿਰਮਾਣ ਕਾਰਜਾਂ ਦੇ ਟੈਂਡਰ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵੱਲੋਂ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ। .

ਇਸ ਦਾ ਗੱਲ ਦਾ ਪ੍ਰਗਟਾਵਾ ਉਨ੍ਹਾਂ ਹਲਵਾਰਾ ਵਿਖੇ ਉਸਾਰੀ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਚੱਲ ਰਹੇ ਨਿਰਮਾਣ ਕਾਰਜ਼ਾਂ ਦਾ ਨਿਰੀਖਣ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 46.91 ਕਰੋੜ ਰੁਪਏ ਦੀ ਲਾਗਤ ਵਾਲੇ  ਸਿਵਲ ਕਾਰਜ਼ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਕੰਮਾਂ ਵਿੱਚ ਅੰਦਰੂਨੀ ਸੜਕਾਂ ਦਾ ਨਿਰਮਾਣ, ਟੈਕਸੀ ਵੇਅ, ਏਪਰਨ, ਅਸਟੇਟ ਪਬਲਿਕ ਹੈਲਥ ਸਰਵਿਸਿਜ਼, ਕੈਂਪਸ ਲਾਈਟਿੰਗ ਅੰਤਰਿਮ ਏਅਰਪੋਰਟ, ਟਰਮੀਨਲ ਬਿਲਡਿੰਗ, ਸਬ ਸਟੇਸ਼ਨ, ਟਾਇਲਟ ਬਲਾਕ, ਪਾਰਕਿੰਗ ਆਦਿ ਸ਼ਾਮਲ ਹਨ।

ਹਲਵਾਰਾ ਹਵਾਈ ਅੱਡੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਮੁੱਖ ਪ੍ਰਾਜੈਕਟ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਏਅਰਪੋਰਟ ਤੋਂ ਜਲਦ ਤੋਂ ਜਲਦ ਉਡਾਣਾਂ ਸ਼ੁਰੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ਖੇਤਰ ਦੇ ਸਰਵਪੱਖੀ ਵਿਕਾਸ ਦਾ ਰਾਹ ਪੱਧਰਾ ਹੋਵੇਗਾ। ਇਸ ਤੋਂ ਇਲਾਵਾ ਲੁਧਿਆਣਾ ਅਤੇ ਹੋਰ ਆਸ ਪਾਸ ਦੇ ਜ਼ਿਲ੍ਹਿਆਂ ਦੇ ਉਦਯੋਗ ਲਈ ਵੀ ਬੇਹੱਦ ਲਾਹੇਵੰਦ ਸਿੱਧ ਹੋਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਹਵਾਈ ਅੱਡੇ ਤੇ ਵੱਡੇ ਹਵਾਈ ਜਹਾਜ਼ ਆਸਾਨੀ ਨਾਲ ਲੈਂਡ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪ੍ਰਾਜੈਕਟ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹਨ, ਉਨ੍ਹਾਂ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਮੁੱਖ ਮੰਤਰੀ ਵਲੋਂ ਖੁਦ ਸਿਵਲ ਏਅਰ ਟਰਮੀਨਲ ਹਲਵਾਰਾ ਵਿਖੇ ਚੱਲ ਰਹੇ ਕੰਮ ਦਾ ਨਿਰੀਖਣ ਵੀ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ ਤਾਂ ਜੋ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਅੱਗੇ ਦੱਸਿਆ ਗਿਆ ਕਿ ਪੰਜਾਬ ਵਿਧਾਨ ਸਭਾ ਨੇ ਹਾਲ ਹੀ ਵਿੱਚ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਸੰਭਾਵਿਤ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ‘ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ’ ਰੱਖਣ ਲਈ ਕੇਂਦਰ ਨੂੰ ਬੇਨਤੀ ਕਰਨ ਲਈ ਇੱਕ ਮਤਾ ਪਾਸ ਕੀਤਾ ਹੈ।

ਇਸ ਮੌਕੇ ਚੀਫ ਇੰਜਨੀਅਰ ਪੀ.ਡਬਲਯੂ.ਡੀ. ਪਰਮਜਯੋਤੀ ਅਰੋੜਾ, ਲੋਕ ਨਿਰਮਾਣ ਵਿਭਾਗ ਤੋਂ ਹਰਿੰਦਰ ਸਿੰਘ ਢਿੱਲੋਂ, ਐਕਸੀਅਨ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *