ਪਾਵਰਕੌਮ ਮੁਲਾਜ਼ਮਾਂ ਵੱਲੋਂ ਮੰਗਾਂ ਦੇ ਹੱਕ ਵਿੱਚ ਧਰਨਾ

Ludhiana Punjabi

DMT : ਲੁਧਿਆਣਾ : (06 ਅਪ੍ਰੈਲ 2023)(ਗਰੋਵਰ) : – ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ ਵੱਲੋਂ ਬਿਜਲੀ ਕਾਮਿਆਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਗ੍ਰਿਫ਼ਤਾਰ ਬਿਜਲੀ ਕਾਮਿਆਂ ਉੱਤੇ ਦਰਜ ਕੀਤੇ ਝੂਠੇ ਕੇਸ ਰੱਦ ਕਰਵਾਉਣ ਦੀ ਮੰਗ ਲਈ ਕੇਂਦਰੀ ਜ਼ੋਨ ਅੱਗੇ ਧਰਨਾ ਦੇ ਕੇ ਰੈਲੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੈਨੇਜਮੈਂਟ ਨੇ ਮੁਲਾਜ਼ਮ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ‌ 11 ਅਪਰੈਲ ਨੂੰ ਪਟਿਆਲਾ ’ਚ ਹੋ ਰਹੇ ਸੂਬਾ ਪੱਧਰੀ ਧਰਨੇ ਦੌਰਾਨ ਅਗਲੇ ਸੰਘਰਸ਼ ਦਾ ਐਲਾਨ ਹੋਵੇਗਾ।

ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਦਿੱਤੇ ਗਏ ਧਰਨੇ ਵਿੱਚ ਟੈਕਨੀਕਲ ਸਰਵਿਸ ਯੂਨੀਅਨ, ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ), ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੀਐੱਸਈਬੀ ਕਰਮਚਾਰੀ ਦਲ, ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ (ਭਾਰਦਵਾਜ) ਅਤੇ ਪੀਐੱਸਈਬੀ ਰਿਟਾਇਰਡ ਐਸੋਸੀਏਸ਼ਨ ਨੇ ਹਿੱਸਾ ਲਿਆ। ਇਸ ਮੌਕੇ ਬੁਲਾਰਿਆਂ ਨੇ ਪਾਵਰਕੌਮ ਮੈਨੇਜਮੈਂਟ ਵੱਲੋਂ ਕਾਮਿਆਂ ਦੀਆਂ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਅਤੇ ਧਾਰਨ ਕੀਤੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਆਗੂਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਜਮੈਂਟ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਦੀ ਥਾਂ ਮੁਲਾਜ਼ਮ ਵਿਰੋਧੀ ਸਰਕੁਲਰ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਆਰਏ 295/19 ਤਹਿਤ ਭਰਤੀ ਮੁਲਾਜ਼ਮਾਂ ਤੇ ਅਣਉਚਿਤ ਦੋਸ਼ ਲਗਾ ਕੇ ਸੈਂਕੜੇ ਮੁਲਾਜ਼ਮਾਂ ਵਿਰੁੱਧ ਪੁਲੀਸ ਕੇਸ ਦਰਜ ਕਰਵਾਏ ਜਾ ਰਹੇ ਹਨ ਅਤੇ ਬੇਵਜਾਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਐਡੀਸ਼ਨਲ ਐੱਸਡੀਓ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਮੰਗਾਂ ਸਬੰਧੀ ਵਿਸਥਾਰਤ ਵਿਚਾਰ ਪ੍ਰਗਟ ਕੀਤੇ।

ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖੰਨਾ, ਹਰਜੀਤ ਸਿੰਘ ਸਾਬਕਾ ਮੀਤ ਪ੍ਰਧਾਨ, ਰਾਜਿੰਦਰ ਸਿੰਘ ਪ੍ਰਧਾਨ ਕੇਂਦਰੀ ਜੋਨ ਲੁਧਿਆਣਾ, ਟੁੱਕ ਬਹਾਦਰ ਪ੍ਰਧਾਨ ਵੈਸਟ ਸਰਕਲ, ਸੁਖਜਿੰਦਰ ਸਿੰਘ ਖੰਗੂੜਾ ਮੀਤ ਪ੍ਰਧਾਨ ਕੇਂਦਰੀ ਜੋਨ, ਜਤਿੰਦਰ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ, ਸੁਖਜਿੰਦਰ ਸਿੰਘ ਅਗਰ ਨਗਰ, ਗੁਰਦਾਸ ਸਿੰਘ, ਚੰਦਰ ਸ਼ੇਖਰ, ਕਿਸ਼ਨ ਪਾਲ ਅਤੇ ਮਨੋਜ ਕੁਮਾਰ ਆਦਿ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *