Royal Enfield : ਏਸ਼ੀਆ ਵਿੱਚ ਕਿਵੇਂ ਵੱਧ ਰਹੀ ਹੈ ਬੁਲੇਟ ਮੋਟਰਸਾਈਕਲਾਂ ਦੀ ਵਿਕਰੀ

New Delhi Punjabi

DMT : New Delhi : (26 ਅਕਤੂਬਰ 2020): – ਸਾਲ 1901 ਵਿੱਚ ਬਰਤਾਨੀਆ ਵਿੱਚ ਇਸ ਕੰਪਨੀ ਨੇ ਮੋਟਰ ਨਾਲ ਚੱਲਣ ਵਾਲਾ ਆਪਣਾ ਪਹਿਲਾ ਸਾਈਕਲ ਬਣਾਇਆ

ਦੁਨੀਆਂ ਦੇ ਸਭ ਤੋਂ ਵੱਡੇ ਮੋਟਰਸਾਈਕਲ ਬਾਜ਼ਾਰ ਏਸ਼ੀਆਂ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਮਕਸਦ ਨਾਲ ਰਾਇਲ ਐਨਫ਼ੀਲਡ ਕੰਪਨੀ ਬਹੁਤ ਤੇਜ਼ੀ ਨਾਲ ਆਪਣਾ ਵਿਸਥਾਰ ਕਰ ਰਹੀ ਹੈ।

ਰਾਇਲ ਐਨਫ਼ੀਲਡ ਦੁਨੀਆਂ ਦੇ ਸਭ ਤੋਂ ਪੁਰਾਣੇ ਮੋਟਰਸਾਈਕਲਾਂ ਦੇ ਬ੍ਰਾਂਡਾਂ ਵਿਚੋਂ ਇੱਕ ਹੈ ਜਿਸਨੂੰ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।

ਭਾਰਤ ਵਿੱਚ ਚੰਗੀ ਵਿਕਰੀ ਦਰਜ ਕਰਵਾਉਣ ਵਾਲੀ ਇਸ ਕੰਪਨੀ ਦੇ ਮਾਲਿਕਾਨਾ ਹੱਕ ਸਾਲ 1994 ਤੋਂ ਆਈਸ਼ਰ ਗਰੁੱਪ ਕੋਲ ਹਨ।

ਇਹ ਕੰਪਨੀ ਏਸ਼ੀਆ ਵਿੱਚ ਆਪਣੀ ਵਿਕਰੀ ਵਧਾਉਣਾ ਚਾਹੁੰਦੀ ਹੈ ਇਸੇ ਕਰਕੇ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਨੇ ਥਾਈਲੈਂਡ ਵਿੱਚ ਇੱਕ ਨਵੀਂ ਫ਼ੈਕਟਰੀ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਰਾਇਲ ਐਨਫ਼ੀਲਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੋਦ ਦਸਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤੀ ਗਾਹਕ ਇਸ ਮੋਟਰਸਾਈਕਲ ਦਾ ਸਟਾਈਲ ਅਤੇ ਵਿਰਾਸਤ ਨੂੰ ਪਸੰਦ ਕਰਦੇ ਹਨ।

ਉਨ੍ਹਾਂ ਕਿਹਾ, “ਅਸੀਂ ਬਿਹਤਰ ਮੋਟਰਸਾਈਕਲ ਬਣਾਉਂਦੇ ਹਾਂ ਜਿਨ੍ਹਾਂ ਦੀ ਕੀਮਤ ਵੀ ਬਹੁਤੀ ਨਹੀਂ ਹੁੰਦੀ, ਨਾਲ ਹੀ ਅਸੀਂ ਸਿਰਫ਼ ਭਾਰਤ ਲਈ ਨਹੀਂ, ਪੂਰੀ ਦੁਨੀਆਂ ਲਈ ਮੋਟਰਸਾਈਕਲਾਂ ਬਣਾਉਂਦੇ ਹਾਂ।”

ਉਮੀਦ ਕੀਤੀ ਜਾ ਸਕਦੀ ਹੈ ਕਿ ਥਾਈਲੈਂਡ ਵਿੱਚ ਸ਼ੁਰੂ ਹੋਣ ਵਾਲੀ ਕੰਪਨੀ ਦੀ ਫ਼ੈਕਟਰੀ ਵਿੱਚ 12 ਮਹੀਨਿਆਂ ਦੇ ਅੰਦਰ-ਅੰਦਰ ਕੰਮ ਸ਼ੁਰੂ ਹੋ ਜਾਵੇ। ਮੰਨਿਆ ਜਾ ਰਿਹਾ ਕਿ ਭਾਰਤ ਤੋਂ ਬਾਅਦ ਇਹ ਕੰਪਨੀ ਦੀ ਦੂਜੀ ਸਭ ਤੋਂ ਵੱਡੀ ਫ਼ੈਕਟਰੀ ਹੋਵੇਗੀ।

