- ਗੱਤਕਾ ਖਿਡਾਰੀਆਂ ਦੇ ਜੰਗਜੂ ਜ਼ੋਹਰ ਦੇਖ ਕੇ ਮਹਿਮਾਨ ਸ਼ਖਸ਼ੀਅਤਾਂ ਅਸ਼ -ਅਸ਼ ਕਰ ਉੱਠੀਆਂ
DMT : ਲੁਧਿਆਣਾ : (07 ਮਾਰਚ 2023) : – ਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋਂ ਖਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਨੂੰ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਮਨਾਉਦਿਆ ਹੋਇਆ ਅੱਜ ਗੂਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਵਿਖੇ ਬੜੇ ਉਤਸ਼ਾਹ ਦੇ ਨਾਲ ਗੱਤਕਾ ਸ਼ੋਅ ਆਯੋਜਿਤ ਕੀਤਾ ਗਿਆ। ਜਿਸ ਅੰਦਰ ਵਿਸ਼ੇਸ਼ ਤੌਰ ਆਪਣੀ ਸ਼ਸ਼ਤਰ ਕਲਾ ਦੇ ਜ਼ੋਹਰ ਦਿਖਾਉਣ ਲਈ ਪੁੱਜੀ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਆਖੜਾ ਲੁਧਿਆਣਾ ਦੀ ਟੀਮ ਦੇ ਜ਼ਬਾਂਜ ਖਿਡਾਰੀਆਂ ਨੇ ਆਪਣੀ ਸ਼ਸ਼ਤਰ ਕਲਾ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ।।ਜਿਸ ਨੂੰ ਦੇਖ ਕੇ ਗੱਤਕਾ ਸ਼ੋਅ ਅੰਦਰ ਇੱਕਤਰ ਹੋਈਆਂ ਮਹਿਮਾਨ ਸ਼ਖਸ਼ੀਅਤਾਂ ਕਾਲਜ ਦੇ ਸਟਾਫ ਮੈਬਰ ਅਤੇ ਵਿਦਿਆਰਥਣਾਂ ਅਸ਼-ਅਸ਼ ਕਰ ਉੱਠੀਆਂ। ਇਸ ਦੌਰਾਨ ਹੋਲਾ ਮਹੱਲਾ ਨੂੰ ਸਮਰਪਿਤ ਕਰਵਾਏ ਗਏ ਗੱਤਕਾ ਸ਼ੋਅ ਅੰਦਰ ਆਪਣੇ ਸ਼ਸ਼ਤਰ ਕਲਾ ਦੇ ਜੋਹਰ ਦਿਖਾਉਣ ਲਈ ਪੁੱਜੇ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਆਖੜਾ ਲੁਧਿਆਣਾ ਦੇ ਪ੍ਰਮੁੱਖ ਗੱਤਕਾ ਕੋਚ ਭਾਈ ਸੁਖਦੀਪ ਸਿੰਘ ਅਤੇ ਬੀਬੀ ਇੰਦਰਪ੍ਰੀਤ ਕੌਰ ਗੱਤਕਾ ਕੋਚ ਸਮੇਤ ਸਮੂਹ ਗੱਤਕਾ ਖਿਡਾਰੀਆਂ ਦੀ ਵਿਸ਼ੇਸ਼ ਤੌਰ ਤੇ ਹੌਸਲਾ ਅਫਜਾਈ ਕਰਨ ਲਈ ਪੁੱਜੇ ਉੱਘੇ ਗੱਤਕਾ ਪ੍ਰਮੋਟਰ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਸ.ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਵਿਰਾਸਤੀ ਖੇਡ ਗੱਤਕਾ ਨੂੰ ਹੋਰ ਮਾਣ ਸਤਿਕਾਰ ਦਿਵਾਉਣ ਹਿੱਤ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤੀ ਖੇਡ ਨਾਲ ਜੋੜਿਆ ਜਾ ਸਕੇ।ਉਨ੍ਹਾਂ ਨੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਸਮੇਤ ਕਾਲਜ ਦੇ ਸੈਕਟਰੀ ਸ.ਗੁਰਵਿੰਦਰ ਸਿੰਘ ਸਰਨਾ, ਪ੍ਰਿੰਸੀਪਲ ਸ਼੍ਰੀਮਤੀ ਡਾ.ਮਨੀਤਾ ਕਾਹਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਾਦਗਾਰੀ ਪ੍ਰੋਗਰਾਮ ਆਯੋਜਿਤ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਅੰਦਰ ਦ੍ਰਿੜ ਵਿਸ਼ਵਾਸ, ਪ੍ਰਭੂ ਭਗਤੀ ਤੇ ਸੂਰਬੀਰਤਾ ਦੀ ਭਾਵਨਾ ਪੈਦਾ ਕਰਨਾ ਹੈ।ਇਸ ਮੌਕੇ ਸ.ਰਣਜੀਤ ਸਿੰਘ ਖਾਲਸਾ ਤੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਡਾ ਮਨੀਤਾ ਕੌਰ ਕਾਹਲੋਂ ਨੇ ਸਾਂਝੇ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਆਖੜਾ ਦੇ ਖਿਡਾਰੀਆਂ ਨੂੰ ਹੋਲਾ ਮਹੱਲਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ।ਇਸ ਮੌਕੇ ਉਨ੍ਹਾਂ ਦੇ ਨਾਲ ਕਾਲਜ ਦੀ ਪ੍ਰੋ.ਡਾ ਪੁਨਪ੍ਰੀਤ ਕੌਰ, ਸ਼੍ਰੀਮਤੀ ਰਾਜਵੀਰ ਕੌਰ ਤੇ ਪੰਜਾਬੀ ਵਿਰਸਾ ਫਾਊਡੇਸ਼ਨ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।