- ਕਿਹਾ! ਯਾਦਗਾਰ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਸੁਹਿਰਦ ਯਤਨ ਕੀਤੇ ਜਾਣਗੇ
- ਲੋੜੀਂਦੇ ਫੰਡਾਂ ਲਈ ਵੀ ਸਰਕਾਰ ਨੂੰ ਭੇਜਿਆ ਪ੍ਰਸਤਾਵ
DMT : ਲੁਧਿਆਣਾ : (06 ਮਾਰਚ 2023) : – ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਹਾਰਾਜਾ ਦਲੀਪ ਸਿੰਘ ਯਾਦਗਾਰ, ਜਿਸ ਨੂੰ ਆਮ ਤੌਰ ‘ਤੇ ਬੱਸੀਆਂ ਕੋਠੀ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਸੁਹਿਰਦ ਯਤਨ ਕੀਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਦੇ ਨਾਲ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਬੱਸੀਆਂ ਕੋਠੀ ਸਿੱਖ ਵਿਰਸੇ ਦੀ 200 ਸਾਲ ਤੋਂ ਵੱਧ ਪੁਰਾਣੀ ਯਾਦਗਾਰ ਹੈ, ਜਿਸ ਨੂੰ ਆਖਰੀ ਸਿੱਖ ਮਹਾਰਾਜਾ ਸਵਰਗੀ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ ਯਾਦਗਾਰ ਵਜੋਂ ਵਿਕਸਤ ਕੀਤਾ ਗਿਆ ਸੀ। ਇਹ ਬੱਸੀਆਂ ਕੋਠੀ ਵਿਖੇ ਸੀ ਜਿੱਥੇ ਮਹਾਰਾਜਾ ਦਲੀਪ ਸਿੰਘ ਨੂੰ 1849 ਵਿਚ ਆਪਣੀ ਜਲਾਵਤਨੀ ਤੋਂ ਪਹਿਲਾਂ ਅੰਗਰੇਜ਼ਾਂ ਦੁਆਰਾ ਗ੍ਰਿਫਤਾਰ ਕਰਕੇ ਕੈਦ ਵਿਚ ਰੱਖਿਆ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੰਡਾਂ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ ਤਾਂ ਜੋ ਲੋੜੀਂਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਯਾਦਗਾਰ ਦੇ ਰੱਖ-ਰਖਾਅ ਅਤੇ ਹੋਰ ਕੰਮਾਂ ਲਈ ਸੀ.ਐਸ.ਆਰ. ਫੰਡਾਂ ਦੀ ਵਰਤੋਂ ਵੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਨੂੰ ਵੀ ਹਦਾਇਤ ਜਾਰੀ ਕੀਤੀ ਜਾਵੇਗੀ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਯਾਦਗਾਰ ਵੇਖਣ ਲਈ ਭੇਜਣ ਤਾਂ ਜੋ ਨੌਜਵਾਨ ਪੀੜ੍ਹੀ ਪੰਜਾਬ ਦੇ ਇਤਿਹਾਸ ਤੋਂ ਜਾਣੰ{ ਹੋ ਸਕੇ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਵਲੋਂ ਯਾਦਗਾਰ ਦਾ ਦੌਰਾ ਵੀ ਕੀਤਾ ਗਿਆ।