ਵੀਅਤਨਾਮ, ਮਲੇਸ਼ੀਆ ਅਤੇ ਚੀਨ ਵਰਗੇ ਦੱਖਣ ਪੂਰਵੀ ਏਸ਼ੀਆ ਦੇ ਦੇਸਾਂ ਵਿੱਚ ਮੋਟਰਸਾਈਕਲ ਬਰਾਮਦ ਕਰਨ ਲਈ ਕੰਪਨੀ ਇਸ ਫ਼ੈਕਟਰੀ ਨੂੰ ਐਕਪੋਰਟ ਹਬ (ਬਰਾਮਦ ਕੇਂਦਰ) ਬਣਾਉਣਾ ਚਾਹੁੰਦੀ ਹੈ।

ਇਸ ਲਈ ਵਿਨੋਦ ਦਸਾਰੀ ਦੀਆਂ ਵੱਡੀਆ ਯੋਜਨਾਵਾਂ ਹਨ। ਉਹ ਆਉਣ ਵਾਲੇ ਤਿੰਨ ਤੋਂ ਪੰਜ ਸਾਲਾਂ ਤੱਕ ਹਰ ਤਿਮਾਹੀ ਵਿੱਚ ਇੱਕ ਨਵਾਂ ਮੋਟਰਸਾਈਕਲ ਲਾਂਚ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ, “ਸਾਡੇ ਲਈ ਏਸ਼ੀਆ ਪ੍ਰਸ਼ਾਂਤ ਬੇਹੱਦ ਅਹਿਮ ਬਾਜ਼ਾਰ ਹੈ। ਸਾਡੇ ਉਪਭੋਗਤਾ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਸਾਡੇ ਤੋਂ ਕੁਝ ਬਿਹਤਰ ਦੀ ਉਮੀਦ ਹੈ।”ਅੱਗੇ ਵੱਧਣ ਦੀ ਲੜਾਈ

ਮੋਟਰਸਾਈਕਲ ਦੀ ਸਵਾਰੀ ਏਸ਼ੀਆ ਵਿੱਚ ਇੱਕ ਖ਼ਾਸ ਰਵਾਇਤ ਹੈ। ਮੋਟਰਸਾਈਕਲ ਦੀ ਵਿਕਰੀ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਸਤੋਂ ਬਾਅਦ ਇਸ ਲੜੀ ਵਿੱਚ ਥਾਈਲੈਂਡ, ਇੰਡੋਨੇਸ਼ੀਆ ਅਤੇ ਵੀਅਤਨਾਮ ਆਉਂਦੇ ਹਨ।

ਇੰਨਾਂ ਦੇਸਾਂ ਦੀਆਂ ਭੀੜ ਭੜਕੇ ਵਾਲੀਆਂ ਸੜਕਾਂ ‘ਤੇ ਖ਼ਾਸਕਰ ਵੱਡੇ ਸ਼ਹਿਰਾਂ ਵਿੱਚ ਟ੍ਰੈਫ਼ਿਕ ਜਾਮ ਤੋਂ ਬਚ ਕੇ ਸਫ਼ਰ ਪੂਰਾ ਕਰਨ ਲਈ ਮੋਟਰਸਾਈਕਲ ਇੱਕ ਸੌਖਾ ਤਰੀਕਾ ਹੈ।

ਮੋਟਰਸਾਈਕਲ ਵਿਕਰੀ ਦੇ ਬੀਤੇ ਸਾਲਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਰਾਇਲ ਐਨਫ਼ੀਲਡ ਦੀ ਵਿਕਰੀ ਪੂਰੇ ਇਲਾਕੇ ਵਿੱਚ 88 ਫ਼ੀਸਦ ਵਧੀ ਹੈ। ਇਹ ਕੰਪਨੀ ਸਿਰਫ਼ 250-750 ਸੀਸੀ ਕਲਾਸ ਦੇ ਮਿਡ-ਸੈਗਮੈਂਟ ਬਾਜ਼ਾਰ ਲਈ ਬਣਾਉਂਦੀ ਹੈ।

ਪਰ ਏਸ਼ੀਆ ਵਿੱਚ ਸਾਰੀਆਂ ਮੋਟਰਸਾਈਕਲ ਕੰਪਨੀਆ ਕਾਮਯਾਬ ਨਹੀਂ ਹਨ।

ਇੱਕ ਪਾਸੇ ਜਿੱਥੇ ਰਾਇਲ ਐਨਫ਼ੀਲਡ ਏਸ਼ੀਆ ਦੇ ਖੇਤਰਾਂ ਵਿੱਚ ਆਪਣੇ ਵਿਸਥਾਰ ਦੀ ਯੋਜਨਾ ਬਣਾ ਰਿਹਾ ਹੈ, ਉਥੇ ਦੂਜੇ ਪਾਸੇ ਹਾਰਲੇ ਡੇਵਿਡਸਨ ਕੰਪਨੀ ਨੇ ਏਸ਼ੀਆ ਵਿੱਚ ਆਪਣਾ ਕਾਰੋਬਾਰ ਸਮੇਟਨ ਦਾ ਐਲਾਨ ਕੀਤਾ ਹੈ।

ਫ੍ਰੌਸਟ ਐਂਡ ਸੁਲੀਵਨ ਵਿੱਚ ਟਰਾਂਸਪੋਰਟ ਮਾਹਰ ਵਿਵੇਕ ਵੈਦਿਆ ਦੱਸਦੇ ਹਨ, “ਹਾਰਲੇ ਡੇਵਿਡਸਨ ਦੀਆਂ ਮੋਟਰਸਾਈਕਲਾਂ ਨੂੰ ਭਾਰਤ ਵਿੱਚ ਲੋਕ ਮਹਿੰਗਾ ਮੰਨਦੇ ਹਨ। ਇੱਥੇ ਸੜਕਾਂ, ਸਪੀਡ ਅਤੇ ਟ੍ਰੈਫ਼ਿਕ ਨਾਲ ਸਬੰਧਿਤ ਸਰਕਾਰ ਦੇ ਨਿਯਮ, ਹਾਈ ਸਪੀਡ ‘ਤੇ ਮੋਟਰਸਾਈਕਲ ਚਲਾਉਣ ਦੇ ਅਨੁਕੂਲ ਨਹੀਂ ਹਨ।”

ਉਨ੍ਹਾਂ ਕਿਹਾ, “ਕੰਪਨੀ ਨੇ ਘੱਟ ਤਾਕਤ ਵਾਲੇ ਇੰਜਣ ਬਾਣਾਉਣੇ ਤਾਂ ਸ਼ੁਰੂ ਕੀਤੇ ਪਰ ਇਸ ਮਾਮਲੇ ਵਿੱਚ ਉਹ ਬਹੁਤੀ ਕਾਮਯਾਬ ਨਾ ਹੋ ਸਕੀ। ਇਸ ਸੈਗਮੈਂਟ ਵਿੱਚ ਰਾਇਲ ਐਨਫ਼ੀਲਡ ਨੂੰ ਚਣੌਤੀ ਦੇਣਾ ਬਿਲਕੁਲ ਵੀ ਸੌਖਾ ਨਹੀਂ ਸੀ।”

ਸਾਈਕਲ ਬਣਾਉਣ ਵਾਲੀ ਇਹ ਕੰਪਨੀ ਪਹਿਲਾਂ ਐਨਫ਼ੀਲਡ ਵਿੱਚ ਮੌਜੂਦ ਰਾਇਲ ਸਲਾਮ ਆਰਮਜ਼ ਲਈ ਪੁਰਜ਼ੇ ਬਣਾਉਂਦੀ ਸੀ।

ਮੋਟਰਸਾਈਕਲਾਂ ਦੇ ਮਾਹਰ ਮੰਨਦੇ ਹਨ ਕਿ ਹਾਰਲੇ ਡੇਵਿਡਸਨ ਦੇ ਉਲਟ ਏਸ਼ੀਆ ਵਿੱਚ ਮੋਟਰਸਾਈਕਲ ਖ਼ਰੀਦਦਾਰਾਂ ਲਈ ਰਾਇਲ ਐਨਫ਼ੀਲਡ ਦੇ ਉਤਪਾਦ ਵਧੀਆ ਹਨ।

ਮੋਟਰਸਾਈਕਲ ਸਲਾਹਕਾਰ ਸਕੌਟ ਲੁਕਾਇਟਸ ਕਹਿੰਦੇ ਹਨ, “ਵਰਤੋਂ ਵਿੱਚ ਸੌਖ, ਸਧਾਰਨ ਡਿਜ਼ਾਈਨ ਅਤੇ ਆਪਣੇ ਕਲਾਸਿਕ ਵਿੰਟੇਜ ਸਟਾਈਲ ਕਰਕੇ ਉਪਭੋਗਤਾ ਰਾਇਲ ਐਨਫ਼ੀਲਡ ਮੋਟਰਸਾਈਕਲਾਂ ਨੂੰ ਪਸੰਦ ਕਰਦੇ ਹਨ।”

Share:

Leave a Reply

Your email address will not be published. Required fields are marked *